ਟਰੰਪ ਦਾ ਇਰਾਨ ਨੂੰ ਸਖ਼ਤ ਸੰਦੇਸ਼, ਕਿਹਾ—ਅਮਰੀਕਾ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਜਾਰੀ ਤਣਾਅ ਦਰਮਿਆਨ ਇੱਕ ਵਾਰ ਫਿਰ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਰੱਖਿਆ ਸਮਰੱਥਾ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਦੇਸ਼ ਕੋਲ ਲੋੜ ਤੋਂ ਵੀ ਵੱਧ ਹਥਿਆਰਾਂ ਦਾ ਭੰਡਾਰ ਮੌਜੂਦ ਹੈ।

ਟਰੰਪ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਗਾਤਾਰ ਫੌਜੀ ਤਣਾਅ ਕਾਰਨ ਅਮਰੀਕਾ ਦੇ ਕੁਝ ਰੱਖਿਆ ਹਥਿਆਰਾਂ, ਖ਼ਾਸ ਕਰਕੇ ਪੈਟ੍ਰੀਅਟ ਇੰਟਰਸੈਪਟਰ ਮਿਜ਼ਾਈਲਾਂ ਦੇ ਭੰਡਾਰ 'ਤੇ ਦਬਾਅ ਪੈ ਰਿਹਾ ਹੈ। ਰਾਸ਼ਟਰਪਤੀ ਨੇ ਇਨ੍ਹਾਂ ਦਾਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਮਰੀਕਾ ਆਪਣੀਆਂ ਸੁਰੱਖਿਆ ਲੋੜਾਂ ਪੂਰੀਆਂ ਕਰਨ ਲਈ ਹਰ ਪੱਖੋਂ ਸਮਰੱਥ ਹੈ।

ਇਸ ਦੌਰਾਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਕਈ ਏਆਈ (AI) ਰਾਹੀਂ ਤਿਆਰ ਕੀਤੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਇਰਾਨ ਦੇ ਖਾਰਗ ਆਈਲੈਂਡ ਨਾਲ ਸਬੰਧਤ ਇੱਕ ਕਾਲਪਨਿਕ ਹਵਾਈ ਹਮਲੇ ਦਾ ਦ੍ਰਿਸ਼ ਦਰਸਾਇਆ ਗਿਆ ਸੀ, ਜਦਕਿ ਹੋਰ ਤਸਵੀਰਾਂ ਵਿੱਚ ਇੱਕ ਤੇਲ ਟੈਂਕਰ ਅਤੇ ਜਹਾਜ਼ ਨਾਲ ਸੰਬੰਧਿਤ ਪ੍ਰਤੀਕਾਤਮਕ ਦ੍ਰਿਸ਼ ਦਿਖਾਏ ਗਏ।

ਟਰੰਪ ਦੀਆਂ ਇਨ੍ਹਾਂ ਪੋਸਟਾਂ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਕੂਟਨੀਤਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ, ਇਨ੍ਹਾਂ ਏਆਈ ਤਸਵੀਰਾਂ ਦਾ ਕਿਸੇ ਅਸਲ ਫੌਜੀ ਕਾਰਵਾਈ ਨਾਲ ਕੋਈ ਅਧਿਕਾਰਤ ਸਬੰਧ ਜਾਂ ਪੁਸ਼ਟੀ ਸਾਹਮਣੇ ਨਹੀਂ ਆਈ ਹੈ।

ਮੱਧ-ਪੂਰਬ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰਾ ਲਗਾਤਾਰ ਨਜ਼ਰ ਬਣਾਈ ਹੋਈ ਹੈ ਅਤੇ ਖੇਤਰ ਵਿੱਚ ਸਥਿਰਤਾ ਕਾਇਮ ਰੱਖਣ ਲਈ ਕੂਟਨੀਤਕ ਕੋਸ਼ਿਸ਼ਾਂ ਜਾਰੀ ਹਨ।