ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੇ ਸਬੰਧੀ ਲੈਸਟਰ ਨੇੜਲੇ ਓਡਬੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਿਆ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ • ਖਾਲਸਾ ਐਡ ਦੇ ਮੁੱਖ ਸੇਵਾਦਾਰ ਰਵੀ ਸਿੰਘ ਨੇ ਸੰਗਤਾਂ ਨੂੰ ਦਿੱਤੀ ਵਧਾਈ

 ਲੈਸਟਰ (ਇੰਗਲੈਂਡ),28 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ ਕਰਕੇ ਇੰਗਲੈਂਡ ਦੇ ਸ਼ਹਿਰ ਲੈਸਟਰ ਨੇੜਲੇ ਟਾਊਨ ਓਡਬੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਜਜ਼ਬੇ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਨਗਰ ਕੀਰਤਨ ਦਾ ਆਰੰਭ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਰਦਾਸ ਉਪਰੰਤ ਹੋਇਆ। ਸਜਾਈ ਗਈ ਸੁੰਦਰ ਪਾਲਕੀ ਸਾਹਿਬ ਦੇ ਨਾਲ ਸੰਗਤਾਂ ਨੇ ਸ਼ਬਦ ਕੀਰਤਨ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਪੂਰੇ ਇਲਾਕੇ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ। ਨਗਰ ਕੀਰਤਨ ਓਡਬੀ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ।
ਰਸਤੇ ਭਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਪ੍ਰਤੀ ਆਪਣੀ ਅਟੱਲ ਸ਼ਰਧਾ ਦਾ ਪ੍ਰਗਟਾਵਾ ਕੀਤਾ। ਕਈ ਸੇਵਾਦਾਰਾਂ ਨੇ ਟ੍ਰੈਫਿਕ ਪ੍ਰਬੰਧ, ਸਫ਼ਾਈ ਅਤੇ ਸੰਗਤਾਂ ਦੀ ਸਹੂਲਤ ਲਈ ਸੇਵਾ ਨਿਭਾਈ।
ਨਗਰ ਕੀਰਤਨ ਦੌਰਾਨ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਅਨੇਕਾਂ ਸਟਾਲ ਲਗਾਏ ਗਏ, ਜਿੱਥੇ ਚਾਹ, ਠੰਢੇ-ਗਰਮ ਪੇਅ, ਫਲ, ਮਿਠਾਈਆਂ, ਸਨੈਕਸ ਅਤੇ ਹੋਰ ਲੰਗਰ ਅਤੁੱਟ ਵਰਤਾਏ ਗਏ। ਸੇਵਾਦਾਰਾਂ ਨੇ ਪੂਰੇ ਪ੍ਰੇਮ ਅਤੇ ਨਿਮਰਤਾ ਨਾਲ ਸੰਗਤਾਂ ਦੀ ਸੇਵਾ ਕਰਦਿਆਂ ਗੁਰੂ ਘਰ ਦੀ ਲੰਗਰ ਪਰੰਪਰਾ ਨੂੰ ਜੀਵੰਤ ਰੱਖਿਆ।
ਇਸ ਮੌਕੇ ਖਾਲਸਾ ਐਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਵਿਸ਼ੇਸ਼ ਤੌਰ 'ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ ਦੀ ਨਿਰਸਵਾਰਥ ਸੇਵਾ, ਦਇਆ, ਨਿਮਰਤਾ ਅਤੇ ਪਰਉਪਕਾਰ ਦਾ ਅਨੋਖਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਹੀ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਾ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਨਗਰ ਕੀਰਤਨ ਦੇ ਸਫ਼ਲ ਆਯੋਜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਧਾਰਮਿਕ ਸਮਾਗਮ ਨਾ ਸਿਰਫ਼ ਸਿੱਖ ਵਿਰਾਸਤ ਨੂੰ ਸਾਂਭਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ  ਨਾਲ ਜੋੜਨ ਦਾ ਵੀ ਵੱਡਾ ਸਾਧਨ ਹਨ।
ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿੱਥੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅੰਤ ਵਿੱਚ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ।