ਐਡੀਲੇਡ ਦੇ ਗੁਰਦੁਆਰਾ ਦਮਦਮੀ ਦਰਬਾਰ ਵਿੱਚ ਭਿਆਨਕ ਅੱਗ, ਇਮਾਰਤ ਨੂੰ ਭਾਰੀ ਨੁਕਸਾਨ ਪਾਵਨ ਸਰੂਪਾਂ ਦੀ ਸਥਿਤੀ ਬਾਰੇ ਚਿੰਤਾ

ਐਡੀਲੇਡ: ਆਸਟ੍ਰੇਲੀਆ ਦੇ ਦੱਖਣੀ ਆਸਟ੍ਰੇਲੀਆ ਸੂਬੇ ਦੇ ਐਡੀਲੇਡ ਸ਼ਹਿਰ ਸਥਿਤ ਗੁਰਦੁਆਰਾ ਦਮਦਮੀ ਦਰਬਾਰ ਵਿੱਚ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ ਗੁਰਦੁਆਰਾ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੁੱਖ ਦੀਵਾਨ ਹਾਲ ਨੂੰ ਗੰਭੀਰ ਨੁਕਸਾਨ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਥਿਤੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ।

ਪ੍ਰਬੰਧਕਾਂ ਅਨੁਸਾਰ ਅੱਗ ਲੱਗਣ ਤੋਂ ਬਾਅਦ ਮੁੱਖ ਦੀਵਾਨ ਹਾਲ ਦੀ ਛੱਤ ਢਹਿ ਕੇ ਪਾਲਕੀ ਸਾਹਿਬ ਵਾਲੇ ਹਿੱਸੇ 'ਤੇ ਆ ਡਿੱਗੀ, ਜਿਸ ਕਾਰਨ ਉੱਥੇ ਸਥਾਪਿਤ ਪਾਵਨ ਸਰੂਪਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਕਮੇਟੀ ਨੇ ਕਿਹਾ ਹੈ ਕਿ ਅਧਿਕਾਰਤ ਪੁਸ਼ਟੀ ਤੋਂ ਪਹਿਲਾਂ ਕਿਸੇ ਨਤੀਜੇ 'ਤੇ ਪਹੁੰਚਣਾ ਠੀਕ ਨਹੀਂ ਹੋਵੇਗਾ।

ਘਟਨਾ ਤੋਂ ਬਾਅਦ ਐਮਰਜੈਂਸੀ ਟੀਮਾਂ ਅਤੇ ਗੁਰਦੁਆਰਾ ਪ੍ਰਬੰਧਕ ਮਲਬੇ ਹੇਠੋਂ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਸੁਰੱਖਿਅਤ ਬਾਹਰ ਕੱਢਣ ਦੇ ਯਤਨਾਂ ਵਿੱਚ ਜੁਟੇ ਹੋਏ ਹਨ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਅੱਗ ਦੀ ਸ਼ੁਰੂਆਤ ਲੰਗਰ ਹਾਲ ਦੀ ਰਸੋਈ ਵਾਲੇ ਹਿੱਸੇ ਤੋਂ ਹੋਈ ਅਤੇ ਕੁਝ ਹੀ ਸਮੇਂ ਵਿੱਚ ਇਹ ਤੇਜ਼ੀ ਨਾਲ ਫੈਲਦੀ ਹੋਈ ਮੁੱਖ ਦੀਵਾਨ ਹਾਲ ਤੱਕ ਪਹੁੰਚ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਦਾ ਧਾਰਮਿਕ ਸਮਾਗਮ ਸਮਾਪਤ ਹੋਏ ਲਗਭਗ ਇੱਕ ਘੰਟਾ ਬੀਤ ਚੁੱਕਾ ਸੀ।

ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅੱਗ ਦੀ ਤੀਬਰਤਾ ਦੌਰਾਨ ਕਈ ਧਮਾਕਿਆਂ ਵਰਗੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਅਤੇ ਅੱਗ ਕਾਰਨ ਗੁਰਦੁਆਰਾ ਇਮਾਰਤ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ।

ਹਾਦਸੇ ਤੋਂ ਬਾਅਦ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲੈ ਕੇ ਗੁਰਦੁਆਰਾ ਕੰਪਲੈਕਸ ਵਿੱਚ ਆਮ ਲੋਕਾਂ ਦੇ ਦਾਖ਼ਲੇ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਅਧਿਕਾਰੀ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਵਿੱਚ ਜੁਟੇ ਹੋਏ ਹਨ।