ਦਾਖਾ ਸੀਟ ਤੋਂ ਪਰਮਜੀਤ ਕੌਰ ਖਾਲੜਾ ਨੂੰ ਚੋਣ ਲੜਾਉਣ ਦੀ ਵਕਾਲਤ, ਮਨਪ੍ਰੀਤ ਸਿੰਘ ਇਆਲੀ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ: "ਵਾਰਿਸ ਪੰਜਾਬ ਦੇ" ਨਾਲ ਜੁੜੇ ਸੀਨੀਅਰ ਆਗੂ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਬੀਬੀ ਪਰਮਜੀਤ ਕੌਰ ਖਾਲੜਾ ਮੁੱਲਾਂਪੁਰ ਦਾਖਾ ਹਲਕੇ ਤੋਂ ਚੋਣ ਲੜਨ ਅਤੇ ਇਸ ਨੂੰ ਉਹ ਆਪਣੇ ਲਈ ਮਾਣ ਵਾਲੀ ਗੱਲ ਮੰਨਣਗੇ।
ਇਆਲੀ ਨੇ ਕਿਹਾ ਕਿ ਜੇਕਰ ਪਰਮਜੀਤ ਕੌਰ ਖਾਲੜਾ ਦਾਖਾ ਤੋਂ ਚੋਣ ਲੜਨ ਦਾ ਫ਼ੈਸਲਾ ਕਰਦੀਆਂ ਹਨ ਤਾਂ ਹਲਕੇ ਦੇ ਲੋਕ, ਸੰਗਤ ਅਤੇ ਪਾਰਟੀ ਵਰਕਰ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਵਿੱਚ ਜੁਟ ਜਾਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਦਾਖਾ ਦੀ ਧਰਤੀ ਉਨ੍ਹਾਂ ਦਾ ਦਿਲੋਂ ਸਵਾਗਤ ਕਰੇਗੀ।
ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਦੋਂ ਉਹ "ਵਾਰਿਸ ਪੰਜਾਬ ਦੇ" ਨਾਲ ਜੁੜੇ ਸਨ ਤਾਂ ਉਨ੍ਹਾਂ ਨੇ ਨਾ ਟਿਕਟ ਦੀ ਕੋਈ ਸ਼ਰਤ ਰੱਖੀ ਸੀ ਅਤੇ ਨਾ ਹੀ ਕਿਸੇ ਅਹੁਦੇ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੰਥਕ ਮੁੱਦੇ ਅਤੇ ਪੰਜਾਬ ਦੇ ਹਿੱਤ ਹਮੇਸ਼ਾ ਨਿੱਜੀ ਸਿਆਸੀ ਲਾਲਸਾਵਾਂ ਤੋਂ ਉੱਪਰ ਰਹੇ ਹਨ।
ਉਨ੍ਹਾਂ ਆਪਣੇ ਬਿਆਨ ਵਿੱਚ ਪੰਥਕ ਏਕਤਾ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਆਲੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਥਕ ਅਤੇ ਪੰਜਾਬ ਪੱਖੀ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ, ਤਾਂ ਜੋ ਪੰਜਾਬ ਅਤੇ ਸਿੱਖ ਕੌਮ ਨਾਲ ਜੁੜੇ ਵੱਡੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਪੰਥਕ ਏਕਤਾ ਲਈ ਯਤਨ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਦਿਸ਼ਾ ਵਿੱਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।