ਵਿਦਿਆਰਥੀ ਅੰਦੋਲਨ ਦੀ ਗੂੰਜ ਦੁਨੀਆ ਭਰ ਦੇ ਮੀਡੀਆ ਵਿੱਚ, ਕੌਮਾਂਤਰੀ ਅਖ਼ਬਾਰਾਂ ਨੇ ਵੱਖ-ਵੱਖ ਨਜ਼ਰੀਏ ਨਾਲ ਕੀਤੀ ਕਵਰੇਜ

ਚੰਡੀਗੜ੍ਹ: ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਧਿਆਨ ਖਿੱਚ ਲਿਆ ਹੈ। ਦੁਨੀਆ ਦੀਆਂ ਪ੍ਰਮੁੱਖ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਅੰਦੋਲਨ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਪ੍ਰਮੁੱਖਤਾ ਨਾਲ ਕਵਰ ਕੀਤਾ ਹੈ। ਦਾ ਗਾਰਡੀਅਨ, ਨਿਊਯਾਰਕ ਟਾਈਮਜ਼, ਬੀਬੀਸੀ, ਫਿਨਾਂਸ਼ੀਅਲ ਟਾਈਮਜ਼, ਅਲ ਜਜ਼ੀਰਾ ਅਤੇ ਡਾਨ ਵਰਗੇ ਮੀਡੀਆ ਅਦਾਰਿਆਂ ਨੇ ਤਸਵੀਰਾਂ ਅਤੇ ਵਿਸ਼ਲੇਸ਼ਣ ਸਹਿਤ ਵਿਦਿਆਰਥੀ ਅੰਦੋਲਨ ਨੂੰ ਵਿਸ਼ਵ ਪੱਧਰ ਦੀ ਚਰਚਾ ਦਾ ਵਿਸ਼ਾ ਬਣਾਇਆ ਹੈ।

ਪ੍ਰੋ. ਕੁਲਬੀਰ ਸਿੰਘ ਅਨੁਸਾਰ, ਕਤਰ ਅਧਾਰਿਤ ਕੌਮਾਂਤਰੀ ਨਿਊਜ਼ ਚੈਨਲ ਅਲ ਜਜ਼ੀਰਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਸੰਘਰਸ਼ ਹੁਣ ਕੇਵਲ ਸਿੱਖਿਆ ਸੁਧਾਰ ਤੱਕ ਸੀਮਤ ਨਹੀਂ ਰਿਹਾ, ਸਗੋਂ ਸਰਕਾਰ ਸਾਹਮਣੇ ਪਿਛਲੇ ਇਕ ਦਹਾਕੇ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਬਣ ਚੁੱਕਾ ਹੈ।

ਇਸੇ ਤਰ੍ਹਾਂ ਬ੍ਰਿਟੇਨ ਦੇ ਪ੍ਰਸਿੱਧ ਅਖ਼ਬਾਰ ਦਾ ਗਾਰਡੀਅਨ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਕਾਰਵਾਈ ਨੂੰ ਕੇਂਦਰ ਵਿੱਚ ਰੱਖਦਿਆਂ ਲਿਖਿਆ ਕਿ ਲਾਠੀਚਾਰਜ, ਅੱਥਰੂ ਗੈਸ ਅਤੇ ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਵਿਦਿਆਰਥੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਅਖ਼ਬਾਰ ਨੇ ਪ੍ਰਦਰਸ਼ਨਕਾਰੀਆਂ ਦੇ ਤਜਰਬਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਉਭਾਰਿਆ ਹੈ।

ਦਾ ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਗੜਬੜੀ ਖ਼ਿਲਾਫ਼ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਪਹੁੰਚੇ ਹਨ। ਰਿਪੋਰਟ ਮੁਤਾਬਕ ਪੁਲਿਸ ਦੀ ਕਾਰਵਾਈ ਅਤੇ ਜ਼ਖ਼ਮੀ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਅਖ਼ਬਾਰ ਨੇ ਇਹ ਵੀ ਕਿਹਾ ਕਿ ਬੇਰੁਜ਼ਗਾਰੀ, ਪੇਪਰ ਲੀਕ ਅਤੇ ਸਿਸਟਮ ਪ੍ਰਤੀ ਵਧ ਰਹੀ ਨਿਰਾਸ਼ਾ ਨੇ ਇਸ ਅੰਦੋਲਨ ਨੂੰ ਮਜ਼ਬੂਤੀ ਦਿੱਤੀ ਹੈ।

ਬੀਬੀਸੀ ਨੇ ਇਸ ਅੰਦੋਲਨ ਨੂੰ ਨੌਜਵਾਨਾਂ ਦੇ ਵਿਰੋਧ ਦਾ ਨਵਾਂ ਰੂਪ ਦੱਸਦਿਆਂ ਲਿਖਿਆ ਕਿ ਅੱਜ ਦੇ ਨੌਜਵਾਨ ਸੜਕਾਂ 'ਤੇ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਇੰਸਟਾਗ੍ਰਾਮ ਰੀਲਾਂ, ਮੀਮਜ਼ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਸਰਕਾਰ ਦਾ ਪੱਖ ਵੀ ਸ਼ਾਮਲ ਕਰਦਿਆਂ ਸੰਤੁਲਿਤ ਪੇਸ਼ਕਾਰੀ ਦੀ ਕੋਸ਼ਿਸ਼ ਕੀਤੀ ਹੈ, ਪਰ ਮੁੱਖ ਧਿਆਨ ਇਸ ਗੱਲ 'ਤੇ ਦਿੱਤਾ ਕਿ ਵਿਰੋਧ ਪ੍ਰਗਟ ਕਰਨ ਦੇ ਢੰਗ ਵਿੱਚ ਵੱਡਾ ਬਦਲਾਅ ਆਇਆ ਹੈ।

ਫਿਨਾਂਸ਼ੀਅਲ ਟਾਈਮਜ਼ ਨੇ ਟਿੱਪਣੀ ਕੀਤੀ ਕਿ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜੇ ਮੁੱਦਿਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਜਵਾਬਦੇਹੀ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਮੰਗ ਨਾਲ ਜੁੜਿਆ ਇੱਕ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ।

ਉੱਧਰ ਪਾਕਿਸਤਾਨ ਦੇ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਇਹ ਪ੍ਰਦਰਸ਼ਨ ਵਿਰੋਧੀ ਧਿਰ ਲਈ ਸਿਆਸੀ ਮੌਕਾ ਬਣ ਸਕਦੇ ਹਨ, ਪਰ ਇਸ ਨਾਲ ਪੇਪਰ ਲੀਕ, ਸਿੱਖਿਆ ਸੁਧਾਰ ਅਤੇ ਬੇਰੁਜ਼ਗਾਰੀ ਵਰਗੇ ਅਸਲ ਮੁੱਦੇ ਪਿੱਛੇ ਛੁੱਟਣ ਦਾ ਖ਼ਤਰਾ ਵੀ ਹੈ।

ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਅੰਦੋਲਨ ਨੂੰ ਲੈ ਕੇ ਇਸ ਵੇਲੇ ਤਿੰਨ ਵੱਖ-ਵੱਖ ਨਜ਼ਰੀਏ ਸਾਹਮਣੇ ਆ ਰਹੇ ਹਨ&mdashਭਾਰਤ ਦਾ ਮੁੱਖ ਧਾਰਾ ਮੀਡੀਆ, ਸੋਸ਼ਲ ਮੀਡੀਆ ਅਤੇ ਕੌਮਾਂਤਰੀ ਮੀਡੀਆ। ਉਨ੍ਹਾਂ ਕਿਹਾ ਕਿ ਦ੍ਰਿਸ਼ਟੀਕੋਣ ਅਤੇ ਦੂਰੀ ਦੇ ਕਾਰਨ ਤਿੰਨਾਂ ਦੀ ਪੇਸ਼ਕਾਰੀ ਵਿੱਚ ਅੰਤਰ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਵਿਦੇਸ਼ੀ ਮੀਡੀਆ ਇਸ ਅੰਦੋਲਨ ਵਿੱਚ ਹੋ ਰਹੇ ਤੇਜ਼ ਬਦਲਾਵਾਂ ਨੂੰ ਬਹੁਤ ਗੰਭੀਰਤਾ ਨਾਲ ਕਵਰ ਕਰ ਰਿਹਾ ਹੈ ਅਤੇ ਕਈ ਅਖ਼ਬਾਰਾਂ ਨੇ ਇਸਨੂੰ ਮੁੱਖ ਪੰਨੇ ਦੀ ਸੁਰਖੀ ਬਣਾਉਂਦਿਆਂ ਨੌਜਵਾਨਾਂ ਦੀ ਵਧ ਰਹੀ ਅਸੰਤੁਸ਼ਟੀ ਅਤੇ ਨਿਰਾਸ਼ਾ ਦਾ ਪ੍ਰਤੀਕ ਕਰਾਰ ਦਿੱਤਾ ਹੈ।