ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਸੀਬੀਆਈ ਨੇ 20 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਟ-ਯੂਜੀ 2026 ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਵਿਸ਼ੇਸ਼ ਫਾਸਟ ਟਰੈਕ ਅਦਾਲਤ ਅੱਗੇ ਕਰੀਬ 20 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਬੁੱਧਵਾਰ ਨੂੰ ਰਾਊਜ਼ ਐਵੇਨਿਊ ਸਥਿਤ ਅਦਾਲਤ ਨੇ ਸੀਬੀਆਈ ਨੂੰ ਚਾਰਜਸ਼ੀਟ ਨਾਲ ਸਬੰਧਤ ਸਾਰੇ ਦਸਤਾਵੇਜ਼, ਗਵਾਹਾਂ ਦੇ ਬਿਆਨਾਂ ਦੀ ਸੂਚੀ ਅਤੇ ਹੋਰ ਅਨੁਸੂਚੀਆਂ ਦਾਇਰ ਕਰਨ ਲਈ ਤਿੰਨ ਦਿਨਾਂ ਦਾ ਹੋਰ ਸਮਾਂ ਦਿੱਤਾ ਹੈ।
ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਅਨੂ ਗਰੋਵਰ ਬਾਲੀਗਾ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਨਿਰਧਾਰਤ ਕੀਤੀ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਚਾਰਜਸ਼ੀਟ ਬਹੁਤ ਵਿਸਤ੍ਰਿਤ ਹੈ ਅਤੇ ਇਸ ਦੇ ਦਸਤਾਵੇਜ਼ਾਂ ਨੂੰ ਸਕੈਨ ਕਰਕੇ 13 ਮੁਲਜ਼ਮਾਂ ਨੂੰ ਮੁਹੱਈਆ ਕਰਵਾਉਣ ਲਈ ਸਮੇਂ ਦੀ ਲੋੜ ਹੈ। ਚਾਰਜਸ਼ੀਟ ਵਿੱਚ 13 ਮੁਲਜ਼ਮਾਂ ਖਿਲਾਫ਼ ਅਪਰਾਧਿਕ ਸਾਜਿæਸ਼, ਧੋਖਾਧੜੀ, ਅਪਰਾਧਿਕ ਭਰੋਸਾ ਤੋੜਨ, ਸਬੂਤ ਨਸ਼ਟ ਕਰਨ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਜਨਤਕ ਪ੍ਰੀਖਿਆ (ਅਣਉਚਿਤ ਤਰੀਕਿਆਂ ਦੀ ਰੋਕਥਾਮ) ਕਾਨੂੰਨ, 2024 ਦੀਆਂ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ 360 ਗਵਾਹਾਂ, 422 ਦਸਤਾਵੇਜ਼ਾਂ ਅਤੇ 43 ਭੌਤਿਕ ਸਬੂਤਾਂ ਦਾ ਜ਼ਿਕਰ ਕੀਤਾ ਹੈ। ਸਾਰੇ 13 ਮੁਲਜ਼ਮ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ।
ਸੀਬੀਆਈ ਅਨੁਸਾਰ, 12 ਮਈ 2026 ਨੂੰ ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਨੀਟ-ਯੂਜੀ ਪ੍ਰੀਖਿਆ ਵਿੱਚ ਬੇਨਿਯਮੀਆਂ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੀ ਸਿæਕਾਇਤ ਮਿਲਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ। ਇਸ ਤੋਂ ਤੁਰੰਤ ਬਾਅਦ 72 ਅਧਿਕਾਰੀਆਂ ਅਤੇ 8 ਸਾਈਬਰ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਅਤੇ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਦਿੱਲੀ ਸਮੇਤ ਕਈ ਰਾਜਾਂ ਵਿੱਚ 92 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਜਾਂਚ ਦੌਰਾਨ ਡਿਜ਼ੀਟਲ ਉਪਕਰਣ, ਸੰਚਾਰ ਸਾਧਨ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ। ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ 13 ਮਈ 2026 ਨੂੰ ਹੋਈ ਸੀ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 13 ਮੁਲਜ਼ਮਾਂ ਵਿੱਚ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੇ ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਭੌਤਿਕ ਵਿਗਿਆਨ ਨਾਲ ਸਬੰਧਤ ਤਿੰਨ ਵਿਸ਼ਾ ਮਾਹਿਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਕੋਚਿੰਗ ਸੰਸਥਾਵਾਂ ਨਾਲ ਜੁੜੇ ਵਿਅਕਤੀਆਂ ਅਤੇ ਪ੍ਰਸ਼ਨ ਪੱਤਰ ਲੀਕ ਕਰਨ ਵਾਲੇ ਬਿਚੋਲੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ ਦੱਸਿਆ ਕਿ ਮਨੀ ਟ੍ਰੇਲ ਦੀ ਜਾਂਚ ਕਰਦਿਆਂ ਮੁਲਜ਼ਮਾਂ ਦੇ ਕਈ ਬੈਂਕ ਖਾਤੇ, ਲਾਕਰ ਅਤੇ ਡੀਮੈਟ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਹਨ।