ਕਾਲੇ ਸਾਗਰ ਦੇ ਟਕਰਾਅ ਵਾਲੇ ਖੇਤਰਾਂ ਲਈ ਭਾਰਤੀ ਮਲਾਹਾਂ ਨੂੰ ਸਰਕਾਰ ਦੀ ਚੇਤਾਵਨੀ, ਨੌਕਰੀ ਤੋਂ ਪਹਿਲਾਂ ਸੁਰੱਖਿਆ ਦੀ ਪੂਰੀ ਜਾਂਚ ਕਰਨ ਦੀ ਅਪੀਲ

ਨਵੀਂ ਦਿੱਲੀ: ਕਾਲੇ ਸਾਗਰ ਅਤੇ ਇਸ ਨਾਲ ਜੁੜੇ ਸੰਘਰਸ਼ ਪ੍ਰਭਾਵਿਤ ਸਮੁੰਦਰੀ ਇਲਾਕਿਆਂ ਵਿੱਚ ਵਧ ਰਹੇ ਸੁਰੱਖਿਆ ਖ਼ਤਰਿਆਂ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਉੱਥੇ ਕੰਮ ਕਰਨ ਦੇ ਇੱਛੁਕ ਭਾਰਤੀ ਮਲਾਹਾਂ ਅਤੇ ਸਮੁੰਦਰੀ ਕਰਮਚਾਰੀਆਂ ਲਈ ਵਿਸ਼ੇਸ਼ ਸੁਰੱਖਿਆ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਅਪੀਲ ਕੀਤੀ ਹੈ ਕਿ ਅਜਿਹੇ ਖੇਤਰਾਂ ਵਿੱਚ ਨੌਕਰੀ ਸਵੀਕਾਰ ਕਰਨ ਤੋਂ ਪਹਿਲਾਂ ਸੁਰੱਖਿਆ ਹਾਲਾਤਾਂ ਦਾ ਪੂਰਾ ਮੁਲਾਂਕਣ ਕੀਤਾ ਜਾਵੇ ਅਤੇ ਹਰ ਲੋੜੀਂਦੀ ਸਾਵਧਾਨੀ ਅਪਣਾਈ ਜਾਵੇ।

ਇਹ ਸਲਾਹ ਉਸ ਵੇਲੇ ਜਾਰੀ ਕੀਤੀ ਗਈ ਹੈ ਜਦੋਂ ਹਾਲ ਹੀ ਵਿੱਚ ਕਾਲੇ ਸਾਗਰ ਖੇਤਰ ਵਿੱਚ ਵਪਾਰਕ ਜਹਾਜ਼ਾਂ 'ਤੇ ਹੋਏ ਹਮਲਿਆਂ ਦੌਰਾਨ ਪੰਜ ਭਾਰਤੀ ਨਾਗਰਿਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖੇਤਰ ਵਿੱਚ ਜਾਰੀ ਟਕਰਾਅ ਕਾਰਨ ਸਮੁੰਦਰੀ ਸੁਰੱਖਿਆ ਸਥਿਤੀ ਬਹੁਤ ਸੰਵੇਦਨਸ਼ੀਲ ਬਣੀ ਹੋਈ ਹੈ।

ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਸਮੁੰਦਰੀ ਰਸਤਿਆਂ 'ਤੇ ਚੱਲਣ ਵਾਲੇ ਵਪਾਰਕ ਜਹਾਜ਼ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਸਰਕਾਰੀ ਜਾਣਕਾਰੀ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਜਾਨੀ ਨੁਕਸਾਨ ਦੀਆਂ ਘਟਨਾਵਾਂ ਵੀ ਵਧੀਆਂ ਹਨ।