ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਨੇ ਫਰਾਂਸ ਦੇ ਭਾਸ਼ਣ ਦੌਰਾਨ ਕੀਤਾ ਵਾਕਆਊਟ

ਨਿਊ ਯੌਰਕ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਯੂਕਰੇਨ ਸਬੰਧੀ ਬੈਠਕ ਦੌਰਾਨ ਅਮਰੀਕੀ ਪ੍ਰਤੀਨਿਧ ਮੰਡਲ ਨੇ ਫਰਾਂਸ ਦੇ ਭਾਸ਼ਣ ਦੌਰਾਨ ਵਾਕਆਊਟ ਕਰ ਦਿੱਤਾ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਫਰਾਂਸ ਨੇ ਟਰੰਪ ਪ੍ਰਸ਼ਾਸਨ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ 'ਤੇ ਸਵਾਲ ਉਠਾਏ। ਵਿਵਾਦ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਟੁਰਕ ਨੂੰ ਦੂਜੇ ਕਾਰਜਕਾਲ ਲਈ ਭਾਰੀ ਬਹੁਮਤ ਨਾਲ ਮਨਜ਼ੂਰੀ ਦਿੱਤੀ। ਇਸ ਵੋਟਿੰਗ ਵਿੱਚ ਅਮਰੀਕਾ ਨੇ ਵਿਰੋਧ ਕੀਤਾ, ਜਦਕਿ ਫਰਾਂਸ ਨੇ ਟੁਰਕ ਦੇ ਹੱਕ ਵਿੱਚ ਵੋਟ ਪਾਈ। ਇਸ ਤੋਂ ਬਾਅਦ ਫਰਾਂਸ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਅਮਰੀਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਉਹ ਪਹਿਲਾਂ ਵਾਂਗ ਅਗਵਾਈ ਵਾਲੀ ਭੂਮਿਕਾ ਵਿੱਚ ਨਹੀਂ ਰਿਹਾ। ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਉਪ ਰਾਜਦੂਤ ਡੈਨ ਨੇਗਰੀਆ ਨੇ ਫਰਾਂਸ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਹ ਹਰ ਮੁੱਦੇ 'ਤੇ ਦੁਨੀਆ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਹੁਣ ਅਜਿਹੀ ਭਾਸ਼ਾ ਨੂੰ ਬਰਦਾਸ਼ਤ ਨਹੀਂ ਕਰੇਗਾ। ਦੂਜੇ ਪਾਸੇ ਫਰਾਂਸ ਦੇ ਸੰਯੁਕਤ ਰਾਸ਼ਟਰ ਰਾਜਦੂਤ ਜੇਰੋਮ ਬੋਨਾਫੋਂਟ ਨੇ ਵਾਕਆਊਟ 'ਤੇ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਸੰਯੁਕਤ ਰਾਸ਼ਟਰ ਦੇ ਚਾਰਟਰ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਦੇ ਸਿਧਾਂਤਾਂ ਪ੍ਰਤੀ ਵਚਨਬੱਧ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਘਟਨਾ ਅਮਰੀਕਾ ਅਤੇ ਯੂਰਪੀ ਸਾਥੀਆਂ ਵਿਚਕਾਰ ਵਧ ਰਹੇ ਮਤਭੇਦਾਂ ਨੂੰ ਦਰਸਾਉਂਦੀ ਹੈ। ਨਾਟੋ, ਯੂਰਪ ਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਵਰਗੇ ਮੁੱਦਿਆਂ 'ਤੇ ਦੋਵਾਂ ਪੱਖਾਂ ਵਿੱਚ ਪਹਿਲਾਂ ਹੀ ਤਣਾਅ ਬਣਿਆ ਹੋਇਆ ਹੈ।