ਮੈਟਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਹਟਣ ਦੇ ਮਾਮਲੇ 'ਤੇ ਦਿੱਤੀ ਸਫਾਈ, ਤਕਨੀਕੀ ਖਾਮੀ ਦੱਸਦਿਆਂ ਕੀਤੀ ਮੁੜ ਬਹਾਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੰਧਿਤ ਇੱਕ ਵੀਡੀਓ ਆਪਣੇ ਪਲੇਟਫਾਰਮ ਤੋਂ ਅਸਥਾਈ ਤੌਰ 'ਤੇ ਹਟਣ ਦੇ ਮਾਮਲੇ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਕਾਰਵਾਈ ਕਿਸੇ ਨੀਤੀ ਜਾਂ ਕਾਨੂੰਨੀ ਹੁਕਮ ਦੇ ਤਹਿਤ ਨਹੀਂ, ਸਗੋਂ ਇੱਕ ਤਕਨੀਕੀ ਗੜਬੜੀ ਕਾਰਨ ਹੋਈ ਸੀ।
ਮੈਟਾ ਦੇ ਅਨੁਸਾਰ, ਜਿਵੇਂ ਹੀ ਗਲਤੀ ਦਾ ਪਤਾ ਲੱਗਾ, ਵੀਡੀਓ ਨੂੰ ਤੁਰੰਤ ਮੁੜ ਰੀਸਟੋਰ ਕਰ ਦਿੱਤਾ ਗਿਆ। ਕੰਪਨੀ ਨੇ ਇਸ ਅਸੁਵਿਧਾ ਲਈ ਖੇਦ ਵੀ ਪ੍ਰਗਟਾਇਆ ਅਤੇ ਕਿਹਾ ਕਿ ਤਕਨੀਕੀ ਸਮੱਸਿਆ ਨੂੰ ਜਲਦੀ ਦੂਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸੰਬੋਧਨ ਨਾਲ ਸਬੰਧਤ ਸੀ, ਜਿਸ ਵਿੱਚ ਉਨ੍ਹਾਂ ਪੇਪਰ ਲੀਕ ਵਰਗੇ ਮਾਮਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਵੀ ਆਪਣੀ ਰਾਏ ਸਾਂਝੀ ਕੀਤੀ ਸੀ।
ਵੀਡੀਓ ਕੁਝ ਸਮੇਂ ਲਈ ਫੇਸਬੁੱਕ 'ਤੇ ਦਿਖਾਈ ਨਾ ਦੇਣ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਸੀ। ਹਾਲਾਂਕਿ, ਮੈਟਾ ਵੱਲੋਂ ਸਫਾਈ ਅਤੇ ਵੀਡੀਓ ਦੀ ਮੁੜ ਬਹਾਲੀ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ।
ਕੰਪਨੀ ਨੇ ਦੁਹਰਾਇਆ ਕਿ ਵੀਡੀਓ ਨੂੰ ਹਟਾਉਣ ਪਿੱਛੇ ਕੋਈ ਜਾਣਬੁੱਝ ਕੇ ਲਿਆ ਗਿਆ ਫ਼ੈਸਲਾ ਜਾਂ ਬਾਹਰੀ ਦਬਾਅ ਨਹੀਂ ਸੀ, ਬਲਕਿ ਇਹ ਸਿਰਫ਼ ਇੱਕ ਅਣਚਾਹੀ ਤਕਨੀਕੀ ਗਲਤੀ ਦਾ ਨਤੀਜਾ ਸੀ।