ਗੁਰੂਘਰਾਂ ਵਿੱਚ ਯੋਗਾ ਸੈਸ਼ਨ ਨਾ ਕਰਵਾਏ ਜਾਣ: ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਪੀਲ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਗੁਰੂਘਰਾਂ ਦੇ ਕੰਪਲੈਕਸਾਂ ਅੰਦਰ ਯੋਗਾ ਸੈਸ਼ਨਾਂ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰੇ ਗੁਰਬਾਣੀ, ਨਾਮ ਸਿਮਰਨ ਅਤੇ ਸਿੱਖ ਧਾਰਮਿਕ ਪਰੰਪਰਾਵਾਂ ਨਾਲ ਜੁੜਨ ਦੇ ਕੇਂਦਰ ਹਨ, ਇਸ ਲਈ ਇੱਥੇ ਯੋਗਾ ਗਤੀਵਿਧੀਆਂ ਕਰਵਾਉਣਾ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ।

ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਜਥੇਦਾਰ ਨੇ ਦੱਸਿਆ ਕਿ ਕੁਝ ਸਿੱਖ ਨੌਜਵਾਨਾਂ ਨੇ ਹਾਲ ਹੀ ਵਿੱਚ ਗੁਰਦੁਆਰਿਆਂ ਵਿੱਚ ਯੋਗਾ ਸੈਸ਼ਨ ਕਰਵਾਏ ਜਾਣ ਸਬੰਧੀ ਚਿੰਤਾ ਪ੍ਰਗਟ ਕੀਤੀ ਸੀ। ਇਸ ਸਬੰਧੀ ਸਿੱਖ ਪੰਥ ਦਾ ਪੱਖ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਯੋਗ ਦਾ ਅਰਥ ਭਾਵੇਂ ਪਰਮਾਤਮਾ ਨਾਲ ਜੁੜਨਾ ਦੱਸਿਆ ਜਾਂਦਾ ਹੈ, ਪਰ ਅਮਲ ਵਿੱਚ ਇਹ ਮੁੱਖ ਤੌਰ 'ਤੇ ਸਰੀਰਕ ਕਸਰਤ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ ਵਿੱਚ ਸਰੀਰਕ ਤੰਦਰੁਸਤੀ ਲਈ ਕਸਰਤ ਜਾਂ ਯੋਗ ਕਰਨਾ ਚਾਹੁੰਦਾ ਹੈ ਤਾਂ ਇਹ ਉਸ ਦੀ ਨਿੱਜੀ ਚੋਣ ਹੈ। ਪਰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਜਾਂ ਲੰਗਰ ਹਾਲ ਵਰਗੇ ਧਾਰਮਿਕ ਸਥਾਨਾਂ ਵਿੱਚ ਯੋਗਾ ਸੈਸ਼ਨ ਕਰਵਾਉਣਾ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੇ ਅਨੁਕੂਲ ਨਹੀਂ ਹੈ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਦੁਆਰਿਆਂ ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਸੀ ਕਿ ਸੰਗਤ ਗੁਰਬਾਣੀ ਨਾਲ ਜੁੜੇ ਅਤੇ ਆਤਮਕ ਉੱਨਤੀ ਪ੍ਰਾਪਤ ਕਰੇ। ਉਨ੍ਹਾਂ ਮੀਰੀ-ਪੀਰੀ ਦੇ ਸਿੱਖ ਸਿਧਾਂਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਆਤਮਕ ਅਤੇ ਸੰਸਾਰਕ ਜ਼ਿੰਮੇਵਾਰੀਆਂ ਦਾ ਸੰਤੁਲਨ ਹੈ ਅਤੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਵੀ ਦਿੱਤੀ ਸੀ।

ਕਾਰਜਕਾਰੀ ਜਥੇਦਾਰ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਉੱਥੇ ਧਿਆਨ ਕੇਵਲ ਗੁਰਬਾਣੀ, ਕੀਰਤਨ ਅਤੇ ਸਿੱਖ ਧਾਰਮਿਕ ਮਰਿਆਦਾ 'ਤੇ ਹੀ ਕੇਂਦਰਿਤ ਰਹੇ। ਉਨ੍ਹਾਂ ਕਿਹਾ ਕਿ ਸਰੀਰਕ ਕਸਰਤ ਲਈ ਹੋਰ ਥਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਗੁਰੂਘਰਾਂ ਦੇ ਅੰਦਰ ਯੋਗਾ ਪ੍ਰੋਗਰਾਮਾਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।