ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ, ਪਿੰਡ ਜੰਡਾਲੀ ਵਿਖੇ ਹੋਇਆ ਅੰਤਿਮ ਸੰਸਕਾਰ

ਪਾਇਲ: ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਜਸਦੀਪ ਸਿੰਘ (ਜੱਸੀ ਗਿੱਲ) ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਰਵਿੰਦਰ ਕੌਰ (65) ਦਾ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਗੁਰੂਗ੍ਰਾਮ ਸਥਿਤ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਪਾਇਲ ਦੇ ਨੇੜਲੇ ਪਿੰਡ ਜੰਡਾਲੀ ਵਿਖੇ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਅੰਤਿਮ ਰਸਮਾਂ ਦੌਰਾਨ ਜੱਸੀ ਗਿੱਲ ਨੇ ਖੁਦ ਆਪਣੀ ਮਾਤਾ ਦੀ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਮੌਜੂਦ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਰਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਜੱਸੀ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਹਨ। ਮਾਤਾ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਕਲਾਕਾਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।