ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਦਾਅਵਾ ਕਰਨ ਵਾਲਾ ਜ਼ਕਰੀਆ ਖ਼ਾਨ ਸਿਦਕੀ ਸਿੱਖ ਦੀਆਂ ਜੁੱਤੀਆਂ ਖਾ ਕੇ ਮਰਿਆ, ਸਣੇ ਕੇਸਾਂ ਖੋਪਰੀ ਲੁਹਾ ਕੇ ਤਾਰੂ ਸਿੰਘ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਿਆ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਅਸੀਂ ਪਿਛਲੇ ਅੰਕ ਵਿੱਚ ਜ਼ਿਕਰ ਕਰ ਆਏ ਹਾਂ ਕਿ 1740 ਈ: ਨੂੰ ਹੋਏ ਮੱਸੇ ਰੰਘੜ ਦੇ ਕਾਤਲਾਂ ਨੂੰ ਫੜਾਉਣ ਲਈ ਜ਼ਕਰੀਆ ਖ਼ਾਨ ਨੇ ਮੁਖ਼ਬਰਾਂ ਤੇ ਚੌਧਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਅਤੇ ਹਦਾਇਤਾਂ ਦਾ ਨਾ ਪਾਲਣ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਐਲਾਨ ਕੀਤਾ । ਸਜ਼ਾਵਾਂ ਤੋਂ ਡਰਦਿਆਂ ਚੌਧਰੀਆਂ ਤੇ ਮੁਖ਼ਬਰਾਂ ਨੇ ਮੱਸੇ ਰੰਘੜ ਦੇ ਕਾਤਲਾਂ ਨੂੰ ਲੱਭਣ ਲਈ ਦਿਨ ਰਾਤ ਇਕ ਕਰ ਦਿੱਤਾ । ਅੰਤ ਵਿੱਚ ਹਰ ਭਗਤ ਨਿਰੰਜਨੀਏ ਨੇ ਮੱਸੇ ਦੇ ਕਾਤਲਾਂ ਦੀ ਸੂਹ ਕੱਢ ਲਈ, ਉਸ ਨੇ ਜ਼ਕਰੀਆ ਖ਼ਾਨ ਨੂੰ ਦੱਸਿਆ ਕਿ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਮਹਿਤਾਬ ਸਿੰਘ ਮੀਰਾਂ ਕੋਟੀਆ ਤੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਹਨ ਤੇ ਇਸ ਦੀ ਚੁਗਲੀ &lsquoਤੇ ਹੀ ਮਹਿਤਾਬ ਸਿੰਘ ਦੀ ਗ੍ਰਿਫ਼ਤਾਰੀ ਹੋਈ ਸੀ । ਤੇ ਹੁਣ ਚਾਰ ਸਾਲ ਬਾਅਦ ਭਾਈ ਤਾਰੂ ਸਿੰਘ ਦੀ ਚੁਗਲੀ ਕਰਨ ਲਈ ਫਿਰ ਹਰ ਭਗਤ ਨਿਰੰਜਨੀਆ ਲਾਹੌਰ ਜ਼ਕਰੀਆ ਖ਼ਾਨ ਕੋਲ ਜਾ ਪਹੁੰਚਾ । ਝੂਠ ਸੱਚ ਗੰਢ ਕੇ ਹਰ ਭਗਤ ਨਿਰੰਜਨੀਏ ਨੇ ਜ਼ਕਰੀਆ ਖ਼ਾਨ ਨੂੰ ਕਿਹਾ ਹਜ਼ੂਰ ਤੁਹਾਡੀਆਂ ਅੱਖਾਂ ਥੱਲੇ ਲਾਹੌਰ ਦੀਆਂ ਕੰਧਾਂ ਨਾਲ ਸਰਕਾਰ ਦਾ ਬੜਾ ਵੱਡਾ ਵਿਦਰੋਹੀ ਬੈਠਾ ਹੈ ਤੇ ਕਿਸੇ ਨੂੰ ਚਿਤ ਚੇਤਾ ਹੀ ਨਹੀਂ ਕਿ ਉਹ ਸਰਕਾਰ ਦੇ ਬਾਗੀਆਂ ਦੀ ਬਿਨਾਂ ਕਿਸੇ ਡਰ ਭੈਅ ਤੋਂ ਮਦਦ ਕਰ ਰਿਹਾ ਹੈ ਅਤੇ ਸਰਕਾਰ ਉਸ ਵੱਲੋਂ ਅਵੇਸਲੀ ਹੋਈ ਬੈਠੀ ਹੈ, ਪਰ ਮੈਂ ਸਰਕਾਰ ਦਾ ਪੁਰਾਣਾ ਨਮਕ-ਖ਼ਾਰ ਹੋ ਕੇ ਅੱਖਾਂ ਕਿਵੇਂ ਮੀਟ ਸਕਦਾ ਹਾਂ । ਜਦ ਦਾ ਇਸ ਸਰਕਾਰ ਦੇ ਵਿਦਰੋਹੀ ਦਾ ਪਤਾ ਲੱਗਾ ਹੈ, ਖ਼ਾਦਮ ਦੀ ਤਾਂ ਨੀਂਦ ਹੀ ਉੱਡ ਪੁੱਡ ਗਈ ਹੈ । ਜਦ ਨਿਰੰਜਨੀਏ ਨੇ ਵੇਖਿਆ ਕਿ ਜ਼ਕਰੀਆ ਖ਼ਾਨ ਉਸ ਦੀਆਂ ਗੱਲਾਂ ਨਾਲ ਉਤੇਜਿਤ ਹੋ ਗਿਆ ਹੈ ਤਾਂ ਉਸ ਨੇ (ਨਿਰੰਜਨੀਏ) ਕਿਹਾ ਕਿ ਸਰਕਾਰ ਦਾ ਵਿਦਰੋਹੀ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਹੈ । ਉਤੋਂ ਵੇਖਣ ਨੂੰ ਬੜਾ ਭੋਲਾ-ਭਾਲਾ, ਬੜਾ ਭਲਾ ਮਾਣਸ, ਮਿੱਠਬੋਲੜਾ ਤੇ ਸਾਰਿਆਂ ਦਾ ਸਾਂਝਾ ਬਣਿਆ ਬੈਠਾ ਹੈ, ਪਰ ਵਿੱਚੋਂ ਬਹੁਤ ਹੀ ਖ਼ਤਰਨਾਕ ਹੈ । ਇਸ ਨੇ ਆਪਣੇ ਘਰ ਨੂੰ ਹੀ ਪਾਪੀਆਂ ਦੇ ਰਾਤ ਰਹਿਣ ਲਈ ਸਰਾਂ ਦਾ ਰੂਪ ਦੇ ਕੇ ਆਪਣੀ ਮਕਾਰੀ ਦਾ ਤਕੜਾ ਜਾਲ ਫੈਲਾਇਆ ਹੋਇਆ ਹੈ, ਪੂਹਲੇ ਪਿੰਡ ਦੇ ਵਾਸੀ ਇਸ ਨੂੰ ਸੰਤ ਸਮਝ ਕੇ ਇਸ ਦਾ ਬਹੁਤ ਸਤਿਕਾਰ ਕਰਦੇ ਹਨ । ਇਸ ਦੇ ਪਾਸ ਸਰਕਾਰ ਦੇ ਵਿਦਰੋਹੀ ਸਿੰਘ ਅਕਸਰ ਇਸ ਪਾਸ ਆਉਂਦੇ ਰਹਿੰਦੇ ਹਨ । ਇਹ ਵਿਦਰੋਹੀ ਸਿੰਘ ਇਸ ਦੇ ਖੇਤਾਂ ਦੇ ਨਾਲ ਲੱਗਦੀ ਸੰਘਣੀ ਝਿੜੀ ਵਿੱਚ ਰਾਤਾਂ ਕੱਟਦੇ ਹਨ ਅਤੇ ਇਹ ਉਨ੍ਹਾਂ ਨੂੰ ਝਿੜੀ ਵਿੱਚ ਘਰੋਂ ਲੰਗਰ ਲਿਜਾ ਕੇ ਖੁਆਉਂਦਾ ਹੈ । ਇਹ ਸਰਕਾਰ ਦੇ ਬਾਗੀ ਇਸ ਪਾਸੋਂ ਇਲਾਕੇ ਦੀ ਸੂਹ ਲੈਂਦੇ ਹਨ ਅਤੇ ਸ਼ਾਹ-ਰਾਹਾਂ ਉੱਤੇ ਵਾਰਦਾਤਾਂ ਕਰਦੇ ਹਨ । ਪਿੰਡ ਵਿੱਚ ਵੱਸਣ ਵਾਲੀ ਤੁਹਾਡੀ ਪਰਜਾ ਦੇ ਖਾਂਦੇ ਪੀਂਦੇ ਸਾਊ ਲੋਕਾਂ ਦੇ ਘਰ-ਘਾਟ ਲੁੱਟਦੇ ਹਨ । ਕਈ ਵਾਰ ਦਿਨ-ਦੀਵੀਂ ਹੀ ਧਾੜੇ ਮਾਰਦੇ ਹਨ । ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਦਿਨੇ ਹੱਲ ਵਾਹੁੰਦਾ ਹੈ, ਪਰ ਰਾਤ ਨੂੰ ਸੰਨ੍ਹਾਂ ਲਾ ਕੇ ਲੋਕਾਂ ਦੇ ਝੁੱਗੇ ਫੋਲ ਲੈਂਦਾ ਹੈ, ਸੰਨ੍ਹ ਲਾਉਣ ਦਾ ਬੜਾ ਮਾਹਿਰ ਹੈ । ਆਪ ਭੁੱਜੇ ਛੋਲੇ ਹੀ ਖਾ ਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬਾਗੀ ਸਿੰਘਾਂ ਨੂੰ ਵਧੀਆ ਅੰਨ-ਪਾਣੀ ਖਆਉਂਦਾ ਹੈ । ਲੀੜਾ ਕੱਪੜਾ ਅਤੇ ਖਰਚ ਆਦਿ ਵੀ ਦਿੰਦਾ ਹੈ । ਮਾਝੇ ਦੇ ਬੜੇ-ਬੜੇ ਧਾੜਵੀ ਇਸ ਦੇ ਯਾਰ ਹਨ । ਧਾੜਿਆਂ ਲੁੱਟਾਂ ਤੇ ਚੋਰੀ ਦੇ ਮਾਲ ਵਿੱਚੋਂ ਇਸ ਨੂੰ ਹਿੱਸਾ ਦਿੰਦੇ ਹਨ ਅਤੇ ਇਹ ਉਨ੍ਹਾਂ ਦੀ ਸੇਵਾ ਕਰਦਾ ਹੈ । ਚੌਧਰੀ ਮੱਸੇ ਦੇ ਕਾਤਲ ਅਤੇ ਇਸ ਕਿਸਮ ਦੇ ਹੋਰ ਖ਼ਤਰਨਾਕ ਸਿੰਘ ਇਸ ਪਾਸ ਠਹਿਰਦੇ ਹਨ । ਇਨ੍ਹਾਂ ਵਿੱਚੋਂ ਮਹਿਤਾਬ ਸਿੰਘ ਭਾਵੇਂ ਗ੍ਰਿਫ਼ਤਾਰ ਹੋ ਚੁੱਕਾ ਹੈ ਪਰ ਮਾੜੀ ਕੰਬੋਕੀ ਵਾਲਾ ਸੁੱਖਾ ਸਿੰਘ ਅੱਜ ਤੱਕ ਕਾਬੂ ਨਹੀਂ ਆਇਆ । ਤੇ ਹੁਣ ਜ਼ਾਫ਼ਰ ਬੇਗ-ਪੱਟੀ ਵਾਲੇ ਦਾ ਕਤਲ ਵੀ ਇਸੇ ਤਾਰੂ ਸਿੰਘ ਨੇ ਬਾਗੀ ਸਿੰਘਾਂ ਕੋਲੋਂ ਕਰਵਾਇਆ ਹੈ । ਹਜ਼ੂਰ ਜ਼ਾਫ਼ਰ ਬੇਗ ਤੁਹਾਡਾ ਵਫ਼ਾਦਾਰ ਰਿਸ਼ਤੇਦਾਰ ਵੀ ਸੀ ਅਤੇ ਉਹ ਰਹੀਮ ਬਖ਼ਸ਼ ਦੀ ਧੀ ਸਲਮਾ ਨਾਲ ਨਿਕਾਹ ਕਰਾਉਣਾ ਚਾਹੁੰਦਾ ਸੀ, ਪਰ ਤਾਰੂ ਸਿੰਘ ਅਤੇ ਉਸ ਦੇ ਸਾਥੀ ਬਾਗੀ ਸਿੰਘਾਂ ਨੇ ਜ਼ਾਫ਼ਰ ਬੇਗ ਦਾ ਕਤਲ ਕਰਕੇ ਸਲਮਾ ਨੂੰ ਉਸ ਦੇ ਘਰੋਂ ਚੁੱਕ ਲਿਆਂਦਾ ਤੇ ਉਸ ਨੂੰ ਰਹੀਮ ਬਖ਼ਸ਼ ਦੇ ਸਪੁਰਦ ਕਰ ਦਿੱਤਾ । ਇਥੇ ਹੀ ਬੱਸ ਨਹੀਂ, ਇਨ੍ਹਾਂ ਨੇ ਰਹੀਮ ਬਖ਼ਸ਼ ਤੇ ਉਸ ਦੀ ਧੀ ਸਲਮਾ ਨੂੰ ਕੋਲੋਂ ਘੜਾ ਤੇ ਖਰਚ ਦੇ ਕੇ ਤੁਹਾਡੀਆਂ ਨਜ਼ਰਾਂ ਤੋਂ ਦੂਰ ਕਿਸੇ ਥਾਂ ਭੇਜ ਦਿੱਤਾ । ਜ਼ਕਰੀਆ ਖ਼ਾਨ ਹਰ ਭਗਤ ਨਿਰੰਜਨੀਏ ਦਾ ਏਨਾ ਲੰਮਾ ਬਿਆਨ ਸੁਣ ਕੇ ਪੂਰਾ ਭੱਖ ਉਠਿਆ, ਉਸ ਨੇ ਨਿਰੰਜਨੀਏ ਨੂੰ ਸਰਕਾਰ ਦਾ ਭਰੋਸੇਯੋਗ ਮੁਖ਼ਬਰ ਸਮਝ ਕੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਮੋਮਨ ਖ਼ਾਨ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਮਾਝੇ ਵਿੱਚ ਭੜਾਣੇ ਪਿੰਡ ਲਾਗੇ ਪੂਹਲਾ ਪਿੰਡ ਹੈ । ਉਥੋਂ ਦਾ ਇਕ ਜ਼ਿੰਮੀਦਾਰ ਤਾਰੂ ਸਿੰਘ ਹੈ, ਜਿਸ ਨੇ ਬਾਗੀ ਸਿੰਘਾਂ ਨਾਲ ਮਿਲਕੇ ਪੱਟੀ ਵਾਲੇ ਜ਼ਾਫ਼ਰ ਬੇਗ ਦਾ ਕਤਲ ਕੀਤਾ ਹੈ । ਉਸ ਨੂੰ ਛੇਤੀ ਤੋਂ ਛੇਤੀ ਬੰਦੀ ਬਣਾ ਕੇ ਮੇਰੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ । ਮੋਮਨ ਖਾਨ ਦੂਜੇ ਦਿਨ ਆਪਣੇ ਸਿਪਾਹੀਆਂ ਸਮੇਤ ਪਿੰਡ ਪੂਹਲੇ ਜਾ ਪਹੁੰਚਾ । ਜਦੋਂ ਪਿੰਡ ਪੂਹਲਾ ਵਾਲਿਆਂ ਨੂੰ ਪਤਾ ਲੱਗਾ ਕਿ ਮੋਮਨ ਖਾਨ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਆਇਆ ਹੈ ਤਾਂ ਉਨ੍ਹਾਂ ਨੇ ਮੋਮਨ ਖਾਨ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤਾਰੂ ਸਿੰਘ ਤਾਂ ਬਿਨਾਂ ਕਿਸੇ ਭੇਦ-ਭਾਵ ਦੇ ਲੋੜਵੰਦਾਂ ਦੀ ਸੇਵਾ ਕਰਦਾ ਹੈ ਅਤੇ ਇਹ ਬੇਕਸੂਰ ਹੈ, ਬਿਨਾਂ ਕਿਸੇ ਕਸੂਰ ਦੇ ਇਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ । ਪਰ ਮੋਮਨ ਖਾਨ ਨੇ ਕਿਸੇ ਦੀ ਨਹੀਂ ਸੁਣੀ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਨੂੰ ਲੈ ਤੁਰਿਆ । ਰਾਤ ਉਹ ਪਿੰਡ ਭੜਾਣੇ ਰਿਹਾ । ਪਿੰਡ ਭੜਾਣੇ ਦੇ ਲੋਕਾਂ ਨੇ ਸਲਾਹ ਕੀਤੀ ਕਿ ਭਾਈ ਤਾਰੂ ਸਿੰਘ ਨੂੰ ਛੱੁਡਵਾ ਲਈਏ ਕਿਉਂਕਿ ਮੋਮਨ ਨਾਲ ਥੋੜ੍ਹੇ ਜਿਹੇ ਸਿਪਾਹੀ ਹਨ ਤੇ ਆਪਾਂ ਸਾਰਾ ਪਿੰਡ ਇਕੱਠਾ ਹੋ ਕੇ ਸੌਖਿਆਂ ਹੀ ਇਨ੍ਹਾਂ ਥੋੜ੍ਹੇ ਸਿਪਾਹੀਆਂ ਕੋਲੋਂ ਭਾਈ ਸਾਹਿਬ ਨੂੰ ਛੁਡਾ ਸਕਦੇ ਹਾਂ । ਪਿੰਡ ਦੇ ਇਕ ਬਜ਼ੁਰਗ ਨੇ ਸਲਾਹ ਦਿੱਤੀ ਕਿ ਇਸ ਸਕੀਮ ਬਾਰੇ ਭਾਈ ਤਾਰੂ ਸਿੰਘ ਨੂੰ ਪੁੱਛ ਲਿਆ ਜਾਵੇ, ਪਰ ਉਹ ਨਾ ਮੰਨੇ ਤੇ ਸਖ਼ਤੀ ਨਾਲ ਮਨ੍ਹਾਂ ਕਰ ਦਿੱਤਾ ਤੇ ਕਿਹਾ ਇਸ ਤਰ੍ਹਾਂ ਕਰਨ ਨਾਲ ਭੜਾਵੀਏ ਸਿੱਖਾਂ ਦੇ ਸਿਰਾਂ ਉੱਤੇ ਸਰਕਾਰ ਦਾ ਕਹਿਰ ਟੁੱਟ ਪੈਣਾ ਹੈ । ਮੈਂ ਆਪਣੀ ਜਾਨ ਬਚਾਉਣ ਵਾਸਤੇ ਸਾਰੇ ਪਿੰਡ ਨੂੰ ਮੁਸੀਬਤ ਵਿੱਚ ਨਹੀਂ ਪਾ ਸਕਦਾ । ਉਸ ਨੇ ਸਭ ਨੂੰ ਚੜ੍ਹਦੀ ਕਲਾ ਵਾਲਾ ਦਿਲਾਸਾ ਤੇ ਭਾਣਾ ਮੰਨਣ ਦਾ ਉਪਦੇਸ਼ ਦੇ ਕੇ ਵਾਪਸ ਘਰਾਂ ਨੂੰ ਮੋੜ ਦਿੱਤਾ । (ਨੋਟ-ਪਿੰਡ ਵਾਲਿਆਂ ਨੇ ਸਿਪਾਹੀਆਂ ਨੂੰ ਵੱਢੀ ਦੇ ਕੇ ਪ੍ਰਸ਼ਾਦਾ ਛਕਾਉਣ ਦੇ ਪੱਜ ਭਾਈ ਤਾਰੂ ਸਿੰਘ ਨੂੰ ਇਕੱਲਿਆਂ ਮਿਲਣ ਦਾ ਪ੍ਰਬੰਧ ਕਰ ਲਿਆ ਸੀ ਤੇ ਉਸ ਨੂੰ ਜਬਰਦਸਤੀ ਛੁਡਵਾਉਣ ਦੀ ਉਕਤ ਵਾਰਤਾ ਦਾ ਸਿਪਾਹੀਆਂ ਨੂੰ ਨਹੀਂ ਸੀ ਪਤਾ ਲੱਗਣ ਦਿੱਤਾ । ਪਰ ਤਾਰੂ ਸਿੰਘ ਨੇ ਪਿੰਡ ਵਾਲਿਆਂ ਦੀ ਉਕਤ ਕਾਰਨਾਂ ਕਰਕੇ ਉਸ ਨੂੰ ਜਬਰਦਸਤੀ ਪੁਲਸ ਕੋਲੋਂ ਛੁਡਵਾਉਣ ਦੀ ਸਲਾਹ ਨਾ ਮੰਨੀ) । ਭੜਾਣੇ ਰਾਤ ਕੱਟਣ ਬਾਅਦ ਦੂਸਰੇ ਦਿਨ ਭਾਈ ਤਾਰੂ ਸਿੰਘ ਨੂੰ ਲਾਹੌਰ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ । ਕਚਹਿਰੀ ਵਿੱਚ ਪਹੁੰਚਦਿਆਂ ਹੀ ਭਾਈ ਤਾਰੂ ਸਿੰਘ ਨੇ ਕਚਹਿਰੀ ਵਿੱਚ ਜ਼ਕਰੀਆ ਖ਼ਾਨ ਸਮੇਤ ਸਾਰੇ ਮੌਜੂਦ ਅਹਿਲਕਾਰਾਂ ਨੂੰ ਸੰਬੋਧਨ ਹੋ ਕੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਗੱਜਕੇ ਬੁਲਾਈ । ਦਰਬਾਰੀ ਅਮੀਰਾਂ ਤੇ ਸਲਾਹਕਾਰਾਂ ਨੇ ਵੀ ਵੱਟ ਖਾਧਾ ਪਰ ਸ਼ਾਹੀ ਕਾਜ਼ੀ ਨੇ ਉੱਚੀ ਅਵਾਜ਼ ਵਿੱਚ ਕਿਹਾ, ਤਾਰੂ ਸਿੰਘਾ ਇਹ ਤੇਰੇ ਗੁਰੂ ਦਾ ਦਰਬਾਰ ਨਹੀਂ, ਲਾਹੌਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੀ ਕਚਹਿਰੀ ਹੈ ਇਥੇ ਤੈਨੂੰ ਝੁੱਕ ਕੇ ਸਲਾਮ ਕਰਨਾ ਪਵੇਗਾ । ਅੱਗੋਂ ਭਾਈ ਤਾਰੂ ਸਿੰਘ ਨੇ ਗਰਜਵੀਂ ਅਵਾਜ਼ ਵਿੱਚ ਕਾਜ਼ੀ ਨੂੰ ਕਿਹਾ, ਐ ਕਾਜ਼ੀ ਦਰਬਾਰ ਲਾਹੌਰ ਦਾ ਹੋਵੇ ਜਾਂ ਦਿੱਲੀ ਦਾ ਹੋਵੇ ਖ਼ਾਲਸਾ ਕਦੇ ਝੁੱਕ ਕੇ ਸਲਾਮ ਨਹੀਂ ਕਰਦਾ, ਗੁਰੂ ਦੀ ਬਖ਼ਸ਼ੀ ਹੋਈ ਫ਼ਤਹਿ ਹੀ ਗਜਾਉਂਦਾ ਹੈ । ਇਹ ਜੁਆਬ ਸੁਣਕੇ ਕਾਜ਼ੀ ਲੋਹਾ ਲਾਖਾ ਹੋ ਗਿਆ ਤੇ ਉਸ ਨੇ ਜ਼ਕਰੀਆ ਖ਼ਾਨ ਨੂੰ ਭੜਕਾਇਆ ਕਿ ਖ਼ਾਨ ਬਹਾਦਰ ਸਾਹਿਬ ਝੁੱਕ ਕੇ ਸਲਾਮ ਕਰਨ ਦੀ ਥਾਂ ਫ਼ਤਹਿ ਬੁਲਾਉਣੀ ਇਹ ਸਿੱਧਾ ਬਗ਼ਾਵਤ ਦਾ ਨਾਅਰਾ ਹੈ । ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੂੰ ਕਾਜ਼ੀ ਦੀ ਇਹ ਗੱਲ ਸੁਣ ਕੇ ਕਰੋਧ ਆਇਆ ਤੇ ਬੋਲਿਆ, ਤਾਰੂ ਸਿੰਘਾ ਤੇਰੇ ਜੁਲਮਾਂ ਦੀ ਪੰਡ ਪਹਿਲਾਂ ਹੀ ਬਹੁਤ ਭਾਰੀ ਹੋ ਚੁੱਕੀ ਹੈ ਫ਼ਤਹਿ ਬੁਲਾਉਣ ਵਾਲੇ ਕੁਫ਼ਰ ਅਤੇ ਬਗ਼ਾਵਤ ਦੇ ਬੋਲ ਬੋਲਕੇ ਇਸ ਨੂੰ ਹੋਰ ਭਾਰਾ ਕਰਨ ਦੀ ਲੋੜ ਨਹੀਂ । ਕਾਫ਼ਿਰ ਤੇ ਸਰਕਾਰ ਦੇ ਬਾਗੀਆਂ ਦਾ ਮਦਦਗਾਰ ਤੇ ਪੱਟੀ ਦੇ ਫੌਜਦਾਰ ਦਾ ਕਾਤਿਲ ਤਾਰੂ ਸਿੰਘ ਤੇ ਬੁਲਾਵੇ ਲਾਹੌਰ ਦਰਬਾਰ ਵਿੱਚ ਫ਼ਤਹਿ, ਤੂੰ ਜੁਰਮ ਤੇ ਜੁਰਮ ਕਰਦਾ ਜਾ ਰਿਹਾ ਹੈ । ਇਸ ਜੁਰਮ ਦੀ ਸਜ਼ਾ ਮੌਤ ਹੈ ਤੇ ਮੌਤ ਤੋਂ ਬੱਚ ਨਿਕਲਣ ਦਾ ਤੇਰੇ ਪਾਸ ਇਕੋ ਇਕ ਰਾਹ ਹੈ ਕਿ ਤੂੰ ਇਸਲਾਮ ਕਬੂਲ ਕਰ ਲੈ । ਤਾਰੂ ਸਿੰਘ ਨੇ ਕਿਹਾ ਮੈਨੂੰ ਮੌਤ ਮਨਜ਼ੂਰ ਹੈ ਪਰ ਮੈਂ ਇਸਲਾਮ ਨਹੀਂ ਕਬੂਲ ਕਰਾਂਗਾ । ਭਾਈ ਤਾਰੂ ਸਿੰਘ ਦਾ ਦਲੇਰੀ ਭਰਿਆ ਜੁਆਬ ਸੁਣਕੇ, ਮੌਤ ਤੋਂ ਪਹਿਲਾਂ ਉਸ ਦਾ ਸਿਦਕ ਡੁਲਾਉਣ ਲਈ ਤਾਰੂ ਸਿੰਘ ਨੂੰ ਚਰਖੜੀ &lsquoਤੇ ਚਾੜ੍ਹ ਕੇ ਤਸੀਹੇ ਦੇਣ ਦਾ ਹੁਕਮ ਜ਼ਕਰੀਆ ਖ਼ਾਨ ਨੇ ਸੁਣਾ ਦਿੱਤਾ । ਜ਼ਕਰੀਆ ਖ਼ਾਨ ਦੇ ਹੁਕਮ ਸੁਣਾਉਣ ਦੀ ਦੇਰ ਸੀ ਕਿ ਤਾਰੂ ਸਿੰਘ ਨੂੰ ਚਰਖ਼ੀ &lsquoਤੇ ਚੜ੍ਹਾ ਕੇ ਲਹੂ ਲੁਹਾਨ ਕਰ ਦਿੱਤਾ ਗਿਆ । ਪਰ ਸਿਦਕੀ ਸਿੰਘ ਆਪਣੇ ਆਪਣੀ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਉਣ ਵਾਲੇ ਧਰਮ &lsquoਤੇ ਅਟਲ ਰਿਹਾ । ਚਰਖੜੀ &lsquoਤੇ ਚਾੜ੍ਹਕੇ ਤਸੀਹੇ ਦੇਣ ਤੋਂ ਬਾਅਦ ਉਸ ਨੂੰ ਅਗਲੀ ਪੇਸ਼ੀ ਤੱਕ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ । ਜੇਲ੍ਹ ਵਿੱਚ ਭਾਈ ਤਾਰੂ ਸਿੰਘ ਨੂੰ ਬਹੁਤ ਲਾਲਚ ਦਿੱਤੇ ਗਏ ਕਿ ਜੇ ਉਹ ਇਸਲਾਮ ਕਬੂਲ ਕਰਕੇ ਪੱਟੀ ਦੇ ਫੌਜਦਾਰ ਦੇ ਕਾਤਲ ਆਪਣੇ ਸਾਥੀਆਂ ਦਾ ਪਤਾ ਟਿਕਾਣਾ ਦੱਸ ਦੇਵੇ ਤਾਂ ਉਸ ਦੀ ਮੌਤ ਦੀ ਸਜ਼ਾ ਵੀ ਮੁਆਫ਼ ਕਰ ਦਿੱਤੀ ਜਾਵੇਗੀ ਤੇ ਉਸ ਨੂੰ ਹਰ ਕਿਸਮ ਦੀਆਂ ਦੁਨੀਆਵੀ ਸੁੱਖ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ । ਪਰ ਭਾਈ ਤਾਰੂ ਸਿੰਘ ਅੱਗੋਂ ਇਕੋ ਹੀ ਜੁਆਬ ਦਿੰਦੇ ਰਹੇ ਕਿ ਮੈਨੂੰ ਇਸਲਾਮ ਨਹੀਂ, ਮੌਤ ਮਨਜ਼ੂਰ ਹੈ । ਪਰ ਹਰ ਵਾਰ ਤਾਰੂ ਸਿੰਘ ਜ਼ਕਰੀਆ ਖ਼ਾਨ ਦੇ ਲਾਲਚ ਦੇਣ ਵਾਲੇ ਸ਼ਾਹੀ ਕਾਜ਼ੀ ਨੂੰ ਏਹੀ ਜੁਆਬ ਦਿੰਦੇ ਰਹੇ ਕਿ ਤੁਸੀਂ ਚਰਖੜੀ &lsquoਤੇ ਚਾੜਨ ਤੋਂ ਬਿਨਾਂ ਹੋਰ ਵੀ ਜਿੰਨੇ ਮਰਜ਼ੀ ਤਸੀਹੇ ਦੇ ਕੇ ਵੇਖ ਲਉ, ਖ਼ਾਲਸਾ ਆਪਣੇ ਸਿਦਕ ਤੋਂ ਨਹੀਂ ਡੋਲੇਗਾ ਅਤੇ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਹੀ ਨਿਭੇਗੀ । ਕੁਝ ਦਿਨ ਜੇਲ੍ਹ ਵਿੱਚ ਲਾਲਚ ਤੇ ਡਰਾਵੇ ਦੇਣ ਤੋਂ ਬਾਅਦ ਤਾਰੂ ਸਿੰਘ ਨੂੰ ਫਿਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ । ਇਸ ਪੇਸ਼ੀ ਦੌਰਾਨ ਫਿਰ ਤਾਰੂ ਸਿੰਘ ਨੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਬੁਲਾਈ, ਪਰ ਇਸ ਵਾਰੀ ਜ਼ਕਰੀਆ ਖ਼ਾਨ ਨੇ ਕੌੜ ਨਹੀਂ ਮਚਾਈ, ਸਗੋਂ ਆਪਣਾ ਅੰਦਾਜ਼ ਬਦਲਕੇ ਭਾਈ ਤਾਰੂ ਸਿੰਘ ਨੂੰ ਮੌਤ ਦਾ ਡਰਾਵਾ ਦੇਣ ਦੀ ਬਜਾਏ ਸਗੋਂ ਜੇਲ੍ਹ ਵਾਲੇ ਕਾਜ਼ੀ ਵਾਂਗ ਨਰਮੀ ਵਰਤਕੇ ਲਾਲਚ ਦੇਣੇ ਸ਼ੁਰੂ ਕੀਤੇ । ਕਈ ਕਿਸਮ ਦੇ ਲਾਲਚ ਦੇਣ ਦੀ ਪੇਸ਼ਕਸ਼ ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਕੀਤੀ । ਪਰ ਤਾਰੂ ਸਿੰਘ ਚਟਾਨ ਵਾਂਗ ਅਟਲ ਰਿਹਾ ਅਤੇ ਵਾਰ-ਵਾਰ ਇਕੋ ਹੀ ਜੁਆਬ ਦਿੰਦਾ ਰਿਹਾ ਕਿ ਮੇਰੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇਗੀ । ਜ਼ਕਰੀਆ ਖ਼ਾਨ ਤਾਰੂ ਸਿੰਘ ਦਾ ਵਾਰ-ਵਾਰ ਉਹੀ ਜੁਆਬ ਕਿ ਸਿੱਖੀ ਕੇਸਾਂ ਸੰਗ ਨਿਭੇਗੀ ਸੁਣਕੇ ਅੱਕ ਗਿਆ ਤੇ ਗਰਮ ਹੋ ਕੇ ਬੋਲਿਆ, ਤਾਰੂ ਸਿੰਘਾ ਮੈਂ ਤੇਰੀ, ਸਿੱਖੀ ਕੇਸਾਂ ਸੰਗ ਨਿਭੇਗੀ ਦੀ ਰੱਟ ਬਹੁਤ ਸੁਣ ਲਈ ਹੈ । ਤੂੰ ਜਿਸ ਸਿੱਖੀ ਤੇ ਕੇਸਾਂ &lsquoਤੇ ਏਨਾ ਮਾਣ ਕਰਦੈਂ ਮੈਂ ਤੇਰੇ ਕੇਸ ਜੁੱਤੀਆਂ ਨਾਲ ਉਡਾ ਦਿਆਂਗਾ । ਅੱਗੋਂ ਭਾਈ ਤਾਰੂ ਸਿੰਘ ਨੇ ਗਰਜ ਕੇ ਉੱਤਰ ਦਿੱਤਾ ਕਿ ਐ ਖ਼ਾਨ ਬਹਾਦਰ ਤੂੰ ਮੇਰੇ ਸਿੱਖੀ ਸਿਦਕ ਨੂੰ ਚੈਲੰਿਜ ਕੀਤਾ ਪਰ ਯਾਦ ਰੱਖ ਮੇਰੀ ਸਿੱਖੀ ਤਾਂ ਕੇਸਾਂ ਸੁਆਸਾਂ ਤੱਕ ਨਿਭ ਹੀ ਜਾਏਗੀ ਪਰ ਤੈਨੂੰ ਖ਼ਾਲਸੇ ਦੀ ਜੁੱਤੀ ਅੱਗੇ ਲੱਗਕੇ ਚਲਣਾ ਪਵੇਗਾ । ਭਾਈ ਤਾਰੂ ਸਿੰਘ ਦਾ ਇਹ ਜੁਆਬ ਸੁਣ ਕੇ ਜ਼ਕਰੀਆ ਖ਼ਾਨ ਨੂੰ ਸੱਤੀ ਕੱਪੜੀਂ ਅੱਗ ਲੱਗੀ ਤੇ ਉਸ ਨੇ ਕ੍ਰੋਧਵਾਨ ਹੋ ਕੇ ਕਿਹਾ ਮੈਂ ਸਣੇ ਕੇਸਾਂ ਤੇਰੀ ਖੋਪਰੀ ਉਤਾਰ ਦੇਵਾਂਗਾ ਤਾਂ ਕਿ ਤੇਰੇ ਕੇਸ ਮੁੜਕੇ ਉੱਗ ਹੀ ਨਾ ਸਕਣ । ਉਸ ਨੇ ਉਸੇ ਵੇਲੇ ਹੀ ਮੋਚੀ ਸੱਦ ਕੇ ਭਾਈ ਤਾਰੂ ਸਿੰਘ ਦੀ ਸਣੇ ਕੇਸਾਂ ਖੋਪਰੀ ਲੁਹਾ ਕੇ ਉਸ ਨੂੰ ਬਾਹਰ ਕਚਹਿਰੀ ਨਾਲ ਲੱਗਦੀ ਖਾਈ ਵਿੱਚ ਸੁੱਟਵਾ ਦਿੱਤਾ । ਭਾਈ ਤਾਰੂ ਸਿੰਘ ਦੀ ਜੀਊਂਦੇ ਦੀ ਖੋਪਰੀ ਲੁਹਾ ਕੇ ਜੋ ਉਸ ਉੱਤੇ ਅਸਹਿ ਜ਼ੁਲਮ ਢਾਹਿਆ ਗਿਆ, ਇਸ ਨੂੰ ਵੇਖ ਸੁਣਕੇ ਲਾਹੌਰ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ । ਨੇਕ ਦਿਲ ਮੁਸਲਮਾਨ ਵੀ ਤ੍ਰਾਹ ਤ੍ਰਾਹ ਕਰ ਉੱਠੇ, ਇਥੋਂ ਤੱਕ ਜ਼ਕਰੀਆ ਖ਼ਾਨ ਆਪ ਵੀ ਏਨਾ ਘਾਬਰ ਗਿਆ ਕਿ ਉਹ ਕਚਹਿਰੀ ਬਰਖ਼ਾਸਤ ਕਰਕੇ ਘਰ ਨੂੰ ਚੱਲਿਆ ਗਿਆ । ਦਰਬਾਰੀ ਅਮੀਰ ਤੇ ਛੋਟੇ ਅਹਿਲਕਾਰ ਵੀ ਗਹਿਰੀ ਚੁੱਪ ਵਿੱਚ ਡੁੱਬੇ ਘਰਾਂ ਨੂੰ ਤੁਰ ਗਏ । ਲਾਹੌਰ ਦੇ ਸਿੱਖਾਂ ਨੂੰ ਜਦੋਂ ਇਸ ਦੁੱਖਦਾਈ ਖ਼ਬਰ ਦਾ ਪਤਾ ਲੱਗਾ ਤਾਂ ਉਹ ਆਪਣੇ ਕਿਸੇ ਵਸੀਲੇ ਰਾਹੀਂ ਸਰਕਾਰੀ ਆਗਿਆ ਨਾਲ ਭਾਈ ਸਾਹਿਬ ਨੂੰ ਚੁੱਕ ਕੇ ਇਕ ਧਰਮਸ਼ਾਲਾ ਵਿੱਚ ਲੈ ਗਏ । ਮੁਸਲਮਾਨ ਹਕੀਮਾਂ ਦੀ ਮਦਦ ਲੈਣੀ ਚਾਹੀ ਪਰ ਉਹ ਜ਼ਕਰੀਆ ਖ਼ਾਨ ਤੋਂ ਡਰਦੇ ਭਾਈ ਸਾਹਿਬ ਦਾ ਇਲਾਜ ਕਰਨ ਲਈ ਨਾ ਮੰਨੇ । ਇਕ ਦੇਸੀ ਦਵਾਈਆਂ ਬਣਾਉਣ ਵਾਲੇ ਸਿੱਖ ਹਕੀਮ ਨੂੰ ਲਿਆਂਦਾ ਗਿਆ । ਉਸਨੇ ਨਿੰਮ ਦੇ ਕੋਸੇ ਪਾਣੀ ਨਾਲ ਪਹਿਲਾਂ ਸਾਰੇ ਸਿਰ ਨੂੰ, ਜੋ ਇਕ ਵੱਡੇ ਜ਼ਖ਼ਮ ਵਾਂਗ ਬਣ ਚੁੱਕਿਆ ਸੀ ਉਸ ਨੂੰ ਧੋਤਾ ਤੇ ਫਿਰ ਦੇਸੀ ਦਵਾਈਆਂ ਦਾ ਕਹਾਹ ਬਣਾ ਕੇ ਭਾਈ ਸਾਹਿਬ ਦੇ ਸਿਰ &lsquoਤੇ ਬੰਨਣਾ ਸ਼ੁਰੂ ਕਰ ਦਿੱਤਾ । ਹੌਲੀ-ਹੌਲੀ ਭਾਈ ਸਾਹਿਬ ਹੋਸ਼ ਵਿੱਚ ਆਏ ਤੇ ਫਿਰ ਆਹਿਸਤਾ-ਆਹਿਸਤਾ ਕਾਇਮ ਹੋਣ ਲੱਗ ਪਏ ਤੇ ਏਸੇ ਹਾਲਤ ਵਿੱਚ ਉਸੇ ਧਰਮਸ਼ਾਲਾ ਵਿੱਚ ਜ਼ਕਰੀਆ ਖ਼ਾਨ ਨੂੰ ਖ਼ਾਲਸੇ ਦੀ ਜੁੱਤੀ ਅੱਗੇ ਲਾਕੇ ਤੋਰਨ ਵਾਲਾ ਵਾਅਦਾ ਨਿਭਾਉਣ ਲਈ 22 ਦਿਨ ਤੱਕ ਜਿੰਦਾ ਰਹੇ ਅਤੇ ਗੁਰਬਾਣੀ ਦਾ ਜਾਪ ਕਰਦੇ ਰਹੇ । ਸਿਦਕੀ ਸਿੱਖ ਦੇ ਮੂੰਹੋਂ ਨਿਕਲਿਆ ਆਖ਼ਰੀ ਬਚਨ ਪੂਰਾ ਹੋਣਾ ਹੀ ਸੀ । ਭਾਈ ਤਾਰੂ ਸਿੰਘ ਉੱਤੇ ਵਰਤਾਏ ਗਏ ਅਕਹਿ ਜ਼ੁਲਮ ਤੋਂ ਥੋੜੇ੍ਹ ਬਾਅਦ ਹੀ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ । ਸ਼ਾਹੀ ਹਕੀਮਾਂ ਵੈਦਾਂ ਬੜਾ ਇਲਾਜ ਕੀਤਾ ਪਰ ਆਰਾਮ ਨਾ ਆਇਆ । ਮੌਲਵੀ, ਮੌਲਾਣੇ ਪੀਰ ਫ਼ਕੀਰ ਬੁਲਾਏ ਗਏ, ਦੁਆਵਾਂ ਕੀਤੀਆਂ ਗਈਆਂ, ਕੁਰਾਨ ਦੇ ਕਲਾਮ ਪੜ੍ਹਕੇ ਤਵੀਤ ਬਣਾ ਕੇ ਖ਼ਾਨ ਬਹਾਦਰ ਦੇ ਗਲ ਵਿੱਚ ਪਾਏ ਗਏ । ਪਰ ਕੋਈ ਅਸਰ ਨਾ ਹੋਇਆ, ਸਗੋਂ ਤਕਲੀਫ ਹੋਰ ਵੱਧਦੀ ਗਈ । ਦਰਦ ਨਾਲ ਕਰਾਹ ਰਹੇ ਜ਼ਕਰੀਆ ਖ਼ਾਨ ਦੀ ਦੁਹਾਈ ਮਹਲਾਂ ਤੋਂ ਬਾਹਰ ਤੱਕ ਸੁਣਦੀ ਸੀ । ਖੋਪਰੀ ਤੋਂ ਬਿਨਾਂ ਲਹੂ ਨਾਲ ਲੱਥ ਪੱਥ ਭਾਈ ਤਾਰੂ ਸਿੰਘ ਦੀ ਤਸਵੀਰ ਉਸ ਦੀਆਂ ਅੱਖਾਂ ਅੱਗੇ ਘੁੰਮਦੀ ਸੀ ਤੇ ਜ਼ਕਰੀਆ ਖ਼ਾਨ ਨੂੰ ਉਸ ਦਰਵੇਸ਼ ਦੇ ਕਹੇ ਬੋਲ ਚੇਤੇ ਆ ਰਹੇ ਸਨ ਕਿ ਮੇਰੀ ਸਿੱਖੀ ਤਾਂ ਕੇਸਾਂ ਸੁਆਸਾਂ ਨਾਲ ਨਿਭ ਜਾਵੇਗੀ, ਪਰ ਯਾਦ ਰੱਖ ਤੈਨੂੰ ਖ਼ਾਲਸੇ ਦੀ ਜੁੱਤੀ ਅੱਗੇ ਲੱਗਕੇ ਚਲਣਾ ਪਵੇਗਾ ਤੇ ਹੁਣ ਉਹ ਵੇਲਾ ਆ ਗਿਆ ਸੀ । ਹਕੀਮਾਂ ਫ਼ਕੀਰਾਂ ਤੇ ਦਰਬਾਰ ਦੇ ਵੱਡੇ ਅਮੀਰਾਂ ਕਾਜ਼ੀਆਂ ਨੂੰ ਵੀ ਭਾਈ ਸਾਹਿਬ ਦੇ ਬੋਲ ਯਾਦ ਸਨ ਤੇ ਆਖਰ ਸਾਰਿਆਂ ਨੇ ਸਾਂਝਾ ਫੈਸਲਾ ਲਿਆ ਅਤੇ ਜ਼ਕਰੀਆ ਖ਼ਾਨ ਦਾ ਪਿਸ਼ਾਬ ਦਾ ਬੰਨ੍ਹ ਤੋੜਨ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਲਿਆ ਕੇ ਖ਼ਾਨ ਦੇ ਸਿਰ ਉੱਤੇ ਮਾਰੀ ਜਾਵੇ । ਇੰਜ ਹੀ ਕੀਤਾ ਗਿਆ, ਸਿਰ ਜੁੱਤੀਆਂ ਵੱਜਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਸੀ ਤੇ ਦਰਦ ਘੱਟਦਾ ਜਾਂਦਾ ਸੀ । ਖ਼ਾਨ ਬਹਾਦਰ ਦੇ ਸਿਰ ਉੱਤੇ ਰੋਜ਼ ਭਾਈ ਸਾਹਿਬ ਦੀਆਂ ਜੁੱਤੀਆਂ ਦੀ ਬੁਛਾੜ ਹੁੰਦੀ ਰਹੀ ਤੇ ਅੰਤ ਕਈ ਦਿਨ ਕੀਤੇ ਕੁਕਰਮਾਂ ਦਾ ਫਲ ਭੋਗ ਕੇ ਜ਼ਕਰੀਆ ਖ਼ਾਨ ਜੋ ਦਿੱਲੀ ਦੇ ਤਖ਼ਤ ਪਾਸੋਂ ਪੰਜਾਬ ਦੀ ਸੂਬੇਦਾਰੀ ਇਸ ਵਾਅਦੇ &lsquoਤੇ ਲੈ ਕੇ ਆਇਆ ਸੀ ਕਿ ਉਹ ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਰੱਖ ਦੇਵੇਗਾ, ਪਰ ਉਲਟਾ ਸਿਦਕੀ ਸਿੱਖ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ ਮਰਿਆ । ਉਸ ਦੀ ਮੌਤ ਜੁਲਾਈ 1745 ਈਸਵੀ ਨੂੰ ਹੋਈ । ਜ਼ਕਰੀਆ ਖ਼ਾਨ ਦੇ ਮਰਨ ਦੀ ਖ਼ਬਰ ਜਦੋਂ ਧਰਮਸ਼ਾਲਾ (ਜਿਥੇ ਉਹ 22 ਦਿਨ ਜੀਊਂਦੇ ਰਹੇ) ਦੇ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਦਿੱਤੀ ਤਾਂ ਭਾਈ ਤਾਰੂ ਸਿੰਘ ਵੀ ਜਪੁਜੀ ਦਾ ਪਾਠ ਕਰਕੇ ਸੰਸਾਰ ਨੂੰ ਫ਼ਤਹਿ ਗਜਾ ਕੇ ਗੁਰੂ ਦੀ ਗੋਦ ਵਿੱਚ ਜਾ ਬਿਰਾਜੇ । (ਸਮਾਪਤ)
ਹਵਾਲੇ : (1) ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਲੇਖਕ ਸ: ਸਵਰਨ ਸਿੰਘ ਚੂਸਲੇਵੜ (2) ਭੂਰਿਆਂ ਵਾਲੇ ਰਾਜੇ ਕੀਤੇ-ਲੇਖਕ ਸ: ਸਵਰਨ ਸਿੰਘ ਚੂਸਲੇਵੜ (3) ਸੀਤਲ ਕਿਰਣਾਂ-ਲੇਖਕ ਸੋਹਣ ਸਿੰਘ ਸੀਤਲ (4) ਰਤਨ ਸਿੰਘ ਭੰਗੂ-ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ (5) ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।