ਕੈਨੇਡਾ ਦੀ ਸੁਪਰੀਮ ਕੋਰਟ ਦਾ 2006 ਦਾ ਇਤਿਹਾਸਕ ਫੈਸਲਾ

 ​ਇਸ ਮਾਮਲੇ ਦੇ ਤੂਲ ਫੜਨ ਨਾਲ ਕੈਨੇਡਾ ਦੀ ਸੁਪਰੀਮ ਕੋਰਟ ਦੇ 2006 ਦੇ ਪ੍ਰਸਿੱਧ ਫੈਸਲੇ ਦਾ ਜ਼ਿਕਰ ਮੁੜ ਜ਼ੋਰ-ਸ਼ੋਰ ਨਾਲ ਹੋਣ ਲੱਗਾ ਹੈ। ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ ਵਿੱਚ ਸਪੱਸ਼ਟ ਨਿਰਣਾ ਦਿੱਤਾ ਸੀ ਕਿ ਕਿਰਪਾਨ ਨੂੰ ਹਥਿਆਰ ਵਜੋਂ ਨਹੀਂ, ਸਗੋਂ ਸਿੱਖਾਂ ਦੇ ਇੱਕ ਪਵਿੱਤਰ ਧਾਰਮਿਕ ਚਿੰਨ੍ਹ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅਦਾਲਤ ਅਨੁਸਾਰ ਕਿਰਪਾਨ 'ਤੇ ਮੁਕੰਮਲ ਪਾਬੰਦੀ ਲਗਾਉਣਾ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫ੍ਰੀਡਮਜ਼ ਅਧੀਨ ਮਿਲੇ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਅਧਿਕਾਰ ਦਾ ਉਲੰਘਣ ਹੈ।
​ਅਦਾਲਤੀ ਫੈਸਲੇ ਵਿੱਚ ਇਹ ਵੀ ਨੋਟ ਕੀਤਾ ਗਿਆ ਸੀ ਕਿ ਸਿੱਖਾਂ ਵੱਲੋਂ ਕੈਨੇਡਾ ਵਿੱਚ ਸੌ ਸਾਲ ਤੋਂ ਵੱਧ ਸਮੇਂ ਤੋਂ ਕਿਰਪਾਨ ਧਾਰਨ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਜਾਂ ਜਨਤਕ ਥਾਵਾਂ 'ਤੇ ਇਸ ਨਾਲ ਕਿਸੇ ਹਿੰਸਕ ਘਟਨਾ ਦਾ ਸਾਹਮਣੇ ਨਾ ਆਉਣਾ ਇਸ ਦੇ ਸ਼ਾਂਤਮਈ ਮਨੋਰਥ ਨੂੰ ਦਰਸਾਉਂਦਾ ਹੈ।

​ਮੀਡੀਆ ਰਿਪੋਰਟਿੰਗ ਅਤੇ ਸੁਰੱਖਿਆ ਬਨਾਮ ਧਾਰਮਿਕ ਅਧਿਕਾਰਾਂ ਦੀ ਬਹਿਸ
​ਤਾਜ਼ਾ ਘਟਨਾ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ, ਜਿਵੇਂ ਕਿ 'ਜੂਨੋ ਨਿਊਜ਼' ਦੇ ਪੱਤਰਕਾਰ ਕਲੇਟਨ ਡਿਮੇਨ ਵੱਲੋਂ ਇਸ ਮੁੱਦੇ 'ਤੇ ਚਰਚਾ ਨੂੰ ਹੋਰ ਹਵਾ ਦਿੱਤੀ ਗਈ। ਵਿਰੋਧੀ ਤਰਕ ਦੇਣ ਵਾਲੇ ਹਲਕਿਆਂ ਵੱਲੋਂ ਕਿਰਪਾਨ ਦੀ ਵਰਤੋਂ ਨਾਲ ਜੁੜੀਆਂ ਕੁਝ ਇਤਿਹਾਸਕ ਘਟਨਾਵਾਂ ਦਾ ਹਵਾਲਾ ਦੇ ਕੇ ਜਿਮ ਵਰਗੀਆਂ ਥਾਵਾਂ 'ਤੇ ਸੁਰੱਖਿਆ ਚਿੰਤਾਵਾਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ।
​ਦੂਜੇ ਪਾਸੇ, ਮਨੁੱਖੀ ਅਧਿਕਾਰ ਮਾਹਿਰਾਂ ਅਤੇ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਿੱਜੀ ਅਦਾਰਿਆਂ ਅਤੇ ਸੰਸਥਾਵਾਂ ਦੀ ਇਹ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਾਰਮਿਕ ਚਿੰਨ੍ਹਾਂ ਲਈ ਢੁਕਵਾਂ ਸਮਝੌਤਾ ਲੱਭਣ&mdashਜਿਵੇਂ ਕਿ ਕਿਰਪਾਨ ਨੂੰ ਕੱਪੜਿਆਂ ਦੇ ਅੰਦਰ ਢੱਕ ਕੇ ਰੱਖਣ ਦੀ ਇਜਾਜ਼ਤ ਦੇਣਾ।

​ਇਹ ਪੂਰਾ ਮਾਮਲਾ ਸਿਰਫ਼ ਇੱਕ ਜਿਮ ਦੀ ਬਹਿਸ ਤੱਕ ਸੀਮਤ ਨਹੀਂ, ਸਗੋਂ ਕੈਨੇਡਾ ਦੇ ਬਹੁ-ਸੱਭਿਆਚਾਰਕ ਸਿਧਾਂਤਾਂ ਲਈ ਇੱਕ ਵੱਡਾ ਇਮਤਿਹਾਨ ਹੈ। ਪ੍ਰਸਿਧ ਚਿੰਤਕ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਅਦਾਲਤਾਂ ਅਤੇ ਸੰਵਿਧਾਨ ਨੇ ਭਾਵੇਂ ਸਾਲਾਂ ਪਹਿਲਾਂ ਧਾਰਮਿਕ ਕਕਾਰਾਂ ਦੀ ਹੋਂਦ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਪਰ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਅਤੇ ਨਿੱਜੀ ਅਦਾਰਿਆਂ ਦੇ ਮੁਲਾਜ਼ਮਾਂ ਵਿੱਚ ਜਾਣਕਾਰੀ ਦਾ ਵੱਡਾ ਘਾਟਾ ਅਜੇ ਵੀ ਬਰਕਰਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਰਫ਼ ਕਾਨੂੰਨ ਬਣਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਵੱਖ-ਵੱਖ ਭਾਈਚਾਰਿਆਂ ਦੇ ਧਾਰਮਿਕ ਚਿੰਨ੍ਹਾਂ ਦੀ ਮਹੱਤਤਾ ਅਤੇ ਮਰਿਆਦਾ ਬਾਰੇ ਜਨਤਕ ਥਾਵਾਂ ਦੇ ਅਮਲੇ ਨੂੰ ਨਿਰੰਤਰ ਜਾਗਰੂਕ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਸੁਰੱਖਿਆ ਦੇ ਨਾਂ 'ਤੇ ਕਿਸੇ ਦੀ ਆਸਥਾ ਨੂੰ ਠੇਸ ਨਾ ਪੁੱਜੇ।