ਸੰਗਰੂਰ BJP ਦਫ਼ਤਰ ਪੈਟਰੋਲ ਬੰਬ ਮਾਮਲਾ: ਪੁਲਿਸ ਨੇ 24 ਘੰਟਿਆਂ ਵਿੱਚ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਸੰਗਰੂਰ: ਸੰਗਰੂਰ ਪੁਲਿਸ ਨੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ &rsquoਤੇ ਪੈਟਰੋਲ ਬੰਬ ਨਾਲ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

ਪੁਲਿਸ ਜਾਂਚ ਮੁਤਾਬਕ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਰਾਣਾ ਭਾਊ ਨਾਮਕ ਵਿਅਕਤੀ ਦੇ ਸੰਪਰਕ ਵਿੱਚ ਸਨ। ਦੋਸ਼ ਹੈ ਕਿ ਉਕਤ ਵਿਅਕਤੀ ਨੇ ਹਮਲੇ ਦੀ ਵੀਡੀਓ ਬਣਾਕੇ ਭੇਜਣ ਦੇ ਬਦਲੇ ਮੁਲਜ਼ਮਾਂ ਨੂੰ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਪੁਲਿਸ ਅਨੁਸਾਰ ਮੁਲਜ਼ਮਾਂ ਦੇ ਖਾਤੇ ਵਿੱਚ ਸਿਰਫ਼ 2200 ਰੁਪਏ ਹੀ ਭੇਜੇ ਗਏ ਸਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਤਕਨੀਕੀ ਸਬੂਤਾਂ ਅਤੇ ਹੋਰ ਜਾਣਕਾਰੀਆਂ ਦੇ ਆਧਾਰ &rsquoਤੇ ਮੁਲਜ਼ਮਾਂ ਤੱਕ ਪਹੁੰਚ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ ਬੈਠੇ ਵਿਅਕਤੀ ਦੀ ਭੂਮਿਕਾ ਅਤੇ ਹਮਲੇ ਦੇ ਪਿੱਛੇ ਮਕਸਦ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।