ਪੰਜਾਬੀ ਆਰਟ ਐਂਡ ਲਿਟਰੇਰੀ ਅਕੈਡਮੀ ਯੂ.ਕੇ. ਵੱਲੋਂ ਕਰਵਾਏ ਸਮਾਗਮ ਵਿੱਚ ਤਿੰਨ ਪੁਸਤਕਾਂ ਲੋਕ ਅਰਪਿਤ, ਵਿਦਵਾਨਾਂ ਨੇ ਧਰਮ ਅਤੇ ਵਿਗਿਆਨ ਵਿਸ਼ੇ 'ਤੇ ਕੀਤੀ ਭਰਪੂਰ ਚਰਚਾ

 ਲੈਸਟਰ (ਇੰਗਲੈਂਡ), 28 ਜੁਲਾਈ (ਸੁਖਜਿੰਦਰ ਸਿੰਘ ਢੱਡੇ)&ndash ਪੰਜਾਬੀ ਆਰਟ ਐਂਡ ਲਿਟਰੇਰੀ ਅਕੈਡਮੀ ਯੂ.ਕੇ. ਵੱਲੋਂ ਸਰਪ੍ਰਸਤ ਸ੍ਰ. ਸੁਖਦੇਵ ਸਿੰਘ ਬਾਂਸਲ ਦੀ ਅਗਵਾਈ ਹੇਠ ਐਤਵਾਰ ਨੂੰ ਲੈਸਟਰ ਵਿਖੇ ਸਾਲਾਨਾ 'ਸਾਹਿਤਕ ਕਾਨਫਰੰਸ 2026' ਕਰਵਾਈ ਗਈ। ਸਾਹਿਤ, ਚਿੰਤਨ ਅਤੇ ਸੱਭਿਆਚਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਇੰਗਲੈਂਡ ਭਰ ਤੋਂ ਲੇਖਕਾਂ, ਕਵੀਆਂ, ਵਿਦਵਾਨਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਸਮਾਗਮ ਦੇ ਸ਼ੁਰੂ ਵਿੱਚ ਸ੍ਰ. ਸੁਖਦੇਵ ਸਿੰਘ ਬਾਂਸਲ ਨੇ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਕਾਨਫਰੰਸ ਨੂੰ ਤਿੰਨ ਸੈਸ਼ਨਾਂ ਵਿੱਚ ਵੰਡਿਆ ਗਿਆ।
ਪਹਿਲੇ ਸੈਸ਼ਨ ਵਿੱਚ ਪ੍ਰਸਿੱਧ ਲੇਖਕ ਡਾ. ਹਰੀਸ਼ ਮਲਹੋਤਰਾ ਨੇ 'ਧਰਮ ਅਤੇ ਵਿਗਿਆਨ' ਵਿਸ਼ੇ 'ਤੇ ਆਪਣਾ ਖੋਜ-ਪੱਤਰ ਪੇਸ਼ ਕੀਤਾ। ਉਨ੍ਹਾਂ ਧਰਮ ਅਤੇ ਵਿਗਿਆਨ ਦੀਆਂ ਵੱਖ-ਵੱਖ ਕਾਰਜ-ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਉਪਰੰਤ ਹੋਈ ਵਿਚਾਰ-ਚਰਚਾ ਵਿੱਚ ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ, ਡਾ. ਅਮਰਜੀਤ ਸਿੰਘ ਭੌਰ, ਸ੍ਰ. ਸੁਖਦੇਵ ਸਿੰਘ ਬਾਂਸਲ, ਸ੍ਰ. ਚੰਦਰ ਸ਼ੇਖਰ ਸਿੰਘ ਗੁਰੂ, ਪ੍ਰੋ. ਉਂਕਾਰ ਸਿੰਘ, ਸ੍ਰ. ਕੁਲਵੰਤ ਸਿੰਘ ਢੇਸੀ, ਸ੍ਰ. ਜਗਜੀਤ ਸਿੰਘ ਸਹੋਤਾ, ਸ੍ਰ. ਸ਼ੀਤਲ ਸਿੰਘ ਗਿੱਲ, ਸ੍ਰ. ਖਰਲਵੀਰ ਸਿੰਘ, ਬੀਬੀ ਹਰਬੰਸ ਕੌਰ ਥਿਆਰਾ ਅਤੇ ਪਾਕਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਜਨਰਲ ਸਕੱਤਰ ਪ੍ਰੋ. ਬੀਬੀ ਸਤਵੰਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਹਰੀਸ਼ ਮਲਹੋਤਰਾ ਦੀ ਪੁਸਤਕ 'ਸ਼ਹੀਦ ਵਿਗਿਆਨੀ', ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ ਦੀ 'ਵਲੈਤੋਂ ਦੇਖੀ ਦੁਨੀਆਂ' ਅਤੇ ਸ੍ਰ. ਸੁਖਦੇਵ ਸਿੰਘ ਬਾਂਸਲ ਦੀ 'ਜੋਤਿ ਸਰੂਪ ਦਾ ਸਫ਼ਰ' ਨੂੰ ਲੋਕ ਅਰਪਿਤ ਕੀਤਾ ਗਿਆ। ਸਵਾਲ-ਜਵਾਬ ਦੌਰਾਨ ਡਾ. ਮਲਹੋਤਰਾ ਨੇ ਇਤਿਹਾਸਕ ਤੱਥਾਂ ਅਤੇ ਮਿਸਾਲਾਂ ਰਾਹੀਂ ਸਰੋਤਿਆਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ।
ਦੂਜੇ ਸੈਸ਼ਨ ਵਿੱਚ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਵੀਆਂ ਅਤੇ ਕਵਿਤਰੀਆਂ ਨੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਤੋਂ ਭਰਪੂਰ ਦਾਦ ਹਾਸਲ ਕੀਤੀ। ਇਸ ਮੌਕੇ ਬੀਬੀ ਗੁਰਬਖਸ਼ ਕੌਰ ਦੁਸਾਂਝ, ਸ੍ਰ. ਕੁਲਵੰਤ ਸਿੰਘ ਢੇਸੀ, ਬੀਬੀ ਜਸਵੰਤ ਕੌਰ ਬੈਂਸ, ਸ੍ਰ. ਚੰਦਰ ਸ਼ੇਖਰ ਸਿੰਘ ਗੁਰੂ, ਬੀਬੀ ਹਰਮੀਤ ਕੌਰ ਸਿੰਮੀ, ਸ੍ਰ. ਪਾਲ ਸਿੰਘ, ਸ੍ਰ. ਦਿਲਜੀਤ ਨਿਆਰ, ਸ੍ਰ. ਸੁਰਿੰਦਰਪਾਲ ਸਿੰਘ, ਸ੍ਰ. ਜਗਜੀਤ ਸਿੰਘ ਸਹੋਤਾ, ਬੀਬੀ ਰਾਜਿੰਦਰ ਕੌਰ ਤੱਖਰ ਸਮੇਤ ਹੋਰ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
ਤੀਜੇ ਅਤੇ ਆਖ਼ਰੀ ਸੈਸ਼ਨ ਵਿੱਚ ਭਾਰਤ-ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਆਪਸੀ ਮੋਹ-ਪਿਆਰ ਨੂੰ ਭੰਗੜੇ, ਗਿੱਧੇ ਅਤੇ ਲੋਕ-ਗੀਤਾਂ ਰਾਹੀਂ ਰੰਗਾਰੰਗ ਢੰਗ ਨਾਲ ਪੇਸ਼ ਕੀਤਾ ਗਿਆ। 1947 ਦੀ ਵੰਡ ਦੇ ਬਾਵਜੂਦ ਦਿਲਾਂ ਦੀਆਂ ਸਾਂਝਾਂ ਅੱਜ ਵੀ ਕਾਇਮ ਹਨ, ਇਸ ਭਾਵਨਾ ਨੂੰ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਸਾਹਮਣੇ ਰੱਖਿਆ।
ਕਾਨਫਰੰਸ ਦੌਰਾਨ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪਾਕਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਪ੍ਰੋ. ਬੀਬੀ ਸਤਵੰਤ ਕੌਰ ਨੂੰ ਸ੍ਰ. ਸੁਖਦੇਵ ਸਿੰਘ ਬਾਂਸਲ, ਡਾ. ਅਮਰਜੀਤ ਸਿੰਘ ਭੌਰ, ਸ੍ਰ. ਚੰਦਰ ਸ਼ੇਖਰ ਸਿੰਘ ਗੁਰੂ, ਸ੍ਰ. ਜਗਜੀਤ ਸਿੰਘ ਸਹੋਤਾ, ਸ੍ਰ. ਕੁਲਵੰਤ ਸਿੰਘ ਢੇਸੀ ਅਤੇ ਹੋਰ ਵਿਦਵਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦਾ ਮੰਚ ਸੰਚਾਲਨ ਸ੍ਰ. ਚੰਦਰ ਸ਼ੇਖਰ ਸਿੰਘ ਗੁਰੂ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਅੰਤ ਵਿੱਚ ਸ੍ਰ. ਸੁਖਦੇਵ ਸਿੰਘ ਬਾਂਸਲ ਨੇ ਸਮੂਹ ਕਵੀਆਂ, ਵਿਦਵਾਨਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕਾਨਫਰੰਸ ਦੌਰਾਨ ਹਾਜ਼ਰ ਮਹਿਮਾਨਾਂ ਲਈ ਚਾਹ-ਪਕੌੜੇ, ਮਿਠਾਈ ਅਤੇ ਦੁਪਹਿਰ ਦੇ ਭੋਜਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।