ਖਾੜੀ ਦੇਸ਼ਾਂ ਵਿੱਚ ਵਧਦੀਆਂ ਆਤਮਹੱਤਿਆਵਾਂ: ਸਰਕਾਰ ਲਈ ਚੇਤਾਵਨੀ ਦੀ ਘੰਟੀ

-ਰਜਿੰਦਰ ਸਿੰਘ ਪੁਰੇਵਾਲ

ਰੋਜ਼ਗਾਰ ਦੀ ਭਾਲ, ਬਿਹਤਰ ਭਵਿੱਖ ਦੇ ਸੁਪਨੇ ਅਤੇ ਪਰਿਵਾਰ ਨੂੰ ਇੱਕ ਚੰਗਾ ਜੀਵਨ ਪੱਧਰ ਦੇਣ ਦੀ ਚਾਹਤ ਵਿੱਚ ਹਰ ਸਾਲ ਲੱਖਾਂ ਭਾਰਤੀ, ਖਾਸ ਕਰਕੇ ਖਾੜੀ ਦੇਸ਼ਾਂ ਦਾ ਰੁਖ਼ ਕਰਦੇ ਹਨ| ਪ੍ਰੰਤੂ, ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ| ਸਾਲ 2023 ਤੋਂ 2025 ਦਰਮਿਆਨ ਖਾੜੀ ਦੇ 6 ਦੇਸ਼ਾਂ ਵਿੱਚ 1,340 ਭਾਰਤੀਆਂ ਵੱਲੋਂ ਕੀਤੀਆਂ ਗਈਆਂ ਆਤਮ-ਹੱਤਿਆਵਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਪਰਦੇਸ ਦੀ ਚਮਕ-ਦਮਕ ਦੇ ਪਿੱਛੇ ਗੂੜੀ ਮਾਨਸਿਕ ਪੀੜਾ ਅਤੇ ਸੰਤਾਪ  ਛੁਪਿਆ ਹੋਇਆ ਹੈ|
ਦੁਨੀਆ ਭਰ ਵਿੱਚ ਹੋਈਆਂ ਕੁੱਲ 1,900 ਤੋਂ ਵੱਧ ਭਾਰਤੀਆਂ ਦੀਆਂ ਆਤਮ-ਹੱਤਿਆਵਾਂ ਵਿੱਚੋਂ ਲਗਭਗ 70 ਫੀਸਦੀ ਮਾਮਲੇ ਇਕੱਲੇ ਖਾੜੀ ਦੇਸ਼ਾਂ ਤੋਂ ਸਾਹਮਣੇ ਆਉਣਾ ਬੇਹੱਦ ਚਿੰਤਾਜਨਕ ਹੈ| ਯੂ.ਏ.ਈ. ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਇਹ ਅੰਕੜਾ ਸਭ ਤੋਂ ਵੱਧ ਹੈ| ਭਾਵੇਂ ਸਰਕਾਰ ਪ੍ਰਵਾਸੀ ਭਾਰਤੀ ਬੀਮਾ ਯੋਜਨਾ  ਅਤੇ ਹੋਰ ਹੈਲਪਲਾਈਨਾਂ ਰਾਹੀਂ ਆਰਥਿਕ ਅਤੇ ਕਾਨੂੰਨੀ ਮਦਦ ਦੇ ਦਾਅਵੇ ਕਰਦੀ ਹੈ, ਪਰ ਇਹ ਅੰਕੜੇ ਦੱਸਦੇ ਹਨ ਕਿ ਸਿਰਫ਼ ਬੀਮਾ ਪ੍ਰਦਾਨ ਕਰ ਦੇਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ|
ਮਾਹਿਰਾਂ ਮੁਤਾਬਕ, ਪਰਿਵਾਰ ਤੋਂ ਲੰਬੀ ਦੂਰੀ, ਕੰਮ ਦੇ ਅਸੰਵੇਦਨਸ਼ੀਲ ਢੰਗ ਨਾਲ ਲੰਬੇ ਘੰਟੇ, ਆਰਥਿਕ ਬੋਝ, ਭਾਸ਼ਾ ਦੀ ਰੁਕਾਵਟ ਅਤੇ ਸਮਾਜਿਕ ਇਕੱਲਾਪਨ ਵਰਗੇ ਫੈਕਟਰ ਪ੍ਰਵਾਸੀ ਮਜ਼ਦੂਰਾਂ ਨੂੰ ਡੂੰਘੇ ਮਾਨਸਿਕ ਤਣਾਅ ਵੱਲ ਧੱਕਦੇ ਹਨ| ਜਦੋਂ ਕਿਸੇ ਵਿਅਕਤੀ ਨੂੰ ਅਜਿਹੇ ਮਾਹੌਲ ਵਿੱਚ ਆਪਣਾ ਦੁੱਖ ਸਾਂਝਾ ਕਰਨ ਲਈ ਕੋਈ ਸਹਾਰਾ ਨਹੀਂ ਮਿਲਦਾ, ਤਾਂ ਉਹ ਅਜਿਹੇ ਖੌਫਨਾਕ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਂਦਾ ਹੈ|
ਮਾਨਸਿਕ ਸਿਹਤ ਕਾਊਂਸਲਿੰਗ: ਭਾਰਤੀ ਦੂਤਘਰਾਂ ਵਿੱਚ ਸਿਰਫ਼ ਕਾਨੂੰਨੀ ਹੀ ਨਹੀਂ, ਸਗੋਂ ਮਾਨਸਿਕ ਸਿਹਤ ਅਤੇ ਮਨੋਵਿਗਿਆਨਕ ਸਹਾਇਤਾ ਦਾ ਪੁਖ਼ਤਾ ਪ੍ਰਬੰਧ ਹੋਣਾ ਚਾਹੀਦਾ ਹੈ|ਭਾਰਤ ਸਰਕਾਰ ਨੂੰ ਖਾੜੀ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਕੇ ਭਾਰਤੀ ਕਾਮਿਆਂ ਲਈ ਕੰਮ ਦੇ ਘੰਟਿਆਂ, ਵਾਜਬ ਤਨਖਾਹ ਅਤੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ|
ਵਿਦੇਸ਼ਾਂ ਵਿੱਚ ਸਰਗਰਮ ਭਾਰਤੀ ਸੰਸਥਾਵਾਂ ਅਤੇ ਭਾਈਚਾਰਕ ਸਮੂਹਾਂ ਨੂੰ ਮਿਲ ਕੇ ਅਜਿਹਾ ਮਾਹੌਲ ਬਣਾਉਣਾ ਪਵੇਗਾ, ਜਿੱਥੇ ਕੋਈ ਵੀ ਭਾਰਤੀ ਆਪਣੇ ਆਪ ਨੂੰ ਇਕੱਲਾ ਨਾ ਸਮਝੇ| ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਨਾਗਰਿਕਾਂ ਦੀ ਸੁਰੱਖਿਆ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣਾ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ| ਜੇਕਰ ਅਸੀਂ ਆਪਣੇ ਪ੍ਰਵਾਸੀ ਭਾਈਚਾਰੇ ਲਈ ਇੱਕ ਮਜ਼ਬੂਤ ਸਮਾਜਿਕ ਅਤੇ ਮਾਨਸਿਕ ਸਹਾਇਤਾ ਢਾਂਚਾ ਤਿਆਰ ਨਹੀਂ ਕਰਦੇ, ਤਾਂ ਇਹ ਅੰਕੜੇ ਭਵਿੱਖ ਵਿੱਚ ਹੋਰ ਵੀ ਦੁਖਦਾਈ ਰੂਪ ਧਾਰਨ ਕਰ ਸਕਦੇ ਹਨ| ਮੋਦੀ ਸਰਕਾਰ ਨੂੰ ਇਸ ਮੁੱਦੇ ਤੇ ਤੁਰੰਤ ਅਤੇ ਠੋਸ ਨੀਤੀਗਤ ਕਦਮ ਚੁੱਕਣ ਦੀ ਲੋੜ ਹੈ|
ਝੂਠਾ ਪ੍ਰਚਾਰ, ਫ਼ਿਰਕੂ ਸਿਆਸਤ ਅਤੇ ਪੰਜਾਬ ਦੀ ਭਾਈਚਾਰਕ ਸਾਂਝ
ਪੰਜਾਬ ਦਾ 1980-90ਵਿਆਂ ਦਾ ਦੌਰ ਇਤਿਹਾਸ ਦਾ ਇੱਕ ਅਜਿਹਾ ਦਰਦਨਾਕ ਪੰਨਾ ਹੈ, ਜਿਸ ਦੇ ਜ਼ਖ਼ਮ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਅੱਲੇ ਹਨ| ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਜ਼ੋ ਹਾਲਾਤਾਂ  ਲਈ ਜਿੰਮੇਵਾਰ ਸੀ|ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕੁਝ ਫ਼ਿਰਕੂ ਧਿਰਾਂ ਆਪਣੇ ਸਿਆਸੀ ਹਿੱਤਾਂ ਲਈ ਇਸ ਬੀਤੇ ਇਤਿਹਾਸ ਨੂੰ ਵਰਤ ਕੇ ਅੱਜ ਵੀ  ਸਿੱਖ ਪੰਥ ਵਿਰੁਧ ਨਫ਼ਰਤ ਦੀਆਂ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਹੀਆਂ| ਪਿਛਲੇ ਕੁਝ ਸਮੇਂ ਤੋਂ ਇਹ ਗਲਤ ਅਤੇ ਭੜਕਾਊ ਪ੍ਰਚਾਰ ਬੜੀ ਚਲਾਕੀ ਨਾਲ ਚਲਾਇਆ ਜਾ ਰਿਹਾ ਹੈ ਕਿ ਉਸ ਦੌਰ ਵਿੱਚ 35,000 ਹਿੰਦੂ ਮਾਰੇ ਗਏ ਸਨ| ਇਸ ਦਾ ਪ੍ਰਤੱਖ ਮਕਸਦ ਹਿੰਦੂ ਭਾਈਚਾਰੇ ਨੂੰ ਸਿੱਖਾਂ ਵਿਰੁੱਧ ਭੜਕਾਉਣਾ ਅਤੇ ਦੋਵਾਂ ਭਾਈਚਾਰਿਆਂ ਦੇ ਮਨਾਂ ਵਿੱਚ ਨਫ਼ਰਤ ਦਾ ਜ਼ਹਿਰ ਘੋਲਣਾ ਹੈ, ਜਦਕਿ ਇਸ ਅੰਕੜੇ ਦਾ ਕੋਈ ਠੋਸ ਆਧਾਰ ਜਾਂ ਰਿਕਾਰਡ ਕਿਸੇ ਵੀ ਸੁਤੰਤਰ ਜਾਂ ਸਰਕਾਰੀ ਸੰਸਥਾ ਕੋਲ ਮੌਜੂਦ ਨਹੀਂ ਹੈ|
ਅੱਜ ਸੋਸ਼ਲ ਮੀਡੀਆ ਤੋਂ ਲੈ ਕੇ ਕੁਝ ਖ਼ਾਸ ਮੰਚਾਂ ਤੱਕ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਅੰਕੜਿਆਂ ਦੀ ਹੇਰਾਫੇਰੀ ਕੀਤੀ ਜਾ ਰਹੀ ਹੈ| 35,000 ਹਿੰਦੂਆਂ ਦੇ ਮਾਰੇ ਜਾਣ ਦਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਹੈ| ਜੇਕਰ ਅਸੀਂ ਨਿਰਪੱਖਤਾ ਨਾਲ ਦੇਖੀਏ ਤਾਂ ਕਿਸੇ ਕੋਲ ਕੋਈ ਰਿਕਾਰਡ ਨਹੀਂ| ਨਾ ਤਾਂ ਭਾਰਤ ਦੀਆਂ ਸਰਕਾਰੀ ਜਾਂ ਜਾਂਚ ਏਜੰਸੀਆਂ (ਜਿਵੇਂ ਸੀ.ਬੀ.ਆਈ.) ਕੋਲ ਅਤੇ ਨਾ ਹੀ ਹਿਊਮਨ ਰਾਈਟਸ ਵਾਚ, ਐਮਨੈਸਟੀ ਇੰਟਰਨੈਸ਼ਨਲ ਜਾਂ ਇਨਸਾਫ਼ ਵਰਗੀਆਂ ਪ੍ਰਮੁੱਖ ਕੌਮਾਂਤਰੀ ਤੇ ਨਿਰਪੱਖ ਮਨੁੱਖੀ ਅਧਿਕਾਰ ਸੰਸਥਾਵਾਂ ਕੋਲ ਇਸ ਗਿਣਤੀ ਦਾ ਕੋਈ ਰਿਕਾਰਡ ਹੈ| ਅਜਿਹੇ ਝੂਠੇ ਅੰਕੜੇ ਫੈਲਾ ਕੇ ਹਿੰਦੂ ਭਾਈਚਾਰੇ ਦੇ ਮਨਾਂ ਵਿੱਚ ਡਰ ਅਤੇ ਗੁੱਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਪਸੀ ਨਫ਼ਰਤ ਵਧਾ ਕੇ ਵੋਟਾਂ ਦੀ ਸਿਆਸਤ ਚਮਕਾਈ ਜਾ ਸਕੇ|
ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਉਸ ਦੌਰ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ, ਅਤੇ ਹਰੇਕ ਬੇਕਸੂਰ ਦੀ ਮੌਤ ਦੁਖਦਾਈ ਸੀ| ਪਰ ਉਸ ਸੰਤਾਪ ਦੇ ਦੌਰ ਵਿੱਚ ਸਭ ਤੋਂ ਵੱਧ ਸੰਤਾਪ ਹੰਢਾਉਣ ਵਾਲੇ ਅਤੇ ਸਭ ਤੋਂ ਵੱਧ ਜਾਨਾਂ ਗੁਆਉਣ ਵਾਲੇ ਵੀ ਸਿੱਖ ਹੀ ਸਨ| ਸਰਕਾਰੀ ਅੰਕੜੇ ਅਤੇ ਵੱਖ-ਵੱਖ ਮਨੁੱਖੀ ਅਧਿਕਾਰ ਰਿਪੋਰਟਾਂ ਇਹ ਸਾਫ਼ ਦਰਸਾਉਂਦੀਆਂ ਹਨ ਕਿ ਝੂਠੇ ਪੁਲਿਸ ਮੁਕਾਬਲਿਆਂ, ਲਾਪਤਾ ਕੀਤੇ ਜਾਣ ਅਤੇ ਹਿੰਸਾ ਦੀ ਬਲ਼ਦੀ ਅੱਗ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਅਤੇ ਪਰਿਵਾਰ ਹੀ ਪਿਸੇ| ਇਸ ਲਈ ਇੱਕ ਪਾਸੜ ਝੂਠ ਫੈਲਾ ਕੇ ਸਿੱਖਾਂ ਨੂੰ ਦੋਸ਼ੀ ਦੇ ਕਟਿਹਰੇ ਵਿੱਚ ਖੜ੍ਹਾ ਕਰਨਾ ਇਤਿਹਾਸ ਨਾਲ ਸਭ ਤੋਂ ਵੱਡਾ ਧੋਖਾ ਹੈ|
ਪੰਜਾਬ ਦਾ ਸਮਾਜਿਕ ਤਾਣਾ-ਬਾਣਾ ਨੋਹ-ਮਾਸ ਵਰਗਾ ਰਿਹਾ ਹੈ| ਸੰਤਾਪ ਦੇ ਉਸ ਦੌਰ ਵਿੱਚ ਵੀ ਪੰਜਾਬ ਦੇ ਪਿੰਡਾਂ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਕਾਇਮ ਰਹੀ, ਜਿੱਥੇ ਸਿੱਖਾਂ ਨੇ ਹਿੰਦੂ ਗੁਆਂਢੀਆਂ ਦੀਆਂ ਜਾਨਾਂ ਬਚਾਈਆਂ ਅਤੇ  ਸਿੱਖਾਂ ਨੇ ਹਿੰਦੂਆਂ ਦਾ ਸਾਥ ਦਿੱਤਾ| ਫ਼ਿਰਕੂ ਧਿਰਾਂ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰਚਾਰ ਪੰਜਾਬ ਦੇ ਇਸੇ ਸਾਂਝੇ ਦਰਦ ਅਤੇ ਆਪਸੀ ਭਰੋਸੇ &rsquoਤੇ ਸੱਟ ਮਾਰਨ ਦੀ ਕੋਸ਼ਿਸ਼ ਹੈ| ਝੂਠੀਆਂ ਅਫ਼ਵਾਹਾਂ ਨਾਲ ਹਿੰਦੂ ਭਾਈਚਾਰੇ ਨੂੰ ਭੜਕਾ ਕੇ ਦੂਰੀਆਂ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ|
ਇਤਿਹਾਸ ਤੋਂ ਸਬਕ ਸਿੱਖ ਕੇ ਅੱਗੇ ਵਧਣ ਦੀ ਲੋੜ ਹੈ, ਨਾ ਕਿ ਮਨਘੜਤ ਅੰਕੜਿਆਂ ਨਾਲ ਜ਼ਖ਼ਮਾਂ ਤੇ ਮਿਰਚਾਂ ਭੂਕੀਆਂ ਜਾਣ| ਪੰਜਾਬ ਦੇ ਸਮਝਦਾਰ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਅਜਿਹੇ ਗਲਤ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ| ਸਾਨੂੰ ਇਹ ਸਮਝਣਾ ਹੋਵੇਗਾ ਕਿ ਪੰਜਾਬ  ਦੇ ਮਸਲੇ ਉਲਝਾਉਣ ਵਾਲੀ ਤੇ ਹਿੰਸਾ ਦੀ ਜ਼ਿੰਮੇਵਾਰ  ਕੇਂਦਰ ਸਰਕਾਰ ਸੀ|ਨਫ਼ਰਤ ਦੀ ਸਿਆਸਤ ਕਰਨ ਵਾਲੀਆਂ ਫ਼ਿਰਕੂ ਧਿਰਾਂ ਕਿਸੇ ਵੀ ਭਾਈਚਾਰੇ ਦੀਆਂ ਹਮਦਰਦ ਨਹੀਂ ਹੁੰਦੀਆਂ| ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸੱਚਾਈ ਨੂੰ ਬਚਾ ਕੇ ਰੱਖਣਾ ਹੀ ਅੱਜ ਹਰ ਪੰਜਾਬੀ ਦਾ ਸਭ ਤੋਂ ਵੱਡਾ ਫ਼ਰਜ਼ ਹੈ|
-ਰਜਿੰਦਰ ਸਿੰਘ ਪੁਰੇਵਾਲ