ਮੇਦਾਂਤਾ ਹਸਪਤਾਲ ਤੋਂ ਡਿਸਚਾਰਜ ਹੋਏ ਸੋਨਮ ਵਾਂਗਚੁਕ, ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਦੇਣਗੇ ਸ਼ਰਧਾਂਜਲੀ

ਨਵੀਂ ਦਿੱਲੀ: ਸਮਾਜਿਕ ਕਾਰਕੁਨ ਅਤੇ ਸਿੱਖਿਆਵਿਦ ਸੋਨਮ ਵਾਂਗਚੁਕ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ।

ਵੀਡੀਓ ਸੰਦੇਸ਼ ਵਿੱਚ ਵਾਂਗਚੁਕ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਅਤੇ ਉਹ ਹੌਲੀ-ਹੌਲੀ ਆਮ ਖੁਰਾਕ ਲੈ ਰਹੇ ਹਨ। ਉਨ੍ਹਾਂ ਨੇ ਆਪਣੀ ਸਿਹਤ ਵਿੱਚ ਆਏ ਸੁਧਾਰ 'ਤੇ ਖੁਸ਼ੀ ਜ਼ਾਹਰ ਕਰਦਿਆਂ ਡਾਕਟਰਾਂ ਅਤੇ ਹਸਪਤਾਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ ਲੱਦਾਖ ਸਥਿਤ ਆਪਣੇ ਘਰ ਵਾਪਸ ਜਾਣ ਤੋਂ ਪਹਿਲਾਂ ਉਹ ਨਵੀਂ ਦਿੱਲੀ ਦੇ ਰਾਜਘਾਟ ਵਿਖੇ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਸੋਨਮ ਵਾਂਗਚੁਕ ਨੇ ਆਪਣੇ ਅੰਦੋਲਨ ਨੂੰ ਮਿਲੇ ਸਮਰਥਨ ਲਈ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਲੋਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਆਵਾਜ਼ ਉਠਾ ਕੇ ਇਸ ਮੁਹਿੰਮ ਦਾ ਸਾਥ ਦਿੱਤਾ, ਜਿਸ ਨਾਲ ਅੰਦੋਲਨ ਨੂੰ ਮਜ਼ਬੂਤੀ ਮਿਲੀ।

ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਲੋਕਾਂ ਦੇ ਸਾਂਝੇ ਯਤਨਾਂ ਅਤੇ ਸਮਰਥਨ ਨਾਲ ਉਨ੍ਹਾਂ ਦੀ ਮੁਹਿੰਮ ਨੂੰ ਸਕਾਰਾਤਮਕ ਨਤੀਜੇ ਮਿਲੇ ਹਨ ਅਤੇ ਇਹ ਸਾਰਿਆਂ ਦੀ ਇਕਜੁੱਟਤਾ ਦਾ ਪ੍ਰਤੀਕ ਹੈ।