ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ, 70 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

 ਲੰਡਨ: ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਫ਼ਿਲਮਕਾਰ Dev Anand ਦੇ ਇਕਲੌਤੇ ਪੁੱਤਰ ਸੁਨੀਲ (ਸੁਨੇਇਲ) ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਦੇ ਹੋਏ ਇਸ ਦੁਖਦਾਈ ਸਮੇਂ ਦੌਰਾਨ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਸੁਨੀਲ ਆਨੰਦ ਨੇ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਫ਼ਿਲਮ ਜਗਤ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਨੇ ਅਦਾਕਾਰੀ ਦੇ ਨਾਲ-ਨਾਲ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਕੰਮ ਕੀਤਾ। ਹਾਲਾਂਕਿ ਉਹ ਆਪਣੇ ਪਿਤਾ ਵਾਂਗ ਵੱਡੀ ਲੋਕਪ੍ਰਿਯਤਾ ਹਾਸਲ ਨਹੀਂ ਕਰ ਸਕੇ, ਪਰ ਭਾਰਤੀ ਸਿਨੇਮਾ ਨਾਲ ਉਨ੍ਹਾਂ ਦਾ ਯੋਗਦਾਨ ਜੁੜਿਆ ਰਿਹਾ।

ਰਿਪੋਰਟਾਂ ਅਨੁਸਾਰ, ਸੁਨੀਲ ਆਨੰਦ ਨੂੰ 26 ਜੁਲਾਈ ਨੂੰ ਲੰਡਨ ਵਿੱਚ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਭਤੀਜੀ ਜੀਨਾ ਨਾਰੰਗ ਨੇ ਪਰਿਵਾਰ ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਸੁਨੀਲ ਆਨੰਦ ਦੇ ਦਿਹਾਂਤ ਨਾਲ ਭਾਰਤੀ ਫ਼ਿਲਮ ਜਗਤ ਨੇ ਇੱਕ ਹੋਰ ਅਹਿਮ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ। ਫ਼ਿਲਮ ਜਗਤ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ।