ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ, ਜਿਹੜੀ ਕੌਮ ਦੇ ਸੂਰਬੀਰ ਸਿਧਾਂਤਾਂ ਲਈ ਮਰ ਮਿਟਣ ਦਾ ਤਹੱਈਆ ਕਰ ਲੈਣ, ਉਹ ਕੌਮਾਂ ਖ਼ਤਮ ਨਹੀਂ ਹੁੰਦੀਆਂ

ਭਾਈ ਮਨੀ ਸਿੰਘ ਜੀ ਬੜੇ ਹੀ ਮਾਨਯੋਗ, ਸੰਤ ਲੋਕ, ਪੂਰਨ ਬੁੱਧੀ ਵਾਲ਼ੇ, ਸਤ ਪ੍ਰਤੱਗੀ ਅਤੇ ਸ਼ਬਦ ਸੁਰਤ ਦੇ ਅਭਿਆਸੀ ਪੂਰਨ ਗੁਰਸਿੱਖ ਸਨ। ਜਿੱਥੇ ਆਪ ਜੀ ਤਪੱਸਵੀ, ਸ਼ਾਂਤ ਚਿੱਤ, ਦੂਸਰੇ ਦੀ ਵਧੀਕੀ ਨੂੰ ਨਾ ਸਹਾਰਨ ਵਾਲ਼ੇ ਸੂਰਮੇ ਅਤੇ ਕਿਸੇ ਦਾ ਭੈਅ ਨਾ ਮੰਨਣ ਵਾਲ਼ੇ ਨਿਰਭੈ ਸਿੱਖ ਸਨ, ਓਥੇ ਆਪਣੇ ਕਰਮ-ਧਰਮ ਵਿੱਚ ਪੂਰੇ ਭਗਤ, ਗਿਆਨਵਾਨ, ਆਪਣੀ ਬੁੱਧ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਢਾਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਚਿਰ ਰਹੇ।
ਮਨੀ ਸਿੰਘ ਥੇ ਸੰਤ ਸੁਜਾਨ, ਜਤੀ ਸਤੀ ਔ ਧਯਾਨੀ ਮਾਨ,
ਹਠੀ ਤਪੀ ਔ ਮਤ ਕੋ ਪੂਰੋ, ਸਹਿਨਸ਼ੀਲ ਔ ਦਿਲ ਕੋ ਸੂਰੋ।
ਕਰਮੀ ਧਰਮੀ ਭਗਤਿ ਗਿਆਨੀ, ਸਤਿਗੁਰ ਬਚਨਨ ਪਰ ਮਤ ਠਾਨੀ,
ਹੁਤ ਸਤਿਗੁਰ ਸੋ ਰਹਿਤ ਹਜੂਰ, ਤਿਸ ਪਰ ਭਯੋ ਸੁ ਗੁਰਮਤ ਪੂਰ।
(ਪ੍ਰਾਚੀਨ ਪੰਥ ਪ੍ਰਕਾਸ਼ (ਸਟੀਕ) ਭਾਗ ਦੂਜਾ ਪੰਨਾ 58)
ਸੇਵਾ ਸਿੰਘ ਜੀ ਦਾ ਭੱਟ ਵਹੀਆਂ ਦੇ ਆਧਾਰ &rsquoਤੇ ਲਿਖਿਆ ਸ਼ਹੀਦ ਬਿਲਾਸ ਅਤੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਰਜਾ ਸਿੰਘ ਜੀ ਅਨੁਸਾਰ &ldquoਭਾਈ ਮਨੀ ਦਾ ਜਨਮ ਭਾਈ ਮਾਈ ਦਾਸ ਦੇ ਘਰ 7 ਅਪੈ੍ਰਲ 1644 ਨੂੰ ਮਾਤਾ 'ਮਧਰੀ ਬਾਈ' ਦੀ ਕੁਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ (ਪੱਛਮੀ ਪਾਕਿਸਤਾਨ) ਵਿੱਚ ਹੋਇਆ। ਭਾਈ ਮਾਈ ਦਾਸ ਜੀ ਪਹਿਲਾਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ। ਆਪ ਜੀ ਦੇ ਦਾਦਾ ਜੀ &lsquoਭਾਈ ਬੱਲੂ&rsquo ਬੜੇ ਬਹਾਦਰ ਸਨ ਅਤੇ ਛੇਵੇਂ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਮੁਗ਼ਲਾਂ ਨਾਲ ਲੜਦੇ ਹੋਏ ਅਪ੍ਰੈਲ 1734 ਈ: ਨੂੰ ਸ਼ਹੀਦ ਹੋਏ ਸਨ।
ਭਾਈ ਮਨੀ ਸਿੰਘ ਜੋ 12 ਸਕੇ ਭਰਾ ਸਨ। ਸਿਵਾਇ ਇੱਕ ਭਰਾ ਭਾਈ ਅਮਰ ਚੰਦ ਤੋਂ ਬਾਕੀ ਸਾਰਿਆਂ ਭਰਾਵਾਂ ਨੇ ਗੁਰਸਿੱਖੀ ਨੂੰ ਰਹਿੰਦੀ ਦੁਨੀਆਂ ਤਕ ਸੁਰਜੀਤ ਰੱਖਣ ਲਈ ਸ਼ਹੀਦੀਆਂ ਪਾਈਆਂ। ਇਤਿਹਾਸ ਵਿੱਚ ਇਹਨਾਂ ਦੇ ਨਾਂ ਅਤੇ ਸ਼ਹੀਦੀ ਅਸਥਾਨ ਹਨ (2) ਭਾਈ ਹਰੀ ਚੰਦ (ਭੰਗਾਣੀ ਦਾ ਯੁੱਧ) (3) ਭਾਈ ਸੋਹਣ ਚੰਦ (ਨੰਦੌਣ ਦੀ ਜੰਗ ਵਿੱਚ) (4) ਭਾਨ ਸਿੰਘ (ਚਮਕੌਰ) (5) ਭਾਈ ਲਹਿਣਾ ਸਿੰਘ (ਗੁਲੇਰ ਵਿਖੇ) (6) ਭਾਈ ਰਾਇ ਸਿੰਘ (ਮੁਕਤਸਰ) (7, 8) ਭਾਈ ਜੇਠਾ ਸਿੰਘ ਤੇ ਰੂਪ ਸਿੰਘ (ਆਲੋਆਲ) (9) ਭਾਈ ਮਾਨ ਸਿੰਘ ਗੰਭੀਰ (ਚਿਤੌੜ) (10) ਭਾਈ ਜਗਤ ਸਿੰਘ। ਇੱਥੇ ਸਾਰਿਆਂ ਭਰਾਵਾਂ ਦੀਆਂ ਸ਼ਹੀਦੀਆਂ ਦੇਣ ਲਈ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ। ਗੁਰੂ ਤੇਗ ਬਹਾਦਰ ਜੀ ਨਾਲ ਦੇਗ ਵਿੱਚ ਉਬਾਲ ਕੇ ਸ਼ਹੀਦ ਹੋਣ ਵਾਲ਼ੇ (ਭਾਈ ਦਿਆਲਾ ਜੀ) ਵੀ ਮਨੀ ਸਿੰਘ ਜੀ ਦੇ ਸਕੇ ਭਰਾ ਸਨ। 
ਭਾਈ ਮਨੀ ਸਿੰਘ ਜੀ ਦਾ ਵਿਆਹ 'ਭਾਈ ਲੱਖੀ ਰਾਇ' ਦੀ ਸਪੱੁਤਰੀ ਬੀਬੀ ਸੀਤੋ ਨਾਲ ਹੋਇਆ। ਭਾਈ ਲੱਖੀ ਰਾਇ ਸਿੱਖ ਇਤਿਹਾਸ ਵਿੱਚ ਲੱਖੀ ਸ਼ਾਹ ਵਣਜਾਰੇ ਨਾਲ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ। ਲੱਖੀ ਸ਼ਾਹ ਵਣਜਾਰੇ ਨੇ ਹੀ ਨੌਵੇਂ ਗੁਰੂ ਤੇਗ਼ ਬਹਾਦਰ ਦੀ ਦਿੱਲੀ ਸ਼ਹੀਦੀ ਸਮੇਂ ਉਹਨਾਂ ਦੇ ਧੜ ਦਾ ਸੰਸਕਾਰ ਆਪਣੇ ਘਰ ਲਿਜਾ ਕੇ ਸਾਰੇ ਘਰ ਨੂੰ ਅੱਗ ਲਾ ਕੇ ਕੀਤਾ ਸੀ। ਜਿੱਥੇ ਹੁਣ ਗੁਰਦੁਆਰਾ 'ਰਕਾਬ ਗੰਜ' ਸੁਸ਼ੋਭਿਤ ਹੈ। ਭਾਈ ਮਨੀ ਸਿੰਘ ਜੀ ਦੇ ਦਸ ਪੁੱਤਰ ਸਨ। (1) ਭਾਈ ਬਚਿੱਤਰ ਸਿੰਘ (2) ਭਾਈ ਉਦੈ ਸਿੰਘ (3) ਚਿੱਤਰ ਸਿੰਘ (4) ਅਨਿਕ ਸਿੰਘ (5) ਅਜਬ ਸਿੰਘ (6) ਅਜਾਇਬ ਸਿੰਘ (7) ਗੁਰਬਖ਼ਸ਼ ਸਿੰਘ (8) ਭਗਵਾਨ ਸਿੰਘ (9) ਬਲਰਾਮ ਸਿੰਘ ਅਤੇ (10)ਵਾਂ ਸੀ ਦੇਸਾ ਸਿੰਘ ਰਹਿਤਨਾਮੀਆਂ। 
ਭਾਈ ਬਚਿੱਤਰ ਸਿੰਘ ਓਹੀ ਹਨ, ਜਿਨ੍ਹਾਂ ਨੇ ਨਾਗਨੀ ਬਰਸ਼ਾ ਮਾਰ ਕੇ ਦੁਸ਼ਮਣ ਦੇ ਸ਼ਰਾਬੀ ਹਾਥੀ ਨੂੰ ਮਾਰ ਭਜਾਇਆ ਸੀ ਅਤੇ ਇਹ ਓਹੀ ਉਦੈ ਸਿੰਘ ਹਨ, ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਉਤਾਰਿਆ ਸੀ। ਇਹ ਦੋਵੇਂ ਭਾਈ ਮਨੀ ਸਿੰਘ ਦੇ ਹੀ ਬੇਟੇ ਸਨ। ਭਾਈ ਉਦੈ ਸਿੰਘ ਜੀ ਸਰਸਾ ਦੇ ਕੰਢੇ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਬੜੀ ਸੂਰਮਗਤੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਤੇ ਇਹਨਾਂ ਦੇ ਤਿੰਨ ਭਰਾ, ਅਜਬ ਸਿੰਘ, ਅਜਾਇਬ ਸਿੰਘ ਅਤੇ ਅਨਿਕ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦੀਆਂ ਪਾਈਆਂ।
ਦਸੰਬਰ 1704 ਨੂੰ ਸਰਸਾ ਦੇ ਕੰਢੇ ਜਦੋਂ ਕਾਲ਼ੀ ਬੋਲੀ ਰਾਤ ਅਤੇ ਘਮਸਾਨ ਦੇ ਬੁੱਧ ਦੌਰਾਨ ਗੁਰੂ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਕਈ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਦਿੱਲੀ ਪਹੁੰਚਣ ਵਿੱਚ ਸਫ਼ਲ ਹੋ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੇ ਯੁੱਧ ਤੋਂ ਬਾਅਦ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਲਿਖ ਕੇ ਅਤੇ ਮੁਕਤਸਰ ਦੀ ਫ਼ਤਹਿ ਤੋਂ ਬਾਅਦ ਜਦੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਸਨ, ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਕੇ ਮਹਿਲਾਂ ਨੂੰ ਨਾਲ ਲੈ ਕੇ ਅਤੇ ਸੰਗਤਾਂ ਸਮੇਤ ਕਲਗ਼ੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਨ ਤੇ ਬਾਅਦ ਵਿੱਚ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਗੁਰੂ ਗੰ੍ਰਥ ਸਾਹਿਬ ਦੀ ਬਾਣੀ, ਆਪਣੀ ਪਵਿੱਤਰ ਰਸਨਾ ਤੋਂ ਜ਼ੁਬਾਨੀ ਉਚਾਰ ਕੇ ਭਾਈ ਮਨੀ ਸਿੰਘ ਕੋਲੋਂ ਲਿਖਵਾਈ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾ ਕੇ ਬੀੜ ਨੂੰ ਸੰਪੂਰਨਤਾ ਬਖ਼ਸ਼ੀ। ਇਸ ਨੂੰ &lsquoਦਮਦਮੀ ਬੀੜ&rsquo ਵੀ ਕਿਹਾ ਜਾਂਦਾ ਹੈ। ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਇਸ ਦਮਦਮੀ ਬੀੜ ਨੂੰ ਗੁਰੂ ਜੀ ਨੇ 1708 ਈਸਵੀ ਨੂੰ ਨੰਦੇੜ ਵਿਖੇ ਗੁਰਤਾ ਬਖ਼ਸ਼ ਕੇ ਗੁਰ-ਗੱਦੀ ਪ੍ਰਦਾਨ ਕੀਤੀ। 
ਦਮਦਮਾ ਸਾਹਿਬ ਤੋਂ ਗੁਰੂ ਜੀ ਦੱਖਣ ਨੂੰ ਚਲੇ ਗਏ ਅਤੇ ਮਾਤਾਵਾਂ ਸਮੇਤ ਫਿਰ ਦਿੱਲੀ ਆ ਗਏ। ਬਾਬਾ ਬੰਦਾ ਸਿੰਘ ਬਹਾਦਰ 9 ਜੂਨ 1716 ਈਸਵੀਂ ਫਰੁਖ਼ਸ਼ੀਅਰ ਦੇ ਹੁਕਮ ਨਾਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਬਾਬਾ ਬੰਦਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਆਗੂ ਰਹਿਤ ਹੋ ਗਈ, ਦੂਸਰਾ ਫਰੁਖ਼ਸ਼ੀਅਰ ਦਾ ਕੱਟੜਪੁਣਾ ਇੰਨਾ ਵਧ ਗਿਆ ਕਿ ਉਸ ਨੇ ਸਿੰਘਾਂ &rsquoਤੇ ਅਜ਼ਾਦੀ ਨਾਲ ਤੁਰਨ-ਫਿਰਨ &rsquoਤੇ ਵੀ ਪਬੰਦੀ ਲਗਾ ਦਿੱਤੀ, ਸਿੱਖਾਂ ਨੂੰ ਜਥੇਬੰਦ ਹੋਣਾ ਮੁਸ਼ਕਲ ਹੋ ਗਿਆ। ਫਰੁਖ਼ਸ਼ੀਅਰ ਨੇ ਸਿੱਖਾਂ ਦੇ ਕਤਲ-ਏ-ਆਮ ਦੇ ਫੁਰਮਾਨ ਜਾਰੀ ਕਰ ਦਿੱਤੇ। ਉਸ ਨੇ ਆਪਣੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਿੱਖਾਂ ਅਤੇ ਹਿੰਦੂਆਂ ਵਿੱਚ ਫ਼ਰਕ ਜਾਨਣ ਲਈ ਸਿਰ ਮੂੰਹ ਮਨਾਉਣ ਦਾ ਹੁਕਮ ਜਾਰੀ ਕੀਤਾ। ਹਿੰਦੂਆਂ ਨੇ ਤਾਂ ਆਪਣਾ ਮੂੰਹ ਸਿਰ ਘੋਨ-ਮੋਨ ਕਰ ਕੇ ਆਪਣਾ ਆਪ ਬਚਾ ਲਿਆ, ਪਰ ਸੀਸ ਭੇਟ ਕਰ ਕੇ ਸਜਿਆ ਸਾਬਤ ਸੂਰਤ ਖ਼ਾਲਸਾ ਆਪਣੇ ਗੁਰੂ ਦੀ ਮੋਹਰ ਨੂੰ ਇੰਨੀ ਸਸਤੀ ਕਿਵੇਂ ਵੇਚ ਸਕਦਾ ਸੀ। ਇਤਿਹਾਸਕਾਰਾਂ ਨੇ ਇਸ ਸਮੇਂ ਨੂੰ ਸਿੱਖਾਂ ਲਈ ਬਿਖੜਾ ਅਤੇ ਬਿਪਤਾ ਭਰਿਆ ਸਮਾਂ ਆਖਿਆ ਹੈ। ਗਸ਼ਤੀ ਫ਼ੌਜਾਂ ਸਿੰਘਾਂ ਦੇ ਸਿਰਾਂ ਦਾ ਮੁੱਲ ਵੱਟਣ ਲਈ ਹਰਲ-ਹਰਲ ਕਰਦੀਆਂ ਫਿਰਦੀਆਂ ਸਨ। ਸਿੰਘਾਂ ਦੇ ਟਿਕਾਣੇ ਅਤੇ ਛੁਪਣਗਾਹਾਂ ਸਾੜ ਦਿੱਤੀਆਂ, ਨਾ ਕੁਝ ਖਾਣ ਵਾਸਤੇ ਤੇ ਨਾ ਪਹਿਨਣ ਵਾਸਤੇ। ਬਸ ਓਹੀ ਪੁਰਾਣੇ ਘਸੇ ਹੋਏ, ਪਾਟੇ ਹੋਏ ਬਸਤਰ ਅਤੇ ਅੰਨ ਪਾਣੀ ਦੀ ਥਾਂ ਘਾਹ ਕੱਚਾ ਪੱਕਾ ਖਾ ਕੇ ਗੁਜ਼ਾਰਾ ਕਰਦੇ। 
ਸਿੰਘ ਕੜਾਕੇ ਸਯੋ ਰਹੈ, ਦੂਏ ਚੌਥੇ ਦਿਨ ਖਾਹਿ
ਬਿਨਾ ਲੂਣ ਭਾਜੀ ਲਭੈ, ਤੌ ਖਾਵੇਂ ਬਹੁਤ ਸਲਾਹਿ।8।
ਲੱਭੈ ਸਾਗ ਖਾਂਹਿ ਕੱਚਾ ਪੱਕਾ, ਬ੍ਰਿਛਨ ਫਲ ਫੁਲ ਔ ਸੱਕਾ ।9।
ਇਤਿਹਾਸਕਾਰ ਲਿਖਦੇ ਹਨ ਕਿ ਲਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਕੋਈ ਐਸਾ ਜ਼ੁਲਮ ਜਾਂ ਤਸੀਹਾ ਨਹੀਂ, ਜੋ ਸਿੱਖਾਂ ਨੂੰ ਨਾ ਦਿੱਤਾ ਹੋਵੇ। ਸਿੱਖ ਨੂੰ ਵੇਖਦੇ ਸਾਰ ਕਤਲ (ਸ਼ੂਟ ਐਟ ਸਾਈਟ) ਦਾ ਹੁਕਮ ਸੀ। ਭਾਈ ਮਨੀ ਸਿੰਘ ਜੀ ਦੇ ਸਮੇਂ ਜਿਸ ਤਰ੍ਹਾਂ ਦੇ ਤਸੀਹੇ ਸਿੱਖਾਂ ਨੂੰ ਦਿੱਤੇ ਜਾਂਦੇ ਸਨ, ਉਹਨਾਂ ਦਾ ਵਰਨਣ 'ਪ੍ਰਾਚੀਨ ਪੰਥ ਪ੍ਰਕਾਸ਼' ਵਿੱਚ ਇਸ ਤਰ੍ਹਾਂ ਦਰਜ ਹੈ।
'ਕਈ ਚਰਖ (ਚਰਖੜੀ) ਕਈ ਫਾਂਸੀ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੇ ਸਿਰ ਮੁੰਗਲੀਂ ਕੁਟੇ। ਕਈ ਡੋਬੇ ਕਈ ਘਸੀਟ ਸੁ ਸੁਟੇ।3।
ਦੱਬੇ, ਟੰਗੇ ਬੰਦੂਖਨ ਦਏ ਮਾਰ। ਕੌਨ ਗਨੇ ਜੇ ਮਾਰੇ ਹਜ਼ਾਰ।
ਪਾਂਤ ਪਾਂਤ ਕਈ ਪਕੜ ਬਹਾਏ, ਸਾਥ ਤੇਗਨ ਨੇ ਸੀਸ ਉਡਵਾਇ।4।
ਕਿਸੇ ਹੱਥ ਕਿਸੇ ਟੰਗ ਕਟਵਾਇ। ਅੱਖ ਕੱਢ ਕਿਸੇ ਖਲ ਕਢਵਾਇ।
ਕੇਸਨ ਵਾਲ਼ੇ ਜੋ ਨਰ ਹੋਈ। ਬਾਲ ਬਿਰਧ ਲੱਭ ਛੱਡੈ ਨਾ ਕੋਈ।5।
ਅਤੇ ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਪਨਾਹ ਦੇਣ ਵਾਲ਼ਿਆਂ ਵਾਸਤੇ ਵੀ ਬੜੇ ਸਖ਼ਤ ਫੁਰਮਾਨ ਜਾਰੀ ਕੀਤੇ:
"ਚੌ- ਜੋ ਸਿੰਘਨ ਕੋ ਕੋਊ ਲੂਕਾਵੇ। ਸੋ ਵਹਿ ਅਪਨੀ ਜਾਨ ਗੁਵਾਵੈ।
ਆਏ ਸਿੰਘ ਬਤਾਵੈ ਨਾਹੀ, ਵੈ ਭੀ ਆਪਨੀ ਜਿੰਦ ਗੁਵਾਹੀ॥3॥
ਅਤੇ ਜਿਹੜੇ ਸਿੰਘਾਂ ਨੂੰ ਫੜਾਵੇ ਉਸ ਨੂੰ ਇਨਾਮ ਅਤੇ ਸਿੰਘਾਂ ਦਾ ਖ਼ੂਨ ਮੁਆਫ਼ ਸੀ।
ਸਿਰ ਪਰ ਹੋਵੈਂ ਜਿਸ ਕੇ ਕੇਸ ਰਹਣ ਨਾ ਦੇਨੋਂ ਅਪਣੇ ਦੇਸ।13।
ਦੋਹਰਾ- ਦੱਸਣ ਵਾਲ਼ੇ ਦਸ ਰੁਪਏ ਔ ਮਾਰਨ ਵਾਲ਼ੇ ਪਚਾਸ। 
ਯਹ ਲਾਲਚ ਤੁਰਕਨ ਦਯੋ ਤਬ ਬਹੁਤ ਸਿੰਘਨ ਭਯੋ ਨਾਸ਼।15।
"ਖੇਤੀ ਵਣਜ ਕਰੇ ਜੇ ਕੋਈ। ਕੇਸਨ ਵਾਲ਼ਾ ਛਡੋ ਨਾ ਕੋਈ।17।
ਸਿੰਘਨ ਖ਼ੂਨ ਮਾਫ਼ ਹਮ ਕੀਨੇ। ਜਿਤ ਲੱਭੇ ਤਿਤ ਮਾਰਹੁ ਚੀਨੇ।"
ਮਾਤਾ ਸੁੰਦਰ ਕੌਰ ਜੀ ਨੇ ਸਿੰਘਾਂ ਦੇ ਇਸ ਬਿਖੜੇ ਸਮੇਂ ਲਈ ਅਗਵਾਈ ਕਰਨ ਵਾਸਤੇ, ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦਾ ਇੰਚਾਰਜ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗੰ੍ਰਥੀ ਥਾਪ ਦਿੱਤਾ ਅਤੇ ਹੁਕਮ ਦਿੱਤਾ ਕਿ ਅੱਗੇ ਤੋਂ ਅੰਮ੍ਰਿਤਸਰ ਚੜਾਵਾ ਦਿੱਲੀ ਨਾ ਭੇਜਿਆ ਜਾਵੇ, ਸਗੋਂ ਪੰਜਾਬ ਵਿੱਚ ਲੋੜਵੰਦ ਸਿੰਘਾਂ, ਗੁਰੂ ਕੇ ਲੰਗਰਾਂ ਅਤੇ ਸਿੱਖੀ ਪ੍ਰਚਾਰ ਵਾਸਤੇ ਖ਼ਰਚਿਆ ਜਾਵੇ।
ਮਾਤਾ ਭੇਜਿਯੋ ਦਿੱਲੀ ਤੇ ਸਮਝਾਇ, ਅੰਮ੍ਰਿਤਸਰ ਚੜ੍ਹਤੀ ਚੜ੍ਹੇ ਸਿਖਨ ਜਾਹਿ ਖੁਵਾਇ।
ਤਿਸਨੇ ਆਇ ਬੰਦੋਬਸਤ ਕੀਆ, ਮਾਤਾ ਚੜ੍ਹਾਵਾ ਖ਼ਾਲਸੇ ਬਖ਼ਸ਼ੀਆ।
ਭਾਈ ਮਨੀ ਸਿੰਘ ਜੀ ਨੇ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਇਆ। ਅੰਮ੍ਰਿਤਸਰ ਚੜ੍ਹਾਵੇ ਦਾ ਸੁਣ ਕੇ ਅਮਰ ਸਿੰਘ ਮਹੰਤ, ਖੇਮਕਰਨ ਵਾਲ਼ੇ ਨੇ ਆਪਣੇ ਆਪ ਨੂੰ ਬੰਦਾ ਸਿੰਘ ਬਹਾਦਰ ਦਾ ਜਾਨਸ਼ੀਨ ਦੱਸ ਕੇ ਚੜ੍ਹਾਵੇ ਦਾ ਹਿੱਸਾ ਮੰਗਿਆ। ਖ਼ਾਲਸਾ ਪੰਥ ਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। ਨੌਬਤ ਆਹਮਣੇ-ਸਾਹਮਣੇ ਤਲਵਾਰਾਂ ਚਲਾਉਣ ਤਕ ਆ ਗਈ। ਪਰ ਭਾਈ ਸਾਹਿਬ ਦੀ ਇਸ ਤਜਵੀਜ ਰਾਹੀਂ ਝਗੜਾ ਟਾਲ ਦਿੱਤਾ ਕਿ ਦੋ ਪਰਚੀਆਂ ਲਿਖ ਕੇ ਅਰਦਾਸ ਕਰ ਕੇ &lsquoਹਰਿ ਕੀ ਪਉੜੀ&rsquo ਸਰੋਵਰ ਵਿੱਚ ਪਾਈਆਂ ਜਾਣ। ਮਹੰਤ ਵਾਲ਼ੀ ਪਰਚੀ &rsquoਤੇ 'ਫ਼ਤਹਿ ਦਰਸ਼ਨ' ਅਤੇ ਖ਼ਾਲਸੇ ਵਾਲ਼ੀ ਪਰਚੀ ਤੇ 'ਵਾਹਿਗੁਰੂ ਜੀ ਕੀ ਫ਼ਤਹਿ' ਅਤੇ ਫ਼ੈਸਲਾ ਇਹ ਹੋਇਆ ਕਿ ਜਿਸ ਦੀ ਪਰਚੀ ਤਰ ਪਵੇ ਓਹੀ ਧਿਰ ਚੜ੍ਹਾਵੇ ਦੀ ਮਾਲਕ ਹੋਵੇਗੀ &lsquoਵਾਹਿਗੁਰੂ ਜੀ ਕੀ ਫ਼ਤਹਿ&rsquo ਵਾਲ਼ੀ ਪਰਚੀ ਤਰ ਆਈ। ਫ਼ੈਸਲਾ ਖ਼ਾਲਸਾ ਪੰਥ (ਤੱਤ ਖ਼ਾਲਸਾ) ਦੇ ਹੱਕ ਵਿੱਚ ਹੋ ਗਿਆ।
ਭਾਈ ਸਾਹਿਬ ਹਮੇਸ਼ਾ ਖ਼ਾਲਸਾ ਪੰਥ ਦੀ ਇਕੱਤ੍ਰਤਾ ਅਤੇ ਚੜ੍ਹਦੀ ਕਲਾ ਵਾਸਤੇ ਯੋਜਨਾਵਾਂ ਉਲੀਕਦੇ ਰਹਿੰਦੇ ਸਨ। ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਦੀਪਮਾਲਾ ਦਾ ਮੇਲਾ ਹੁਕਮਨ ਬੰਦ ਕੀਤਾ ਹੋਇਆ ਸੀ। ਅੰਮ੍ਰਿਤਸਰ ਦਾ ਪ੍ਰਬੰਧ ਕਾਜ਼ੀ ਅਬਦੁੱਰਜਾਕ ਦੇ ਹੱਥਾਂ ਵਿੱਚ ਸੀ। ਭਾਈ ਮਨੀ ਸਿੰਘ ਜੀ ਨੇ ਕਾਜ਼ੀ ਅਬਦੁੱਰਜਾਕ ਨਾਲ ਰਸਾਈ ਪੈਦਾ ਕਰ ਕੇ, ਚੜ੍ਹਾਵੇ ਵਿੱਚੋਂ ਦੋ ਹਜ਼ਾਰ ਰੁਪਏ ਕਾਜ਼ੀ ਨੂੰ ਦੇਣੇ ਮੰਨ ਲਏ। ਕਾਜ਼ੀ ਅਬਦੁੱਰਜਾਕ ਨੇ ਜ਼ਕਰੀਆ ਖ਼ਾਨ ਨੂੰ ਦੱਸ ਦਿਨ ਦੇ ਦੀਵਾਲੀ ਮੇਲੇ ਦਾ ਪੰਜ ਹਜ਼ਾਰ ਰੁਪਿਆ (ਕਈ ਇਤਿਹਾਸਕਾਰਾਂ ਦਸ ਹਜ਼ਾਰ ਿਲਿਖਆ) ਠੇਕਾ ਦੇਣਾ ਕਰਕੇ ਭਾਈ ਸਾਹਿਬ ਨੂੰ ਦਸ ਦਿਨਾਂ ਦੇ ਵਾਸਤੇ ਮੇਲਾ ਲਾਉਣ ਦੀ ਆਗਿਆ ਲੈ ਦਿੱਤੀ। ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਮੇਲੇ &rsquoਤੇ ਸੁਨੇਹੇ ਭੇਜੇ ਹੀ ਸਨ ਕਿ ਉਹਨਾਂ ਨੂੰ ਜ਼ਕਰੀਆ ਖ਼ਾਨ ਦੀ ਕੁਟਲ ਨੀਤੀ ਦਾ ਪਤਾ ਲੱਗਾ ਕਿ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਸਰਕਾਰ ਕੋਲੋਂ ਇਨਾਮ ਲੈਣਾ ਅਤੇ ਬਾਕੀਆਂ ਨੂੰ ਮਾਰ ਕੇ ਖ਼ਤਮ ਕਰਨਾ ਹੈ। ਭਾਈ ਸਾਹਿਬ ਨੇ ਫੌਰਨ ਦੁਬਾਰਾ ਸੁਨੇਹਾ ਭੇਜ ਕੇ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਸੂਬੇ ਦਾ ਦੀਵਾਨ ਲੱਖਪਤ ਰਾਇ ਜਿਹੜਾ ਸਿੰਘਾਂ ਦੀ ਸੁਰੱਖਿਆ ਦੇ ਬਹਾਨੇ ਅੰਮ੍ਰਿਤਸਰ ਦੇ ਦੁਆਲੇ ਫ਼ੌਜ ਲਈ ਬੈਠਾ ਸੀ, ਉਸ ਨੂੰ ਜਦੋਂ ਪਤਾ ਲੱਗਾ ਕਿ ਭਾਈ ਸਾਹਿਬ ਨੂੰ ਸਰਕਾਰ ਦੀ ਚਾਲ ਦਾ ਪਤਾ ਲੱਗ ਗਿਆ ਹੈ ਤਾਂ ਉਸ ਨੇ ਮੇਲੇ ਦੇ ਦਸ ਦਿਨ ਬੀਤ ਜਾਣ ਬਾਅਦ, ਭਾਈ ਸਾਹਿਬ ਦੇ ਠੇਕੇ ਦੀ ਰਕਮ ਆਣ ਮੰਗੀ। ਕਾਜ਼ੀ ਅਬਦੁੱਰਜਾਕ ਨੂੰ ਵੀ ਦੋ ਹਜ਼ਾਰ ਰੁਪਏ ਨਹੀਂ ਸੀ ਮਿਲ਼ੇ, ਉਹ ਆਪਣੀ ਥਾਂ ਔਖਾ ਸੀ। ਦੋਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਕੇ, ਲਹੌਰ ਦੇ ਸੂਬੇ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ। ਕਾਜ਼ੀਆਂ ਨੇ ਸੂਬੇ ਨੂੰ ਪਹਿਲਾਂ ਹੀ ਭਾਈ ਸਾਹਿਬ ਦੇ ਵਿਰੁੱਧ ਭੜਕਾਇਆ ਹੋਇਆ ਸੀ। ਸੂਬੇਦਾਰ ਨੇ ਜਦੋਂ ਭਾਈ ਮਨੀ ਸਿੰਘ ਨੂੰ ਠੇਕੇ ਦੀ ਰਕਮ ਨਾ ਤਾਰਨ ਦਾ ਕਾਰਨ ਪੁੱਛਿਆ, ਤਾਂ ਭਾਈ ਸਾਹਿਬ ਨੇ ਨਿਧੜਕ ਹੋ ਕੇ ਉੱਤਰ ਦਿੱਤਾ, ਕੀ ਸਰਕਾਰ ਦੀ ਕੁਟਲ ਨੀਤੀ ਕਰਕੇ ਮੇਲਾ ਰੱਦ ਹੋ ਗਿਆ, ਠੇਕਾ ਕਾਹਦਾ ਤਾਰੀਏ? ਭਾਈ ਸਾਹਿਬ ਦਾ ਸੱਚਾ ਉੱਤਰ ਸੁਣ ਕੇ ਖ਼ਾਨ ਬਹਾਦਰ ਆਪੇ ਤੋਂ ਬਾਹਰ ਹੋ ਗਿਆ, ਮੁਫ਼ਤੀ ਨੂੰ ਕ੍ਰੋਧ ਵਿੱਚ ਕਹਿੰਦਾ ਕਿ ਇਹਨੂੰ (ਭਾਈ ਸਾਹਿਬ ਨੂੰ) ਜਲਦੀ ਤੋਂ ਜਲਦੀ ਠੇਕਾ ਨਾ ਤਾਰਨ ਦੇ ਜ਼ੁਰਮ ਵਿੱਚ ਸਜ਼ਾ ਸੁਣਾਈ ਜਾਵੇ। ਭਾਵੇਂ ਉਸ ਵੇਲੇ ਸਜ਼ਾ ਸੁਣਾਉਣ ਲਈ ਏਨਾ ਹੀ ਬਹੁਤ ਸੀ ਕਿ ਉਹ ਸਿੱਖ ਹੈ। ਮੁਫਤੀ ਨੇ ਭਾਈ ਸਾਹਿਬ ਨੂੰ ਆਖਿਆ ਕਿ ਉਹਨਾਂ ਦੇ ਬਚਾਉਣ ਦਾ ਇੱਕ ਰਾਹ ਹੈ ਕਿ ਉਹ ਇਸਲਾਮ ਧਾਰਨ ਕਰ ਲੈਣ, ਕਾਜ਼ੀ ਦੇ ਬਾਕੀ ਸਲਾਹਕਾਰਾਂ ਵੀ ਭਾਈ ਸਾਹਿਬ ਨੂੰ ਇਹੀ ਰਾਇ ਦਿੱਤੀ ਕਿ ਮੁਸਲਮਾਨ ਹੋ ਕੇ ਜਾਨ ਬਚਾ ਲਓ। ਅਤੇ ਜਦੋਂ ਲਹੌਰ ਦੇ ਸਿੱਖਾਂ ਨੇ ਠੇਕੇ ਦੀ ਰਕਮ ਤਾਰ ਕੇ ਭਾਈ ਸਾਹਿਬ ਨੂੰ ਬਚਾਣਾ ਚਾਹਿਆ ਤਾਂ ਭਾਈ ਸਾਹਿਬ ਨੇ ਸਿੱਖਾਂ ਨੂੰ ਵੀ ਬਚਨ ਕੀਤੇ:
ਦੇਹੀ ਕਿਸ ਦੀ ਬਾਪਰੀ, ਸਿੱਖੀ ਜਿ ਸਾਬਤ ਹੋਇ।
ਦੇਹ ਤੋਂ ਆਵਣ ਜਾਣ ਹੈ, ਸਿਖੀ ਲਭੈ ਕਬ ਕੋਇ।16।
ਭਾਈ ਮਨੀ ਸਿੰਘ ਜੀ ਨੂੰ ਮੁਫਤੀ ਨੇ ਆਖਿਆ ਕਿ ਜੇ ਤੂੰ ਮੁਸਲਮਾਨ ਨਹੀਂ ਹੋਣਾ ਤਾਂ ਸਖ਼ਤ ਸਜ਼ਾ ਵਾਸਤੇ ਤਿਆਰ ਹੋ ਜਾਉ। ਭਾਈ ਸਾਹਿਬ ਨੇ ਬੇਖ਼ੌਫ਼ ਹੋ ਕੇ ਆਖਿਆ ਕਿ ਮੈਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਸਤੇ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਮੁਫਤੀ ਨੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ, ਭਾਈ ਸਾਹਿਬ ਨੂੰ ਨਿਕਾਸ਼ ਚੌਂਕ (ਲਹੌਰ) ਕਤਲਗਾਹ ਵਿੱਚ ਲਿਆਂਦਾ ਗਿਆ। ਭਾਈ ਸਾਹਿਬ ਅਡੋਲ ਚੌਂਕੜਾ ਮਾਰ ਕੇ ਬੈਠ ਗਏ। ਜੱਲਾਦ ਭਾਈ ਸਾਹਿਬ ਦਾ ਬੰਦ-ਬੰਦ ਕੱਟਦੇ ਰਹੇ ਅਤੇ ਭਾਈ ਸਾਹਿਬ ਜਪੁਜੀ ਦਾ ਪਾਠ ਕਰਦੇ ਰਹੇ, 'ਕੇਤੀ ਛੁਟੀ ਨਾਲ' ਕਹਿਣ ਦੀ ਦੇਰ ਸੀ ਭਾਈ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਇਤਿਹਾਸਕਾਰਾਂ ਇਹ ਸਾਕਾ 14 ਜੁਲਾਈ, 1738 ਈ: ਦਾ ਿਲਿਖਆ ਹੈ। 
ਇਸ ਸ਼ਹੀਦੀ ਨੇ ਸਿੱਖਾ ਵਿੱਚੋਂ ਮੌਤ ਦਾ ਡਰ ਬਿਲਕੁਲ ਹੀ ਖ਼ਤਮ ਕਰ ਦਿੱਤਾ। ਇਸ ਸ਼ਹੀਦੀ ਨੇ ਸਿੱਖਾਂ ਵਿੱਚ ਏਨਾ ਜੋਸ਼ ਭਰ ਦਿੱਤਾ ਕਿ ਸਿੱਖਾਂ ਨੇ ਜਿੰਨਾ ਚਿਰ ਲਹੌਰ ਤੇ ਖ਼ਾਲਸੇ ਦਾ ਝੰਡਾ ਨਹੀਂ ਝੁਲਾ ਲਿਆ ਇਹ ਕਿਸੇ ਦੇ ਕਾਬੂ ਨਹੀਂ ਆਏ। ਇਸ ਸ਼ਹੀਦੀ ਦਾ ਬਦਲਾ ਵੀ ਲੱਗਦੇ ਹੱਥ ਲੈ ਗਿਆ। ਭਾਈ ਮਨੀ ਸਿੰਘ ਨੂੰ ਜਿਸ ਮੁਫਤੀ (ਕਾਜ਼ੀ) ਨੇ ਸਜ਼ਾ ਸੁਣਾਈ ਸੀ, ਉਸ ਨੂੰ ਸ. ਬਰਾਜ ਸਿੰਘ ਨੇ ਕਤਲ ਕਰ ਦਿੱਤਾ ਅਤੇ ਭਾਈ ਮਨੀ ਸਿੰਘ ਦੇ ਭਤੀਜੇ ਅਘੜ ਸਿੰਘ ਨੇ ਕਾਜ਼ੀ ਅਬੁੱਦਰਜਾਕ ਨੂੰ ਕਤਲ ਕਰ ਕੇ ਉਹਦਾ ਪਿੰਡ ਅਲੀਗੜ੍ਹ (ਗੁਜਰਾਂਵਾਲਾ) ਉਜਾੜ ਕੇ ਉਸ ਦਾ ਨਾਂ ਅਕਾਲਗੜ੍ਹ ਰੱਖ ਦਿੱਤਾ।
ਜਿਮ ਕੱਟੇ ਤੇ ਫਲੇ ਗੁਲਾਬ, ਤਿਮ ਪੰਥ ਵਡੇ ਭਈ ਅਜਾਬ।
ਭਾਈ ਮਨੀ ਸਿੰਘ ਜੀ ਨੂੰ ਲੱਖ-ਲੱਖ ਪ੍ਰਣਾਮ ਕਰਦੇ ਹੋਏ ਉਹਨਾਂ ਦੀ ਸ਼ਹੀਦੀ ਦਾ ਧਿਆਨ ਧਰ ਕੇ ਬੋਲੇ ਜੀ, ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
- ਜਥੇਦਾਰ ਮਹਿੰਦਰ ਸਿੰਘ ਯੂ.ਕੇ.
ਵਿਸ਼ੇਸ਼ ਬੇਨਤੀ :- ਪੰਜਾਬ ਟਾਈਮਜ਼ ਲੰਮੇ ਸਮੇਂ ਤੋਂ ਪੰਜਾਬੀ ਅਤੇ ਸਿੱਖੀ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਸਮੇਂ ਇਥੇ ਹੋਰ ਕਿੰਨੇ ਪੰਜਾਬੀ ਪੇਪਰ ਬੰਦ ਹੋ ਚੁੱਕੇ ਹਨ ਯੂ ਕੇ ਤੇ ਯੂਰਪ ਵਿੱਚ ਕੇਵਲ ਇੱਕੋ ਇੱਕ ਪੰਜਾਬੀ ਹਫਤਾਵਾਰ ਅਖਬਾਰ &lsquoਪੰਜਾਬ ਟਾਈਮਜ਼&rsquo ਹੀ ਛਪ ਰਿਹਾ ਹੈ। ਜਿਸ ਦਿਨ ਇਹ ਵੀ ਬੰਦ ਹੋ ਗਿਆ ਤਾਂ 10 ਲੱਖ ਪੰਜਾਬੀ ਸਿੱਖਾਂ ਲਈ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੋਵੇਗੀ। ਜੇ ਅਸੀਂ ਆਪਣੀ ਪੰਜਾਬੀ/ ਗੁਰਮੁਖੀ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਪੰਜਾਬ ਟਾਈਮਜ਼ ਦੇ ਪ੍ਰਬੰਧਕਾਂ ਦਾ ਸਾਥ ਦੇਣਾ ਚਾਹੀਦਾ ਹੈ। ਅੰਤ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੰਜਾਬੀਆਂ ਦੀਆਂ ਸਭਾ ਸੁਸਾਇਟੀਆਂ ਆਪਣੇ ਪ੍ਰੋਗਰਾਮਾਂ ਦੇ ਇਸ਼ਤਿਹਾਰ, ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਗੁਰਪੁਰਬਾਂ ਅਤੇ ਸ਼ਹੀਦੀ ਸਮਾਗਮਾਂ ਦੇ ਇਸ਼ਤਿਹਾਰ ਪੰਜਾਬ ਟਾਈਮਜ਼ ਵਿੱਚ ਦੇ ਕੇ ਅਤੇ ਸਾਲਾਨਾ ਚੰਦਾ ਭੇਜ ਕੇ ਪੇਪਰ ਦੀ ਮਦਦ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਪਾਠਕ ਬਣਾਓ।
ਬੇਨਤੀ ਕਰਤਾ: ਜਥੇ: ਮਹਿੰਦਰ ਸਿੰਘ ਖਹਿਰਾ