ਕਰਜ਼ਾ ਵਿਵਾਦ ਅਤੇ ਚੈੱਕ ਅਣਅਦਾਇਗੀ ਮਾਮਲੇ ਵਿੱਚ ਅਦਾਕਾਰ ਰਾਜਪਾਲ ਯਾਦਵ ਨੂੰ ਤਿੰਨ ਮਹੀਨੇ ਦੀ ਕੈਦ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਚੈੱਕ ਅਣਅਦਾਇਗੀ ਨਾਲ ਜੁੜੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਖ਼ਿਲਾਫ਼ ਹੇਠਲੀ ਅਦਾਲਤ ਵੱਲੋਂ ਦਿੱਤੇ ਗਏ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਸੱਤ ਵੱਖ-ਵੱਖ ਮਾਮਲਿਆਂ ਵਿੱਚ ਤਿੰਨ-ਤਿੰਨ ਮਹੀਨੇ ਦੀ ਸਜ਼ਾ ਸੁਣਾਈ ਹੈ, ਪਰ ਸਾਰੀਆਂ ਸਜ਼ਾਵਾਂ ਇਕੱਠਿਆਂ ਚੱਲਣ ਕਾਰਨ ਉਨ੍ਹਾਂ ਨੂੰ ਕੁੱਲ ਤਿੰਨ ਮਹੀਨੇ ਦੀ ਹੀ ਕੈਦ ਭੁਗਤਣੀ ਪਵੇਗੀ। ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਫ਼ੈਸਲੇ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਸੁਣਵਾਈ ਦੌਰਾਨ ਅਦਾਲਤ ਨੇ ਟਿੱਪਣੀ ਕੀਤੀ ਕਿ ਕਰਜ਼ੇ ਦੀ ਅਦਾਇਗੀ ਲਈ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਵਾਅਦਿਆਂ ਦੀ ਪਾਲਣਾ ਨਹੀਂ ਕੀਤੀ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਕਾਨੂੰਨ ਦੀ ਉਲੰਘਣਾ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਫ਼ੈਸਲੇ ਅਨੁਸਾਰ ਅਦਾਕਾਰ ਨੂੰ ਸਾਰੇ ਮਾਮਲਿਆਂ ਨੂੰ ਮਿਲਾ ਕੇ ਕਰੀਬ 7 ਕਰੋੜ 35 ਲੱਖ ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਅਦਾ ਕੀਤੀ ਗਈ ਰਕਮ ਨੂੰ ਇਸ ਵਿੱਚੋਂ ਘਟਾ ਦਿੱਤਾ ਜਾਵੇਗਾ।
ਇਹ ਵਿਵਾਦ ਸਾਲ 2010 ਵਿੱਚ ਇੱਕ ਫ਼ਿਲਮ ਦੇ ਨਿਰਮਾਣ ਲਈ ਲਏ ਗਏ ਕਰਜ਼ੇ ਨਾਲ ਜੁੜਿਆ ਹੋਇਆ ਹੈ। ਬਕਾਇਆ ਰਕਮ ਸਮੇਂ ਸਿਰ ਵਾਪਸ ਨਾ ਹੋਣ ਅਤੇ ਜਾਰੀ ਕੀਤੇ ਚੈੱਕ ਅਣਅਦਾਇਗੀ ਕਾਰਨ ਮਾਮਲਾ ਅਦਾਲਤ ਤੱਕ ਪਹੁੰਚਿਆ, ਜਿਸ ਦੀ ਸੁਣਵਾਈ ਕਈ ਸਾਲਾਂ ਤੱਕ ਚੱਲਦੀ ਰਹੀ।
ਅਦਾਲਤ ਨੇ ਇਸ ਮਾਮਲੇ ਵਿੱਚ ਰਾਜਪਾਲ ਯਾਦਵ ਦੀ ਪਤਨੀ ਰਾਧਾ ਯਾਦਵ ਖ਼ਿਲਾਫ਼ ਵੀ ਹੁਕਮ ਜਾਰੀ ਕਰਦਿਆਂ ਹਰ ਮਾਮਲੇ ਵਿੱਚ ਪੰਜ ਲੱਖ ਰੁਪਏ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਵੱਲੋਂ ਦਾਇਰ ਕੀਤੀਆਂ ਗਈਆਂ ਵੱਖ-ਵੱਖ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।