ਅਮਰੀਕਾ-ਈਰਾਨ ਤਣਾਅ ਵਿੱਚ ਮਿਲੀ ਰਾਹਤ, ਫੌਜੀ ਕਾਰਵਾਈਆਂ ਰੁਕੀਆਂ ਪਰ ਹੋਰਮੁਜ਼ ਰਾਹੀਂ ਸਮੁੰਦਰੀ ਆਵਾਜਾਈ ਹਾਲੇ ਸੁਸਤ

ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਦਰਮਿਆਨ ਪਿਛਲੇ ਦਿਨਾਂ ਦੇ ਤਣਾਅ ਅਤੇ ਫੌਜੀ ਟਕਰਾਅ ਤੋਂ ਬਾਅਦ ਦੂਜੇ ਦਿਨ ਵੀ ਹਾਲਾਤ ਸ਼ਾਂਤ ਰਹੇ। ਦੋਵਾਂ ਦੇਸ਼ਾਂ ਵੱਲੋਂ ਸਿੱਧੀਆਂ ਫੌਜੀ ਕਾਰਵਾਈਆਂ ਰੁਕਣ ਨਾਲ ਖੇਤਰ ਵਿੱਚ ਕੁਝ ਰਾਹਤ ਦੇ ਸੰਕੇਤ ਮਿਲੇ ਹਨ, ਹਾਲਾਂਕਿ ਸਮੁੰਦਰੀ ਵਪਾਰ ਅਤੇ ਜਹਾਜ਼ਾਂ ਦੀ ਆਵਾਜਾਈ 'ਤੇ ਸੰਕਟ ਅਜੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ।
ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਹਮਲੇ ਰੋਕੇ ਜਾਣ ਤੋਂ ਬਾਅਦ ਈਰਾਨ ਨੇ ਵੀ ਆਪਣੀਆਂ ਜਵਾਬੀ ਫੌਜੀ ਕਾਰਵਾਈਆਂ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਕੁਝ ਖ਼ਬਰਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਅਮਰੀਕਾ ਵੱਲੋਂ ਕਾਰਵਾਈ ਰੋਕਣ ਦਾ ਕਾਰਨ ਗੋਲਾ-ਬਾਰੂਦ ਦੀ ਘਾਟ ਸੀ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਦਾਵਿਆਂ ਨੂੰ ਨਕਾਰਦਿਆਂ ਕਿਹਾ ਕਿ ਦੇਸ਼ ਕੋਲ ਲੋੜ ਤੋਂ ਕਾਫ਼ੀ ਵੱਧ ਹਥਿਆਰਾਂ ਦਾ ਭੰਡਾਰ ਮੌਜੂਦ ਹੈ।
ਇਸੇ ਸਮੇਂ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਿਆਂ ਰਾਹੀਂ ਸੰਪਰਕ ਅਤੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਜਾਰੀ ਹੈ, ਜਿਸ ਨਾਲ ਕੂਟਨੀਤਕ ਕੋਸ਼ਿਸ਼ਾਂ ਦੇ ਜਾਰੀ ਰਹਿਣ ਦੀ ਉਮੀਦ ਬਣੀ ਹੋਈ ਹੈ।
ਹੋਰਮੁਜ਼ ਜਲਮਾਰਗ ਨੂੰ ਲੈ ਕੇ ਵੀ ਮਤਭੇਦ ਬਰਕਰਾਰ ਹਨ। ਈਰਾਨ ਨੇ ਇਸ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਸਰਵਿਸ ਫੀਸ ਵਸੂਲਣ ਦੀ ਆਪਣੀ ਮੰਗ ਦੁਹਰਾਈ ਹੈ, ਜਦਕਿ ਓਮਾਨ ਦੇ ਵਿਚੋਲਿਆਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਸਮੁੰਦਰੀ ਰਸਤਾ ਸਭ ਲਈ ਖੁੱਲ੍ਹਾ ਅਤੇ ਬਿਨਾਂ ਕਿਸੇ ਵਾਧੂ ਫੀਸ ਦੇ ਉਪਲਬਧ ਰਹਿਣਾ ਚਾਹੀਦਾ ਹੈ।
ਸੂਤਰਾਂ ਅਨੁਸਾਰ ਓਮਾਨ ਨੇ ਖੇਤਰੀ ਦੇਸ਼ਾਂ ਦੀ ਸਾਂਝੀ ਭਾਗੀਦਾਰੀ ਨਾਲ ਹੋਰਮੁਜ਼ ਜਲਮਾਰਗ ਦੇ ਪ੍ਰਬੰਧ ਦਾ ਸੁਝਾਅ ਵੀ ਦਿੱਤਾ ਹੈ, ਪਰ ਈਰਾਨ ਹਾਲੇ ਵੀ ਆਪਣੇ ਰੁਖ 'ਤੇ ਕਾਇਮ ਹੈ ਅਤੇ ਸਰਵਿਸ ਫੀਸ ਲਾਗੂ ਕਰਨ ਦੀ ਵਕਾਲਤ ਕਰ ਰਿਹਾ ਹੈ।
ਭਾਵੇਂ ਖੇਤਰ ਵਿੱਚ ਫੌਜੀ ਤਣਾਅ ਕੁਝ ਘਟਿਆ ਹੈ, ਪਰ ਸਮੁੰਦਰੀ ਵਪਾਰ ਹਾਲੇ ਪੂਰੀ ਤਰ੍ਹਾਂ ਸਧਾਰਨ ਨਹੀਂ ਹੋਇਆ। ਤਾਜ਼ਾ ਅੰਕੜਿਆਂ ਅਨੁਸਾਰ ਹੋਰਮੁਜ਼ ਜਲਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ ਹੈ, ਜਿਸ ਕਾਰਨ ਵਿਸ਼ਵ ਪੱਧਰ 'ਤੇ ਵਪਾਰ ਅਤੇ ਸਪਲਾਈ ਚੇਨ 'ਤੇ ਇਸ ਦਾ ਅਸਰ ਜਾਰੀ ਹੈ।