ਵਿੰਡਸਰ ਵਿਖੇ ਜਿਮ ਵਿਚ ਸਿੱਖ ਨੌਜਵਾਨ ਨੂੰ ਕਿਰਪਾਨ ਸਮੇਤ ਰੋਕਣ 'ਤੇ ਵੱਡਾ ਵਿਵਾਦ ਛਿੜਿਆ, ਧਾਰਮਿਕ ਆਜ਼ਾਦੀ 'ਤੇ ਮੁੜ ਛਿੜੀ ਬਹਿਸ * ਗੁੱਡਲਾਈਫ ਫਿਟਨੈਸ ਦੀ ਕਾਰਵਾਈ 'ਤੇ ਉੱਠੇ ਸਵਾਲ *ਮਨੁੱਖੀ ਅਧਿਕਾਰ ਕਨੂੰਨਾਂ ਦੀ ਉਲੰਘਣਾ ਦਾ ਲੱਗਿਆ ਇਲਜ਼ਾਮ

 ਓਨਟਾਰੀਓ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਸਥਿਤ 'ਗੁੱਡਲਾਈਫ ਫਿਟਨੈਸ' ਜਿਮ ਵਿੱਚ ਇੱਕ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਕਾਰਨ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਕੰਟੈਂਟ ਕ੍ਰਿਏਟਰ ਅਤੇ ਟਿਕਟੌਕ ਇੰਫਲੂਐਂਸਰ ਗੁਰਪ੍ਰਤਾਪ ਸਿੰਘ ਖਾਲਸਾ ਵੱਲੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਕੈਨੇਡਾ ਵਿੱਚ ਧਾਰਮਿਕ ਆਜ਼ਾਦੀ, ਨਸਲੀ ਪ੍ਰੋਫਾਈਲਿੰਗ ਅਤੇ ਜਨਤਕ ਤੇ ਨਿੱਜੀ ਥਾਵਾਂ 'ਤੇ ਕਿਰਪਾਨ ਪਹਿਨਣ ਦੇ ਅਧਿਕਾਰ ਨੂੰ ਲੈ ਕੇ ਬਹਿਸ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ।
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਮ ਦੀ ਇੱਕ ਮੁਲਾਜ਼ਮ ਗੁਰਪ੍ਰਤਾਪ ਸਿੰਘ ਨੂੰ ਕਸਰਤ ਕਰਨ ਤੋਂ ਰੋਕਦੀ ਹੈ ਅਤੇ ਜਿਮ ਛੱਡ ਕੇ ਜਾਣ ਲਈ ਕਹਿੰਦੀ ਹੈ। ਜਿਮ ਮੁਲਾਜ਼ਮ ਦਾ ਦਾਅਵਾ ਸੀ ਕਿ ਕਿਸੇ ਹੋਰ ਮੈਂਬਰ ਨੇ ਉਸ ਕੋਲ ਕਿਰਪਾਨ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਹੋਰਾਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਉਸ ਨੂੰ ਕਿਰਪਾਨ ਨੂੰ ਹਥਿਆਰ ਮੰਨ ਕੇ ਬਾਹਰ ਜਾਣ ਲਈ ਕਿਹਾ ਗਿਆ ਸੀ।
ਦੂਜੇ ਪਾਸੇ, ਗੁਰਪ੍ਰਤਾਪ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਕਿ ਕਿਰਪਾਨ ਕੋਈ ਹਥਿਆਰ ਨਹੀਂ ਸਗੋਂ ਸਿੱਖ ਧਰਮ ਦਾ ਇੱਕ ਅਟੁੱਟ ਧਾਰਮਿਕ ਅੰਗ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨਾਲ ਨਸਲੀ ਵਿਤਕਰਾ ਕੀਤਾ ਗਿਆ ਹੈ, ਜਦਕਿ ਜਿਮ ਵਿੱਚ ਦਾਖਲ ਹੁੰਦੇ ਸਮੇਂ ਵੀ ਇਹ ਕਿਰਪਾਨ ਉਸ ਦੇ ਸਰੀਰ 'ਤੇ ਨਿਯਮਾਂ ਮੁਤਾਬਕ ਮੌਜੂਦ ਸੀ।
'ਗੁੱਡਲਾਈਫ ਫਿਟਨੈਸ' ਕੰਪਨੀ ਨੇ ਕੀ ਕਿਹਾ
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦੁਆਰਾ ਦੇਖੇ ਜਾਣ ਤੋਂ ਬਾਅਦ ਜਿਮ ਪ੍ਰਬੰਧਕਾਂ ਵੱਲੋਂ ਅਧਿਕਾਰਤ ਸਪੱਸ਼ਟੀਕਰਨ ਜਾਰੀ ਕੀਤਾ ਗਿਆ। ਕੰਪਨੀ ਦੀ ਸੀਨੀਅਰ ਮੀਤ ਪ੍ਰਧਾਨ ਟਰੇਸੀ ਮੈਥਿਊਜ਼ ਨੇ ਮੰਨਿਆ ਕਿ ਵੀਡੀਓ ਵਿੱਚ ਦਿਖਾਈ ਗਈ ਘਟਨਾ ਵਿੱਚ ਕੰਪਨੀ ਦੇ ਤੈਅ ਨਿਯਮਾਂ ਅਤੇ ਅਭਿਆਸਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਦੁਹਰਾਇਆ ਕਿ ਕੰਪਨੀ ਕੈਨੇਡਾ ਦੇ ਮਨੁੱਖੀ ਅਧਿਕਾਰ ਕਾਨੂੰਨਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਸਾਰਿਆਂ ਲਈ ਇੱਕ ਵਧੀਆ ਮਾਹੌਲ ਬਣਾਉਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਘਟਨਾ ਵਿੱਚ ਸ਼ਾਮਲ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ ਅਤੇ ਉਹ ਆਪਣੇ ਸਟਾਫ਼ ਦੇ ਨਾਲ ਖੜ੍ਹੇ ਹਨ।