22 ਜੁਲਾਈ ਜਨਮ ਦਿਨ ਤੇ ਵਿਸ਼ੇਸ਼, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਚਨਾਕਾਰ-ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਯਾਦ ਕਰਦਿਆਂ

ਸਮੁੱਚੇ ਸੰਸਾਰ ਵਿੱਚ ਸਥਾਪਤ ਗੁਰਦੁਆਰਾ ਸਾਹਿਬਾਨ ਵਿੱਚ ਸਿੱਖ ਇਤਿਹਾਸ ਦੀ ਕਥਾ ਰੋਜ਼ਾਨਾ ਕੀਤੀ ਜਾਂਦੀ ਹੈ । ਇਸ ਕਥਾ ਨੂੰ ਸੈਂਕੜੇ ਸਾਲਾਂ ਤੋਂ ਸਿੱਖ ਸੰਗਤ ਬੜੀ ਸ਼ਰਧਾ ਤੇ ਪ੍ਰੇਮ ਨਾਲ ਸਰਵਣ ਕਰਦੀ ਹੈ । ਇਸ ਗ੍ਰੰਥ ਦੇ ਰਚਨਹਾਰ ਮਹਾਂਕਵੀ ਭਾਈ ਸੰਤੋਖ ਸਿੰਘ ਵੱਲੋਂ ਅਨੇਕਾਂ ਹੋਰ ਗ੍ਰੰਥਾਂ ਵਿੱਚੋਂ ਹਵਾਲਿਆਂ ਸਹਿਤ ਆਪਣੇ ਵਿਚਾਰਾਂ ਨੂੰ ਵਿਸਥਾਰ ਦਿੱਤਾ ਹੈ । ਸਿੱਖ ਸੰਪਰਦਾਈ ਵਿਦਵਾਨ ਅਤੇ ਧਰਮ ਅਧਿਐਨ ਦੇ ਵਿੱਦਿਆਰਥੀ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਸਿੱਖ ਪੰਥ ਦੀ ਮਹਾਨ ਹਸਤੀ ਅਤੇ ਦੂਰਦਰਸ਼ੀ ਵਿਦਵਾਨ ਵਜੋਂ ਸਤਿਕਾਰ ਦਿੰਦੇ ਹਨ । ਇਨ੍ਹਾਂ ਦੇ ਪਿਤਾ ਜੀ ਭਾਈ ਦੇਵਾ ਸਿੰਘ ਨਿਰਮਲ ਸੰਪਰਦਾ ਦੇ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸਨ । ਨਿਰਮਲੇ ਸੰਤਾਂ ਵਿੱਚ ਭਾਈ ਦੇਵਾ ਸਿੰਘ ਨੂੰ ਆਤਮ-ਰਸੀ ਮਹਾਂਪੁਰਸ਼ ਵਜੋਂ ਮਾਣ ਦਿੱਤਾ ਜਾਂਦਾ ਸੀ । ਭਾਈ ਸੰਤੋਖ ਸਿੰਘ ਦਾ ਜਨਮ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੂਰ ਦੀਨ ਦੀ ਸਰਾਂ (ਮੌਜੂਦਾ ਜ਼ਿਲ੍ਹਾ ਤਰਨਤਾਰਨ) ਵਿਖੇ 22 ਜੁਲਾਈ ਅਰਥਾਤ 7 ਸਾਵਣ ਨੂੰ 1787 ਈ: ਵਿੱਚ ਭਾਈ ਦੇਵਾ ਸਿੰਘ ਤੇ ਮਾਤਾ ਰਾਜ ਦੇਈ ਦੇ ਗ੍ਰਹਿ ਵਿਖੇ ਹੋਇਆ । ਧਾਰਮਿਕ ਸੰਸਕਾਰ ਤੇ ਵਿੱਦਿਆ ਭਾਈ ਸੰਤੋਖ ਸਿੰਘ ਨੂੰ ਵਿਰਾਸਤ ਵਿੱਚੋਂ ਹੀ ਮਿਲ ਗਈ ਸੀ । ਘਰ ਦਾ ਰਹਿਣ-ਸਹਿਣ ਤੇ ਸੰਸਕਾਰੀ ਜੀਵਨ ਵਿੱਚੋਂ ਸਿੱਖ ਇਤਿਹਾਸ ਨੂੰ ਜਾਨਣਾ, ਵਿਚਾਰਨਾਂ ਤੇ ਵਰੇਡਿਆਂ ਦੀ ਸੰਗਤ ਤੇ ਤੀਖਣ ਬੁੱਧੀ ਵਿੱਚ ਕਵਿਤਾ ਵਰਗੀ ਕੋਮਲ ਕਲਾ ਦਾ ਵਿਕਾਸ ਹੋਇਆ । ਪੰਜਾਬ ਵਿੱਚ ਮਿਸਲਾਂ ਦਾ ਬੋਲਬਾਲਾ ਸੀ, ਹਰ ਮਿਸਲ ਦਾ ਸਰਦਾਰ ਆਪਣੀ ਮਿਸਲ ਦੇ ਵਾਧੇ ਲਈ ਜ਼ੋਰ-ਅਜ਼ਮਾਈ ਕਰਦਾ ਸੀ । ਪਿਤਾ ਜੀ ਭਾਈ ਦੇਵਾ ਸਿੰਘ ਦੀ ਨਿਗਰਾਨੀ ਵਿੱਚ ਬਚਪਨ ਤੋਂ ਜਵਾਨੀ ਦਾ ਸਫ਼ਰ ਤਹਿ ਕੀਤਾ ।
ਜਦੋਂ ਭਾਈ ਸਾਹਿਬ ਨੇ ਕਾਵਿ-ਰਚਨਾ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਇਕ ਪੁਰਾਤਨ ਗ੍ਰੰਥ ਅਮਰ ਕੋਸ਼ ਦਾ ਅਨੁਵਾਦ ਨਾਮ ਕੋਸ਼ ਦੇ ਰੂਪ ਵਿੱਚ ਕਰਕੇ ਆਪਣੇ ਗਿਆਨ-ਭੰਡਾਰ ਵਿੱਚ ਵਾਧਾ ਕੀਤਾ । ਇਸ ਤੋਂ ਪਿੱਛੋਂ ਇਕ ਮਹਾਨ ਰਚਨਾ ਜੋ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੀ, ਜੋ ਗੁਰੂ ਨਾਨਕ ਪ੍ਰਕਾਸ਼ ਦੇ ਨਾਂਅ ਨਾਲ ਜਾਣੀ ਜਾਂਦੀ ਹੈ, ਦੀ ਰਚਨਾ ਕੀਤੀ । 
ਲਗਪਗ 36 ਸਾਲ ਦੀ ਆਯੂ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜਗਾਧਰੀ ਨੇੜੇ ਬੂੜੀਆਂ ਰਿਆਸਤ ਵਿਖੇ ਚਲੇ ਗਏ । ਇਸ ਰਿਆਸਤ ਦੇ ਨਿਵਾਸ ਦੌਰਾਨ ਇਨ੍ਹਾਂ ਦੀ ਸ਼ਾਦੀ ਬੀਬੀ ਰਾਮ ਕੌਰ ਨਾਲ ਹੋਈ । ਇਥੇ ਰਹਿੰਦਿਆਂ ਹੀ ਤਿੰਨ-ਚਾਰ ਸਾਲਾਂ ਵਿੱਚ ਹੀ ਇਨ੍ਹਾਂ ਦੀ ਵਿਦਵਤਾ ਦੀ ਚਰਚਾ ਸਮੁੱਚੀਆਂ ਸੰਪਰਦਾਵਾਂ ਤੇ ਸਿੱਖ ਜਗਤ ਵਿੱਚ ਹੋਣ ਲੱਗੀ । ਇਨ੍ਹਾਂ ਦੇ ਪ੍ਰਮੁੱਖ ਵਿਦਵਾਨ ਕਵੀ ਵਜੋਂ ਮਾਣ-ਵੱਡਿਆਈ ਦਾ ਇਹ ਸਿਖਰ ਸੀ । ਪੰਜਾਬ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਖ਼ਾਲਸਾ ਸਰਕਾਰ ਹਕੂਮਤ ਕਰ ਰਹੀ ਸੀ । 1827 ਈ: ਵਿੱਚ ਕੈਥਲ ਰਿਆਸਤ ਨੇ ਭਾਈ ਸੰਤੋਖ ਸਿੰਘ ਮਹਾਂਕਵੀ ਨੂੰ ਆਪਣੇ ਰਾਜ ਦਾ ਰਾਜ ਕਵੀ ਬਣਾ ਲਿਆ । ਇਸੇ ਕਾਲ ਦੇ ਦੌਰਾਨ ਆਪ ਨੇ ਸਭ ਤੋਂ ਪਹਿਲਾਂ ਗਰਬ ਗੰਜਨੀ ਟੀਕਾ ਅਤੇ ਫਿਰ ਬਾਲਮੀਕੀ ਰਮਾਇਣ ਭਾਸ਼ਾ ਅਤੇ ਆਤਮ ਪੁਰਾਣ ਦੀ ਰਚਨਾ ਕੀਤੀ । 
ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਨ ਲਈ ਸੱਤ ਸਾਲ ਦਾ ਸਮਾਂ ਲੱਗਾ । ਇਹ ਮਹਾਨ ਗ੍ਰੰਥ 1843 ਈ: ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ 4 ਸਾਲ ਬਾਅਦ ਮੁਕੰਮਲ ਹੋਇਆ । ਮਹਾਂਕਵੀ ਭਾਈ ਸੰਤੋਖ ਸਿੰਘ ਨੇ ਭਾਰਤੀ ਦਰਸ਼ਨ ਸ਼ਾਸਤਰ, ਕਾਵਿ-ਸ਼ਾਸਤਰ ਤੇ ਧਰਮ ਸਾਧਨਾ ਦਾ ਅਧਿਐਨ ਇਕ ਨਿਸ਼ਠਾਵਾਨ ਵਿਦਵਾਨ ਵਜੋਂ ਕੀਤਾ । ਜਦੋਂ ਅਜੋਕੇ ਸਮੇਂ ਵਿੱਚ ਅਸੀਂ ਭਾਰਤੀ ਪੁਰਾਤਨ ਧਾਰਮਿਕ ਵਿੱਦਿਆ ਦੀ ਕੋਈ ਉਦਾਹਰਣ ਦਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਮਹਾਂਕਵੀ ਭਾਈ ਸੰਤੋਖ ਸਿੰਘ ਦਾ ਜ਼ਿਕਰ ਮਿਲਦਾ ਹੈ, ਜਿਸ ਨੇ ਭਾਰਤੀ ਸੰਸਕ੍ਰਿਤੀ ਅਤੇ ਧਰਮ-ਅਧਿਐਨ ਵਿੱਚ ਨਿਪੁੰਨਤਾ ਹਾਸਲ ਕੀਤੀ । ਇਸ ਤੋਂ ਇਲਾਵਾ ਸ਼ਸਤਰ ਅਤੇ ਯੁੱਧ ਕਲਾ ਦੀ ਵਿੱਦਿਆ ਵਿੱਚ ਵੀ ਭਾਈ ਸਾਹਿਬ ਨੂੰ ਸਤਿਕਾਰ ਵਜੋਂ ਯਾਦ ਕੀਤਾ ਜਾਂਦਾ ਹੈ । ਬਹੁ-ਭਾਸ਼ਾਵਾਂ ਦੇ ਗਿਆਤਾ ਵਜੋਂ ਅਜੋਕੇ ਵਿਦਵਾਨ ਆਪ ਜੀ ਨੂੰ ਕਦਰਦਾਨ ਵਾਲੀ ਨਜ਼ਰ ਨਾਲ ਵੇਖਦੇ ਹਨ । ਕਵਿਤਾ ਵਰਗੀ ਕੋਮਲ ਕਲਾ ਦਾ ਆਵੇਸ਼ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਆਪ-ਮੁਹਾਰੇ ਰੱਬੀ ਬਖ਼ਸ਼ਿਸ਼ ਨਾਲ ਹੁੰਦਾ ਸੀ । ਇੰਨੇ ਵੱਡੇ ਵਿਦਵਾਨ ਤੇ ਗਿਆਨਵਾਨ ਹੋਣ ਦੇ ਨਾਤੇ ਅਹੰਕਾਰ ਵਰਗਾ ਵੱਡਾ ਔਗੁਣ ਆਪ ਤੋਂ ਕੋਹਾਂ ਦੂਰ ਰਹਿੰਦਾ ਸੀ । ਆਪ ਨਿਮਰਤਾ, ਕੋਮਲਤਾ, ਨਿਰਮਾਣਤਾ ਅਤੇ ਉਦਾਰ ਚਿੱਤ ਸੁਭਾਅ ਦੇ ਮਾਲਕ, ਪੂਰਨ ਗੁਰਮੁੱਖ ਸਨ । ਤਿਆਗ ਤੇ ਵੈਰਾਗ ਆਪ ਦੇ ਜੀਵਨ ਦੇ ਵੱਡੇ ਗੁਣ ਸਨ ।
ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮਹਾਨ ਰਚਨਾ ਤੋਂ ਪਿੱਛੋਂ ਆਪ ਤਿੰਨ ਕੁ ਮਹੀਨੇ ਹੀ ਸਰੀਰ ਕਰਕੇ ਇਸ ਨਾਸ਼ਵਾਨ ਸੰਸਾਰ ਵਿੱਚ ਰਹੇ । 56-57 ਸਾਲ ਦੀ ਅਰਜਾ ਭੋਗ ਕੇ ਆਪ ਆਪਣੇ ਲੱਖਾਂ ਸਨੇਹੀਆਂ ਨੂੰ ਅਛੋਪਲੇ ਜਿਹੇ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਸਮੁੱਚੇ ਸਿੱਖ ਜਗਤ ਵਿੱਚ ਆਪ ਜੀ ਦੀ ਯਾਦ ਸਦੀਵੀ ਬਣੀ ਰਹੇਗੀ ।
-ਭਗਵਾਨ ਸਿੰਘ ਜੌਹਲ