ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦਾ ਰਾਜ ਨਹੀਂ ਸੀ, ਰਾਜ ਸਰਕਾਰ-ਏ-ਖ਼ਾਲਸਾ ਦਾ ਸੀ, 1849 ਤੋਂ ਪਹਿਲਾਂ ਦੇਸ ਪੰਜਾਬ ਮੌਜੂਦਾ ਭਾਰਤ ਦੇਸ਼ ਦਾ ਅੰਗ ਨਹੀਂ ਸੀ
    ਗੁਰੂ ਨੂੰ ਪਿੱਠ ਦੇ ਕੇ ਅਤੇ ਪੰਥ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਿੱਖਾਂ ਕੋਲੋਂ ਭਾਜਪਾ ਸਿਧਾਂਤ ਹੀਣ ਪ੍ਰਾਪੇਗੰਡਾ ਕਰਵਾ ਰਹੇ ਹਨ ਕਿ ਪੰਜਾਬ ਵਿੱਚ ਭਾਜਪਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗੀ । ਹੁਣ ਤਾਂ ਸਰਦਾਰ ਰਣਜੀਤ ਸਿੰਘ ਦੀ ਫੋਟੋ ਦੇ ਨਾਲ ਵੋਟਾਂ ਨਾਲ ਚੁਣੇ ਹੋਏ ਭਾਜਪਾ ਦੇ ਨੇਤਾ ਸ਼੍ਰੀ ਨਰਿੰਦਰ ਮੋਦੀ ਦੀ ਫੋਟੋ ਵੀ ਲੱਗਣੀ ਸ਼ੁਰੂ ਹੋ ਗਈ ਹੈ । ਹੱਥਲੇ ਲੇਖ ਵਿੱਚ ਅਸੀਂ ਤਿੰਨ ਜਰੂਰੀ ਨੁਕਤਿਆਂ &lsquoਤੇ ਟੂਕ ਮਾਤਰ ਵਿਚਾਰ ਚਰਚਾ ਕਰਾਂਗੇ, ਟੂਕ ਮਾਤਰ ਦਾਸ ਨੇ ਤਾਂ ਲਿਖਿਆ ਹੈ ਕਿ - 1469 ਤੋਂ 1699, ਤੇ 1699 ਤੋਂ 1799 ਤੱਕ ਅਤੇ 1801 ਦੀ ਵੈਸਾਖੀ ਵਾਲੇ ਦਿਨ ਸ਼ੇਰ-ਏ-ਪੰਜਾਬ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਰਕਾਰ-ਏ-ਖ਼ਾਲਸਾ, ਖਾਲਸਾ ਰਾਜ, ਦੇ ਰਾਜਕਾਲ ਵਾਸਤੇ ਨਾਨਕ ਸ਼ਾਹੀ ਸਿੱਕਾ ਚਾਲੂ ਕਰਨ ਵੇਲੇ ਦੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਨੂੰ ਇਕ ਲੇਖ ਵਿੱਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ । ਇਥੇ ਇਹ ਵੀ ਜ਼ਿਕਰਯੋਗ ਹੈ ਕਿ 1801 ਤੋਂ 1849 ਤੱਕ ਨਾਨਕ ਦੇ ਨਾਂਅ ਦਾ ਸਿੱਕਾ ਚੱਲਿਆ, ਕਿਉਂਕਿ, &ldquoਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ।&rdquo (ਅੰਕ 966 ਸ੍ਰੀ ਗੁਰੂ ਗ੍ਰੰਥ ਸਾਹਿਬ) ਭਾਵ ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ (ਮੁਕਤ ਪੰਥ) ਚਲਾਇਆ । 
    ਪਹਿਲਾ ਨੁਕਤਾ ਇਹ ਹੈ ਕਿ,A short history of the Sikhs,, 1469 ਤੋਂ 1765, ਲੇਖਕ ਪ੍ਰਿੰ: ਤੇਜਾ ਸਿੰਘ, ਡਾ: ਗੰਡਾ ਸਿੰਘ ਅਤੇ ਸੋਹਣ ਸਿੰਘ ਸੀਤਲ ਤੋਂ ਲੈ ਕੇ ਡਾ: ਸੁਖਦਿਆਲ ਸਿੰਘ ਇਤਿਹਾਸਕਾਰਾਂ ਨੇ ਮੰਨਿਆ ਹੈ ਕਿ 1765 ਤੱਕ ਪੰਜਾਬ ਉੱਤੇ ਸਿੱਖ ਮਿਸਲਾਂ ਦਾ ਰਾਜ ਹੋ ਗਿਆ ਸੀ । 1799 ਨੂੰ ਪੰਜਾਬ ਦੇ ਸਿੱਖਾਂ-ਹਿੰਦੂਆਂ ਤੇ ਮੁਸਲਮਾਨਾਂ ਨੇ ਸਰਬ ਸੰਮਤੀ ਨਾਲ ਸ਼ੁਕਰਚਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਆਪਣਾ ਤੱਤਕਾਲੀਨ ਰਾਜਸੀ ਨੇਤਾ ਪ੍ਰਵਾਨ ਕੀਤਾ ਸੀ, ਪਰ ਅਜੋਕੇ ਵੋਟ-ਤੰਤਰ ਰਾਜ ਵਾਂਗ ਵੋਟਾਂ ਪਾ ਕੇ ਉਸ ਨੂੰ ਆਪਣਾ ਨੇਤਾ ਨਹੀਂ ਸੀ ਮੰਨਿਆ ਤੇ ਨਾ ਹੀ ਉਸ ਨੇ ਅਜੋਕੇ ਵੋਟਾਂ ਨਾਲ ਚੁਣੇ ਹੋਏ ਭਾਜਪਾ ਦੇ ਨੇਤਾਵਾਂ ਵਾਂਗ ਘੱਟ-ਗਿਣਤੀ ਕੌਮਾਂ ਉੱਤੇ ਅਤਿਆਚਾਰ ਕੀਤੇ ਸਨ, ਸਗੋਂ ਹਿੰਦੂ ਮੁਸਲਮਾਨਾਂ ਨੂੰ ਸਿੱਖਾਂ ਨਾਲੋਂ ਵੀ ਵੱਧ ਸਤਿਕਾਰ ਦਿੱਤਾ । ਹੁਣ ਇਹ ਵੀ ਸੁਆਲ ਪੈਦਾ ਹੁੰਦਾ ਹੈ ਕਿ ਕੀ ਅੱਜ ਭਾਜਪਾ ਵੀ ਸਿੱਖਾਂ ਤੇ ਮੁਸਲਮਾਨਾਂ ਨਾਲ ਉਹੋ ਜਿਹਾ ਹੀ ਵਿਵਹਾਰ ਕਰਦੀ ਹੈ ਜੇਹੋ ਜਿਹਾ ਸਰਦਾਰ ਰਣਜੀਤ ਸਿੰਘ ਨੇ ਹਿੰਦੂਆਂ ਨਾਲ ਕੀਤਾ ਸੀ । 
    ਦੂਸਰਾ ਨੁਕਤਾ ਇਹ ਹੈ ਰਾਜ ਰਣਜੀਤ ਸਿੰਘ ਦਾ ਨਹੀਂ, ਰਾਜ, ਸਰਕਾਰ-ਏ-ਖ਼ਾਲਸਾ ਦਾ ਸੀ । ਸਿਰਦਾਰ ਕਪੂਰ ਸਿੰਘ ਨੇ, ਸਰਕਾਰ-ਏ-ਖ਼ਾਲਸਾ ਦੀ ਵਿਆਖਿਆ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਹੈ,Peoples Republic led by Khalsa ਭਾਵ-ਖ਼ਾਲਸੇ ਦੀ ਅਗਵਾਈ ਵਿੱਚ ਲੋਕਾਂ ਦਾ ਗਣਰਾਜ । ਪ੍ਰਚੱਲਤ ਰਿਵਾਜ ਵਿਰੁੱਧ ਰਣਜੀਤ ਸਿੰਘ ਨੇ ਆਪਣੇ ਨਾਂਅ ਦੇ ਸਿੱਕੇ ਨਹੀਂ ਚਲਾਏ, ਸਗੋਂ ਉਸ ਦੇ ਸਿੱਕਿਆਂ ਉੱਤੇ ਗੁਰੂ ਨਾਨਕ ਸਾਹਿਬ ਦਾ ਨਾਂਅ ਹੁੰਦਾ ਸੀ, ਉਸ ਨੇ ਨਾਨਕਸ਼ਾਹੀ ਰੁਪਏ ਅਤੇ ਨਾਨਕਸ਼ਾਹੀ ਮੋਹਰਾਂ ਚਲਾਈਆਂ । ਇਨ੍ਹਾਂ ਸਿੱਕਿਆਂ &lsquoਤੇ ਇਕ ਪਾਸੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਸੀ, ਦੂਜੇ ਪਾਸੇ ਸਿੱਕਾ ਬਣਾਉਣ ਦਾ ਸਾਲ । ਰਣਜੀਤ ਸਿੰਘ ਸਦਾ ਹੀ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਦਾਸ ਸਮਝਦਾ ਰਿਹਾ । ਇਕ ਵਾਰੀ ਪ੍ਰਧਾਨ ਮੰਤਰੀ ਧਿਆਨ ਸਿੰਘ ਨੇ ਰਣਜੀਤ ਸਿੰਘ ਨੂੰ ਕਿਹਾ ਕਿ ਉਨ੍ਹਾਂ ਦਾ ਹਾਕਮ ਹੈ ਤੇ ਉਸ ਨੂੰ ਨਿਮਾਣੇ ਜਿਹੇ ਦਾਸਾਂ ਦੀ ਤਰ੍ਹਾਂ ਆਪਣੇ ਲੱਕ ਦੇ ਦੁਆਲੇ ਪੱਟਕਾ ਨਹੀਂ ਬੰਨ੍ਹਣਾ ਚਾਹੀਦਾ । ਰਣਜੀਤ ਸਿੰਘ ਨੇ ਪੁੱਛਿਆ ਕਿ ਰਾਜ ਵਿੱਚ ਸਿੱਕਾ ਕਿਸ ਦੇ ਨਾਂਅ ਦਾ ਚੱਲਦਾ ਹੈ । ਧਿਆਨ ਸਿੰਘ ਨੇ ਜੁਆਬ ਦਿੱਤਾ, ਗੁਰੂ ਨਾਨਕ ਦੇ ਨਾਂਅ ਦਾ । ਤਾ ਅੱਗਿਉਂ ਸ: ਰਣਜੀਤ ਸਿੰਘ ਨੇ ਹੱਸਕੇ ਕਿਹਾ ਕਿ ਹਾਕਮ ਉਹ ਹੈ ਜਿਸ ਦੇ ਨਾਂਅ ਦਾ ਸਿੱਕਾ ਚੱਲਦਾ ਹੈ । ਰਣਜੀਤ ਸਿੰਘ ਆਪਣੇ ਉਸ ਹਾਕਮ ਗੁਰੂ ਦਾ ਨਿਮਾਣਾ ਜਿਹਾ ਦਾਸ ਹੈ । ਰਣਜੀਤ ਸਿੰਘ ਨੇ ਨਾ ਤਾਂ ਆਪਣੇ ਨਾਂਅ ਅਤੇ ਨਾ ਹੀ ਆਪਣੇ ਖਾਨਦਾਨ ਜਾਂ ਮਿਸਲ ਦੇ ਨਾਂਅ &lsquoਤੇ ਰਾਜ ਕੀਤਾ । ਉਸ ਨੇ ਆਪਣੀ ਰਾਜ ਸੱਤਾ ਸਰਕਾਰ-ਏ-ਖ਼ਾਲਸਾ ਦੇ ਨਾਂਅ &lsquoਤੇ ਹੀ ਵਰਤੀ ਸੀ । ਰਣਜੀਤ ਸਿੰਘ ਮੁੱਢਲੇ ਦਿਨਾਂ ਵਿੱਚ ਸਿੰਘ ਸਾਹਿਬ ਦੇ ਨਾਂਅ ਉੱਤੇ ਬੁਲਾਏ ਜਾਣ ਨੂੰ ਪਸੰਦ ਕਰਦਾ ਸੀ, ਵਡੇਰੀ ਉਮਰ ਦੇ ਸਿੱਖ ਸਰਦਾਰ ਰਣਜੀਤ ਸਿੰਘ ਨੂੰ ਅਕਸਰ ਭਾਈ ਸਾਹਿਬ ਕਹਿਕੇ ਬੁਲਾਉਂਦੇ ਸਨ । ਉਹ ਸਦਾ ਮਹਿਸੂਸ ਕਰਦਾ ਸੀ ਕਿ ਉਸ ਨੂੰ ਗੁਰੂ ਨਾਨਕ ਦੀ ਮਿਹਰ ਸਦਕਾ ਹੀ ਰਾਜ ਪ੍ਰਾਪਤ ਹੋਇਆ ਹੈ । ਉਹ ਆਪਣੇ ਆਪ ਨੂੰ ਪੰਥ ਦਾ ਅਤੇ ਗੁਰੂ ਘਰ ਦਾ ਕੂਕਰ ਸਮਝਦਾ ਸੀ ਅਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਰਣਜੀਤ ਨਗਾਰਾ ਕਹਿੰਦਾ ਹੁੰਦਾ ਸੀ । ਸਾਹਿਬਜ਼ਾਦਿਆਂ ਨੂੰ ਖ਼ਾਲਸਾ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਸੀ । ਜਿਵੇਂ ਖ਼ਾਲਸਾ ਖੜਕ ਸਿੰਘ, ਖ਼ਾਲਸਾ ਸ਼ੇਰ ਸਿੰਘ ਅਤੇ ਖ਼ਾਲਸਾ ਨੌਨਿਹਾਲ ਸਿੰਘ । ਇਸ ਤੋਂ ਪਤਾ ਲੱਗਦਾ ਹੈ ਉਸ ਨੂੰ ਖ਼ਾਲਸਾ ਪੰਥ ਨਾਲ ਕਿੰਨਾ ਲਗਾਉ ਸੀ । ਰਣਜੀਤ ਸਿੰਘ ਆਪਣੀ ਸਰਕਾਰ ਲਈ ਸਦਾ ਖ਼ਾਲਸਾ ਜੀੳ ਜਾਂ ਸਰਕਾਰੇ ਖ਼ਾਲਸਾ ਦੀ ਵਰਤੋਂ ਕਰਦਾ ਸੀ । ਕਿਉਂਕਿ ਉਹ ਸਮਝਦਾ ਸੀ ਕਿ ਉਸ ਨੂੰ ਰਾਜ ਦੀ ਸਾਰੀ ਸ਼ਕਤੀ ਖ਼ਾਲਸੇ ਤੋਂ ਹੀ ਪ੍ਰਾਪਤ ਹੋਈ ਸੀ । ਉਸ ਦੀ ਸਾਰੀ ਸਰਕਾਰੀ ਖਤੋ-ਕਿਤਾਬਤ ਖ਼ਾਲਸੇ ਦੇ ਨਾਂਅ ਹੀ ਹੁੰਦੀ ਸੀ । ਉਸ ਦੀ ਸਰਕਾਰ ਵਿੱਚ, ਵਾਹਿਗੁਰੁ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ, ਨਾਲ ਹੀ ਇਕ ਦੂਸਰੇ ਨੂੰ ਸੰਬੋਧਨ ਕੀਤਾ ਜਾਂਦਾ ਸੀ ਅਤੇ ਸਰਕਾਰੀ ਤੌਰ &lsquoਤੇ ਕਸਮ ਚੁੱਕਣ ਦੀ ਰਸਮ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੀਤੀ ਜਾਂਦੀ ਸੀ । ਰਣਜੀਤ ਸਿੰਘ ਨੇ ਆਪਣੇ ਰਾਜਸੀ ਜੀਵਨ ਦੇ ਅਰੰਭ ਵਿੱਚ ਹੀ ਇਕ ਅਨੁਭਵ ਕਰ ਲਿਆ ਸੀ ਚੂੰਕਿ ਲਾਹੌਰ ਦੇ ਵੱਖ-ਵੱਖ ਮਤਾਂ ਦੇ ਲੋਕਾਂ ਨੇ ਲਾਹੌਰ ਉੱਤੇ ਰਾਜ ਕਰਨ ਲਈ ਉਸ ਨੂੰ ਬੁਲਾਇਆ ਸੀ । ਇਸ ਲਈ ਉਸ ਵਾਸਤੇ ਯੋਗ ਗੱਲ ਇਹ ਸੀ ਕਿ ਉਹ ਸਭ ਲੋਕਾਂ ਵੱਲ ਇਕੋ ਜਿਹੀ ਨੀਤੀ ਧਾਰਨ ਕਰੇ ਅਤੇ ਆਪਣੇ ਕਰਮਚਾਰੀਆਂ ਨੂੰ ਆਪਣੇ ਮੁਲਕ ਦੇ ਵੱਖ-ਵੱਖ ਧਰਮਾਂ ਅਤੇ ਕੌਮਾਂ ਵਿੱਚੋਂ ਬਿਨਾਂ ਕਿਸੇ ਭੇਦ ਭਾਵ ਦੇ ਨੌਕਰੀ ਵਿੱਚ ਲਵੇ । ਰਣਜੀਤ ਸਿੰਘ ਦਾ ਗੈਰ-ਸਿੱਖ ਪਰਜਾ ਪ੍ਰਤੀ ਰਵੱਈਆ, ਉਸ ਦੀ ਖੁੱਲ-ਦਿਲੀ, ਦਿਆਲਤਾ ਅਤੇ ਪਿਤਰੀ ਭਾਵਨਾ ਉਤੇ ਅਧਾਰਿਤ ਸੀ । ਉਸ ਦਾ ਰਵੱਈਆ ਅਤੇ ਵਿਹਾਰ ਧਾਰਮਿਕ ਸੀ ਪਰ ਫਿਰਕੂ ਨਹੀਂ ਸੀ (ਨੋਟ-ਹੁਣ ਸਿੱਖਾਂ ਲਈ ਖ਼ਾਸ ਤੌਰ &lsquoਤੇ ਸੋਚਣ ਦਾ ਸਮਾਂ ਹੈ ਕਿ ਹੁਣ ਜਦੋਂ ਦੇਸ਼ ਵਿੱਚ ਫਿਰਕੂ ਹਨੇਰੀ ਝੁੱਲ ਰਹੀ ਹੈ ਅਤੇ ਫਿਰਕੂ ਧਰੁਵੀਕਰਨ (ਪੋਲਰਾਈਜ਼ੇਸ਼ਨ) ਦਾ ਦੌਰ ਚੱਲ ਰਿਹਾ ਹੈ ਤਾਂ ਸਿੱਖ ਕੌਮ ਨੂੰ ਗੁਰੂ ਗ੍ਰੰਥ, ਗੁਰੂ ਖ਼ਾਲਸਾ ਪੰਥ ਦੇ ਸਿਧਾਂਤ ਅਨੁਸਾਰ ਪੰਜਾਬ ਨੂੰ ਬਚਾਉਣ ਅਤੇ ਸਿੱਖ ਕੌਮ ਨੂੰ ਆਪਣੀ ਵਿਲੱਖਣ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਆਪਣੇ ਸਿਧਾਂਤਾ ਪ੍ਰਤੀ ਹੋਰ ਪਰਪੱਕਤਾ ਨਾਲ ਪਹਿਰਾ ਦੇਣਾ ਪਵੇਗਾ ਕਿਉਂਕਿ ਪੰਥ ਤੋਂ ਬਿਨਾਂ ਪੰਜਾਬ ਨੂੰ ਹੋਰ ਕੋਈ ਵੀ ਸਿਆਸੀ ਪਾਰਟੀ ਨਹੀਂ ਬਚਾ ਸਕੇਗੀ, ਪੰਥ ਹੈ ਤਾਂ ਪੰਜਾਬ ਹੈ) । ਰਣਜੀਤ ਸਿੰਘ ਆਪਣੇ ਰਾਜ ਨੂੰ ਪੰਜਾਬੀਆਂ ਦਾ ਰਾਜ ਨਹੀਂ ਖ਼ਾਲਸੇ ਦਾ ਰਾਜ ਕਹਿੰਦਾ ਸੀ । ਅਸੀਂ ਸਰਕਾਰ-ਏ-ਖ਼ਾਲਸਾ ਦੀ ਵਿਆਖਿਆ ਉੱਪਰ ਕਰ ਆਏ ਹਾਂ ਭਾਵ-ਖ਼ਾਲਸੇ ਦੀ ਅਗਵਾਈ ਵਿੱਚ ਲੋਕਾਂ ਦਾ ਗਣਰਾਜ । ਉਸ ਨੇ ਧਰਮ ਦੇ ਅਧਾਰ &lsquoਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ । ਖ਼ਾਲਸਾ ਰਾਜ ਵਿੱਚ ਉਸ ਦੇ ਸਿਵਲ ਅਤੇ ਸੈਨਿਕ ਅਹੁਦੇ ਉੱਤੇ ਰਾਜ ਦੀਆਂ ਉੱਚੀਆਂ ਪਦਵੀਆਂ, ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਅਰਥਾਤ ਵੱਖ-ਵੱਖ ਕੌਮਾਂ ਦੇ ਲੋਕਾਂ ਦੇ ਹੱਥਾਂ ਵਿੱਚ ਸਨ । ਰਣਜੀਤ ਸਿੰਘ ਨੌਕਰੀ ਲਈ, ਗੁਣ ਯੋਗਤਾ ਅਤੇ ਰਾਜ ਪ੍ਰਤੀ ਵਫ਼ਾਦਾਰੀ ਦੇ ਆਧਾਰ &lsquoਤੇ ਚੋਣ ਕਰਦਾ ਸੀ । ਉਸ ਦੀ ਨਜ਼ਰ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀਂ ਸੀ । ਜਿਵੇਂ ਰਣਜੀਤ ਸਿੰਘ ਨੇ ਹਿੰਦੂ-ਸਿੱਖ, ਮੁਸਲਮਾਨਾਂ ਦੀਆਂ ਸਰਕਾਰ-ਏ-ਖ਼ਾਲਸਾ ਵਿੱਚ ਯੋਗਤਾ ਦੇ ਅਧਾਰ &lsquoਤੇ ਨਿਯੁਕਤੀਆਂ ਕੀਤੀਆਂ, ਇਸ ਤੋਂ ਉਸ ਦੇ ਗੈਰ-ਫਿਰਕੂ ਰਵੱਈਏ ਦਾ ਸਾਫ਼ ਪਤਾ ਲੱਗ ਜਾਂਦਾ ਹੈ ।
    ਆਖਰੀ ਤੇ ਤੀਸਰਾ ਨੁਕਤਾ ਇਹ ਹੈ ਕਿ 1849 ਤੋਂ ਪਹਿਲਾਂ ਦੇਸ ਪੰਜਾਬ ਮੌਜੂਦਾ ਭਾਰਤ ਦਾ ਅੰਗ ਨਹੀਂ ਸੀ । ਅਜੋਕਾ ਭਾਰਤ ਤਾਂ ਇਕ ਅਖੰਡ ਦੇਸ ਕਦੇ ਸੀ ਹੀ ਨਹੀਂ । ਇਸ ਨੂੰ ਹਿੰਦ ਕਿਹਾ ਜਾਂਦਾ ਸੀ । ਤਾਹੀਉਂ ਤਾਂ ਸ਼ਾਹ ਮੁਹੰਮਦ ਨੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ । ਅੱਜ ਹੋਵੇ ਸਰਕਾਰ ਤਾਂ ਮੁੁੱਲ ਪਾਵੈ ਜੇਹੜੀਆਂ ਖ਼ਾਲਸੇ ਨੇ ਤੇਗਾ ਮਾਰੀਆਂ ਨੀ । ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿੱਤਕੇ ਹਾਰੀਆਂ ਨੀ । ਹਿੰਦ ਪੰਜਾਬ ਦੀ ਜੰਗ ਬਾਰੇ ਸ਼ਾਹ ਮੁਹੰਮਦ ਦਾ ਅਹਿਸਾਸ ਬੇਹੱਦ ਸੰਵੇਦਨਸ਼ੀਲ ਹੈ । ਸ਼ਾਹ ਮੁਹੰਮਦ ਆਪਣੇ ਕਿੱਸੇ ਵਿੱਚ ਬਹੁਤ ਵਿਸਥਾਰ ਨਾਲ ਲਿਖਦਾ ਹੈ, ਕਿ ਹਿੰਦ ਪੰਜਾਬ ਉੱਤੇ ਕਿਵੇਂ ਹਨੇਰੀ ਬਣਕੇ ਝੁੱਲ ਆਇਆ ਅਤੇ ਕਿਵੇਂ ਹਿੰਦੋਸਤਾਨੀ-ਪੂਰਬੀ ਤੇ ਦੱਖਣੀ, ਦੇਸ ਪੰਜਾਬ ਉੱਤੇ ਅੰਗ੍ਰੇਜਾਂ ਦਾ ਕਬਜਾ ਕਰਾਉਣ ਲਈ ਪੱਬਾਂ ਭਾਰ ਹੋ ਗਏ, ਪਰ ਅੱਗੋਂ ਜਿਹੜਾ ਪੂਰਬੀਆਂ ਦੱਖਣੀਆਂ ਅਤੇ ਅੰਗ੍ਰੇਜਾਂ ਨੂੰ ਪੰਜਾਬ ਦੇ ਦੇਸ਼ ਵਾਸੀਆਂ ਨੇ ਉਨ੍ਹਾਂ ਨੂੰ ਮੈਦਾਨ-ਏ-ਜੰਗ ਵਿੱਚ ਜਿਹੜੇ ਲੋਹੇ ਦੇ ਚਣੇ ਚਬਾਏ, ਇਸ ਦੀ ਉਨ੍ਹਾਂ ਨੂੰ ਆਸ ਨਹੀਂ ਸੀ । ਸ਼ਾਹ ਮੁਹੰਮਦ ਲਿਖਦਾ ਹੈ : ਆਈਆਂ ਪੜਤਲਾਂ ਬੀੜ ਕੇ ਤੋਪ-ਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ । ਮੇਵਾ ਸਿੰਘ ਤੇ ਮਾਖੇ ਖਾਂ ਹੋਇ ਸਿਧੇ ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ । ਸ਼ਾਮ ਸਿੰਘ ਅਟਾਰੀਵਾਲੇ ਬੰਨ੍ਹ ਸ਼ਸ਼ਤ੍ਰੀ ਜੋੜ ਵਿਛੋੜ ਸੁੱਟੇ । ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ । ਅੱਗੇ ਸ਼ਾਹ ਮੁਹੰਮਦ ਲਿਖਦਾ ਹੈ : ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਤੁਸਾਂ ਲਾਜ ਅੰਗ੍ਰੇਜ਼ ਦੀ ਰੱਖਣੀ ਜੀ । ਸਿਘਾਂ ਮਾਰ ਕੇ ਕਟਕ ਮੁਕਾਇ ਦਿੱਤੇ ਹਿੰਦੋਸਤਾਨੀ ਤੇ ਪੂਰਬੀ ਦੱਖਣੀ ਜੀ । ਨੰਦਨ ਟਾਪੂਆਂ ਵਿੱਚ ਕੁਰਲਾਟ ਪਿਆ ਕੁਰਸੀ ਚਾਹ ਹਜ਼ਾਰ ਹੈ ਸੱਖਣੀ ਜੀ । ਸ਼ਾਹ ਮੁਹੰਮਦ ਨੇ ਸਪੱਸ਼ਟ ਕਰ ਦਿੱਤਾ ਦੇਸ ਪੰਜਾਬ ਹਿੰਦ ਨਾਲੋਂ ਵੱਖਰਾ ਦੇਸ਼ ਸੀ । ਅਜੋਕੇ ਭਾਰਤ ਨੂੰ ਉਸ ਵੇਲੇ ਹਿੰਦ ਕਿਹਾ ਜਾਂਦਾ ਸੀ । ਹਿੰਦ ਇਕ ਤਰ੍ਹਾਂ ਦਾ ਖੁੱਲ੍ਹਾ ਖਿੱਤਾ ਸੀ ਜੋ ਕਈ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ । ਹਿੰਦ (ਅਜੋਕਾ ਭਾਰਤ) ਕਈ ਰਿਆਸਤਾਂ ਵਿੱਚ ਵੰਡਿਆ ਹੋਇਆ ਕਰਕੇ ਹਿੰਦ ਵਿੱਚ ਵਪਾਰ ਕਰਨ ਗਈ ਈਸਟ ਇੰਡੀਆ ਕੰਪਨੀ ਨੇ 1757 ਵਿੱਚ ਪਲਾਸੀ ਦੀ ਲੜਾਈ ਜਿੱਤ ਕੇ ਅੰਗ੍ਰੇਜ਼ੀ ਰਾਜ ਦੀ ਨੀਂਹ ਰੱਖ ਦਿੱਤੀ ਤੇ ਫਿਰ ਕੱਲੀ ਕੱਲੀ ਰਿਆਸਤ ਉੱਤੇ ਕਬਜ਼ਾ ਕਰਦੇ ਗਏ । ਤੇ ਫਿਰ 12 ਅਗਸਤ 1765 ਨੂੰ ਮੁਗਲ ਬਾਦਸ਼ਾਹ ਆਲਮ ਦੂਜੇ ਨੇ ਈਸਟ ਇੰਡੀਆ ਕੰਪਨੀ ਨਾਲ ਇਲਾਹਾਬਾਦ ਵਿਖੇ ਸੰਧੀ &lsquoਤੇ ਦਸਤਖ਼ਤ ਕੀਤੇ ਅਤੇ ਕੰਪਨੀ ਨੂੰ ਹਿੰਦ (ਅਜੋਕਾ ਭਾਰਤ) ਦੇ ਰਾਜਨੀਤਕ ਅਤੇ ਸਵੈਧਾਨਿਕ ਕੰਮਾਂ ਕਾਰਾਂ ਵਿੱਚ ਦਖ਼ਲ ਦੇਣ ਦਾ ਅਧਿਕਾਰ ਦਿੱਤਾ । ਜਿਸ ਨਾਲ ਬ੍ਰਿਟਿਸ਼ ਰਾਜ ਦੀ ਅਰੰਭਤਾ ਹੋ ਗਈ । ਇਧਰ 12 ਅਗਸਤ 1765 ਦੀ ਇਲਾਹਾਬਾਦ ਦੀ ਸੰਧੀ ਦੁਆਰਾ ਬ੍ਰਿਟਿਸ਼ ਰਾਜ ਦੀ ਅਰੰਭਤਾ ਹੋਈ, ਦੂਜੇ ਪਾਸੇ 1765 ਨੂੰ ਹੀ ਦੇਸ ਪੰਜਾਬ ਉੱਤੇ ਸਿੱਖ ਮਿਸਲਾਂ ਦਾ ਰਾਜ ਸਥਾਪਤ ਹੋ ਗਿਆ । ਜਿਸ ਦਾ ਅਸੀਂ ਵਿਸਥਾਰ ਨਾਲ ਉੱਪਰ ਜ਼ਿਕਰ ਕਰ ਆਏ ਹਾਂ । ਜਦੋਂ 1765 ਵਿੱਚ ਹਿੰਦ ਉੱਤੇ ਅੰਗ੍ਰੇ੍ਰਜ਼ ਸਰਕਾਰ ਦਾ ਯੂਨੀਅਨ ਜੈਕ ਦਾ ਝੰਡਾ ਲਹਿਰਾਇਆ ਸੀ, ਉਦੋਂ 1765 ਨੂੰ ਪੰਜਾਬ ਉੱਤੇ ਖ਼ਾਲਸਾ ਰਾਜ ਦਾ ਝੰਡਾ ਝੂਲਿਆ ਸੀ, ਲਾਹੌਰ ਸਿੱਖਾਂ ਦੀ ਰਾਜਧਾਨੀ ਸੀ । ਖ਼ਾਲਸੇ ਕੋਲ ਆਪਣੀ ਰਾਜਧਾਨੀ, ਆਪਣੀ ਫੌਜ, ਆਪਣਾ ਕੌਮੀ ਝੰਡਾ, ਨਾਨਕ ਦੇ ਨਾਂ ਦੀਆਂ ਮੋਹਰਾਂ ਤੇ ਸਿੱਕੇ ਸਨ । ਪੰਜਾਬ ਸਿੱਖ ਕੌਮ ਦੀ ਜਨਮ ਭੂਮੀ ਹੈ, ਸਿੱਖ ਹੋਮ ਲੈਂਡ ਹੈ ਇਥੇ ਅੱਜ ਨਹੀਂ ਤਾਂ ਕੱਲ੍ਹ ਨੂੰ ਖ਼ਾਲਸੇ ਦਾ ਰਾਜ ਸਥਾਪਤ ਹੋਣਾ ਹੀ ਹੋਣਾ ਹੈ, ਕਿਉਂਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ । ਸ਼ੇਰੇ ਪੰਜਾਬ ਰਣਜੀਤ ਸਿੰਘ ਖ਼ਾਲਸਾ ਰਾਜ ਦੀ ਸ਼ਾਨ ਜਰੂਰ ਸੀ ਪਰ ਰਾਜ ਰਣਜੀਤ ਸਿੰਘ ਦਾ ਨਹੀਂ, ਰਾਜ ਖ਼ਾਲਸੇ ਦਾ ਸੀ, ਭਾਵ-ਸਰਕਾਰ-ਏ-ਖ਼ਾਲਸਾ - ਆਸ ਕਰਦਾ ਹਾਂ ਕਿ ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਪਾਠਕ ਜਨ ਇਸ ਲੇਖ ਤੋਂ ਕੋਈ ਲਾਭ ਲੈ ਸਕਣਗੇ । ਕਿਉਂਕਿ ਭਾਜਪਾਈ ਸਿੱਖ ਲੇਖਕ ਇਤਿਹਾਸ ਦੀ ਕੋਈ ਗੱਲ 1699 ਤੋਂ 1799 ਤੱਕ ਈਸਵੀ ਦੀ ਨਹੀਂ ਕਰਦੇ ਸਗੋਂ ਉਥੋਂ ਸ਼ੁਰੂ ਕਰਦੇ ਹਨ ਜਦੋਂ ਸਿੱਖੀ ਭੇਖ ਵਿੱਚ ਬ੍ਰਾਹਮਣਾਂ ਤੇ ਡੋਗਰਿਆਂ ਨੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਕੇ ਉਨ੍ਹਾਂ ਵਿੱਚ ਖਾਨਾਜੰਗੀ ਸ਼ੁਰੂ ਕਰਵਾ ਦਿੱਤੀ ਅਤੇ ਡੋਗਰਿਆਂ ਨੇ ਜੰਮੂ-ਕਸ਼ਮੀਰ ਦੇ ਰਾਜ ਬਦਲੇ ਗੋਰਿਆਂ ਨਾਲ ਗੁਪਤ ਮੀਟਿੰਗਾਂ ਕਰਕੇ ਪੰਜਾਬ ਉੱਤੇ 1849 ਨੂੰ ਅੰਗ੍ਰੇਜਾਂ ਦਾ ਕਬਜ਼ਾ ਕਰਵਾ ਦਿੱਤਾ । ਭਾਜਪਾਈ ਸਿੱਖ ਲੇਖਕ ਸਿੱਖ ਰਾਜ ਕਿਵੇਂ ਗਿਆ ਦੇ ਇਤਿਹਾਸ &lsquoਤੇ ਜੋਰ ਦਿੰਦੇ ਹਨ, ਪਰ ਸਿੱਖ ਰਾਜ ਕਿਵੇਂ ਬਣਿਆ ਦੀ ਗੱਲ ਨਹੀਂ ਕਰਦੇ । ਤੱਥਾਂ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ । ਇਕ ਭਾਜਪਾਈ ਸਿੱਖ ਲੇਖਕ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਕਿ ਸ਼ਾਹ ਮੁਹੰਮਦ ਨੂੰ ਅੰਗਰੇਜਾਂ ਨੇ ਸਿੱਖ ਰਾਜ ਨੂੰ ਬਦਨਾਮ ਕਰਨ ਤੇ ਆਪਸੀ ਫੁੱਟ ਪਾਉਣ ਲਈ ਤਾਇਨਾਤ ਕੀਤਾ ਸੀ । ਅਜਿਹੇ ਲੇਖਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ।
ਹਵਾਲਾ ਪੁਸਤਕਾਂ :
(1)A short history of the Sikhs,, 1469 ਤੋਂ 1765, ਲੇਖਕ ਪ੍ਰਿੰਸੀਪਲ ਤੇਜਾ ਸਿੰਘ, ਗੰਡਾ ਸਿੰਘ
(2) ਰਾਜ ਕਰੇਗਾ ਖ਼ਾਲਸਾ, ਲੇਖਕ ਸ: ਕਪੂਰ ਸਿੰਘ
(3) ਜੀਵਨੀ ਮਹਾਰਾਜਾ ਰਣਜੀਤ ਸਿੰਘ, ਲੇਖਕ ਡਾ: ਭਗਤ ਸਿੰਘ ਐੱਮ।ਏ।, ਪੀ।ਐੱਚ।ਡੀ।, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
(4) ਸਾਂਝੇ ਪੰਜਾਬ ਦਾ ਦਰਦ, ਕਿਸਾ ਸ਼ਾਹ ਮੁਹੰਮਦ-ਲੇਖਕ ਸ: ਗੁਰਤੇਜ ਸਿੰਘ
(5) ਸਿੱਖ ਰਾਜ ਕਿਵੇਂ ਬਣਿਆ-ਸੋਹਣ ਸਿੰਘ ਸੀਤਲ
(6) ਸਾਡਾ ਇਤਿਹਾਸ ਭਾਗ ਦੂਜਾ-ਲੇਖਕ ਪ੍ਰਿੰ: ਸਤਿਬੀਰ ਸਿੰਘ
(7) ਸ਼੍ਰੋਮਣੀ ਸਿੱਖ ਇਤਿਹਾਸ (1708-1799)-ਲੇਖਕ ਡਾ: ਸੁਖਦਿਆਲ ਸਿੰਘ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ (ਯੂ।ਕੇ।)