ਭਗਵੰਤ ਮਾਨ ਦਾ ਦਾਅਵਾ: ‘ਸਾਢੇ ਚਾਰ ਸਾਲਾਂ ਵਿੱਚ ਪੰਜਾਬ ’ਚ ਨਹੀਂ ਹੋਇਆ ਕੋਈ ਪੇਪਰ ਲੀਕ’, ਵਿਰੋਧੀਆਂ ’ਤੇ ਲਾਏ ਦੋਸ਼

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਕੋਈ ਵੀ ਪ੍ਰੀਖਿਆ ਪੇਪਰ ਲੀਕ ਨਹੀਂ ਹੋਇਆ। ਦਿੱਲੀ ਵਿੱਚ ਸੰਸਦ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਪਰ ਲੀਕ ਦੇ ਦੋਸ਼ ਲਗਾ ਕੇ ਪੰਜਾਬ ਅਤੇ ਸੂਬੇ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਕਰੀਬ 69 ਹਜ਼ਾਰ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ &rsquoਤੇ ਦਿੱਤੀਆਂ ਹਨ ਅਤੇ ਇਸ ਵਿੱਚ ਨਾ ਕੋਈ ਸਿਫਾਰਸ਼ ਚੱਲੀ ਅਤੇ ਨਾ ਹੀ ਪੈਸੇ ਦਾ ਲੈਣ-ਦੇਣ ਹੋਇਆ।

ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਫਾਰਮੇਸੀ ਦੀ ਪ੍ਰੀਖਿਆ ਦੌਰਾਨ ਨਕਲ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ &rsquoਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਉਮੀਦਵਾਰ ਵੱਲੋਂ ਬਲੂਟੁੱਥ ਪੈਨ ਦੀ ਵਰਤੋਂ ਕਰਕੇ ਬਾਹਰੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਫੜ ਲਿਆ ਗਿਆ।

ਉਨ੍ਹਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਉਮੀਦਵਾਰਾਂ ਸਮੇਤ ਇੱਕ ਗਿਰੋਹ ਖ਼ਿਲਾਫ਼ ਕਾਰਵਾਈ ਕੀਤੀ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪੇਪਰ ਲੀਕ ਨਹੀਂ, ਸਗੋਂ ਨਕਲ ਕਰਨ ਦੀ ਕੋਸ਼ਿਸ਼ ਸੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ੇ ਦੀ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਮੰਗ &rsquoਤੇ ਮਾਨ ਨੇ ਕਿਹਾ ਕਿ ਸਬੰਧਤ ਪ੍ਰੀਖਿਆ ਸਿੱਖਿਆ ਵਿਭਾਗ ਅਧੀਨ ਨਹੀਂ, ਸਿਹਤ ਵਿਭਾਗ ਨਾਲ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਗਈ ਅਤੇ ਪ੍ਰੀਖਿਆ ਸਫਲਤਾਪੂਰਵਕ ਪੂਰੀ ਹੋਈ।

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਲੋਕਤੰਤਰ ਵਿੱਚ ਵਿਚਾਰਾਂ ਦਾ ਅੰਤਰ ਹੋਣਾ ਸੁਭਾਵਿਕ ਹੈ, ਪਰ ਰਾਜਨੀਤਿਕ ਵਿਰੋਧ ਨੂੰ ਨਿੱਜੀ ਵਿਰੋਧ ਵਿੱਚ ਨਹੀਂ ਬਦਲਣਾ ਚਾਹੀਦਾ। ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਸਿਆਸੀ ਲਾਭ ਲਈ ਪੰਜਾਬ ਅਤੇ ਪੰਜਾਬੀਆਂ ਦੀ ਛਵੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।