ਡੋਮਿਨਿਕਾ ਵਿੱਚ ਕਿਊਬੈਕ ਦੇ ਪ੍ਰਸਿੱਧ ਜੋੜੇ ਦੇ ਕਤਲ ਮਾਮਲੇ ਵਿੱਚ ਦੋ ਅਮਰੀਕੀ ਦੋਸ਼ੀ ਕਰਾਰ

ਰੋਜ਼ੋ- ਕੈਰੇਬੀਆਈ ਟਾਪੂ ਡੋਮਿਨਿਕਾ ਵਿੱਚ ਕਿਊਬੈਕ ਦੇ ਪ੍ਰਸਿੱਧ ਉਦਯੋਗਪਤੀ ਅਤੇ ਫਿæਲਮ ਵਿਸ਼ੇਸ਼ ਪ੍ਰਭਾਵਾਂ ਦੇ ਮੋਢੀ ਡੈਨੀਅਲ ਲੈਂਗਲੋਆ ਅਤੇ ਉਨ੍ਹਾਂ ਦੀ ਜੀਵਨ ਸਾਥੀ ਡੋਮੀਨਿਕ ਮਾਰਸ਼ਾਂ ਦੇ ਕਤਲ ਮਾਮਲੇ ਵਿੱਚ ਦੋ ਅਮਰੀਕੀ ਨਾਗਰਿਕਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ।
ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਰੋਜ਼ੋ ਵਿੱਚ ਜਿਊਰੀ ਨੇ ਮੰਗਲਵਾਰ ਨੂੰ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਦੀ ਵਿਚਾਰ ਤੋਂ ਬਾਅਦ ਜੋਨਾਥਨ ਲੇਹਰਰ ਅਤੇ ਰਾਬਰਟ ਸਨਾਈਡਰ ਜੂਨੀਅਰ ਨੂੰ ਕਤਲ ਦਾ ਦੋਸ਼ੀ ਠਹਿਰਾਇਆ। ਹਾਲਾਂਕਿ ਦੋਨਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਗਈ ਅਤੇ ਉਨ੍ਹਾਂ ਕੋਲ ਫ਼ੈਸਲੇ ਖਿਲਾਫ਼ ਅਪੀਲ ਕਰਨ ਦਾ ਅਧਿਕਾਰ ਵੀ ਮੌਜੂਦ ਹੈ।
ਇਹ ਮਾਮਲਾ ਸਾਲ 2023 ਦੇ ਅੰਤ ਦਾ ਹੈ, ਜਦੋਂ ਡੈਨੀਅਲ ਲੈਂਗਲੋਆ ਅਤੇ ਡੋਮੀਨਿਕ ਮਾਰਸ਼ਾਂ ਲਾਪਤਾ ਹੋ ਗਏ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀਆਂ ਗੋਲੀਆਂ ਨਾਲ ਛਲਣੀ ਹੋਈਆਂ ਲਾਸ਼ਾਂ ਡੋਮਿਨਿਕਾ ਦੇ ਸੂਫਰੀਏਰ ਨੇੜੇ ਇੱਕ ਸੁੰਨਸਾਨ ਸੜਕ 'ਤੇ ਸੜੀ ਹੋਈ ਗੱਡੀ ਵਿੱਚੋਂ ਬਰਾਮਦ ਹੋਈਆਂ। ਇਹ ਥਾਂ ਉਨ੍ਹਾਂ ਦੇ ਬਣਾਏ ਗਏ ਆਲੀਸ਼ਾਨ ਵਾਤਾਵਰਣ-ਅਨੁਕੂਲ ਰਿਜ਼ੋਰਟ ਕੂਲਿਬਰੀ ਰਿਜ ਦੇ ਨੇੜੇ ਸੀ।
ਜਾਂਚ ਤੋਂ ਬਾਅਦ ਲੇਹਰਰ ਅਤੇ ਸਨਾਈਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਵੇਂ ਮੁਲਜ਼ਮ ਪੂਰੇ ਮੁਕੱਦਮੇ ਦੌਰਾਨ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਸਨ।
ਰਿਪੋਰਟਾਂ ਅਨੁਸਾਰ ਲੇਹਰਰ ਦੀ ਜਾਇਦਾਦ ਵੀ ਕੂਲਿਬਰੀ ਰਿਜ ਦੇ ਨਾਲ ਲੱਗਦੀ ਸੀ। ਰਿਜ਼ੋਰਟ ਤੱਕ ਜਾਣ ਵਾਲੀ ਇੱਕ ਸੜਕ ਉਸ ਦੀ ਜ਼ਮੀਨ ਵਿੱਚੋਂ ਲੰਘਦੀ ਸੀ, ਜਿਸ ਨੂੰ ਲੈ ਕੇ ਦੋਵਾਂ ਗੁਆਂਢੀਆਂ ਵਿਚਕਾਰ ਕਈ ਸਾਲਾਂ ਤੋਂ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਇਹ ਰਸਤਾ ਡੋਮਿਨਿਕਾ ਦੀ ਇਤਿਹਾਸਕ ਮਹੱਤਤਾ ਵਾਲੀ ਜਗ੍ਹਾ ਵਿੱਚੋਂ ਵੀ ਲੰਘਦਾ ਸੀ।
ਇਸ ਦੋਹਰੇ ਕਤਲ ਨੇ ਡੋਮਿਨਿਕਾ ਅਤੇ ਕਿਊਬੈਕ ਦੋਨਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਸੀ। ਡੈਨੀਅਲ ਲੈਂਗਲੋਆ ਨੂੰ ਡਿਜ਼ੀਟਲ ਐਨੀਮੇਸ਼ਨ ਅਤੇ ਫਿæਲਮੀ ਵਿਸ਼ੇਸ਼ ਪ੍ਰਭਾਵਾਂ ਦੇ ਖੇਤਰ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1980 ਦੇ ਦਹਾਕੇ ਵਿੱਚ ਮਾਂਟਰੀਅਲ ਵਿੱਚ ਸੌਫਟਇਮੇਜ ਕੰਪਨੀ ਦੀ ਸਥਾਪਨਾ ਕੀਤੀ ਸੀ, ਜਿਸ ਦੀ ਤਿੰਨ-ਆਯਾਮੀ ਐਨੀਮੇਸ਼ਨ ਤਕਨਾਲਾਜੀ ਦੀ ਵਰਤੋਂ ਜੁਰਾਸਿਕ ਪਾਰਕ, ਦ ਮੈਟ੍ਰਿਕਸ ਅਤੇ ਟਾਈਟੈਨਿਕ ਵਰਗੀਆਂ ਹਾਲੀਵੁੱਡ ਫਿæਲਮਾਂ ਵਿੱਚ ਕੀਤੀ ਗਈ। ਕੰਪਨੀ ਵੇਚਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਵੱਧ ਸਮਾਂ ਸੱਭਿਆਚਾਰਕ, ਵਾਤਾਵਰਣ ਸੰਭਾਲ ਅਤੇ ਮਨੁੱਖੀ ਭਲਾਈ ਨਾਲ ਜੁੜੇ ਪ੍ਰੋਜੈਕਟਾਂ ਲਈ ਸਮਰਪਿਤ ਕੀਤਾ।