Adelaide ਗੁਰਦੁਆਰੇ ’ਚ ਅੱਗ ਲੱਗਣ ਦੇ ਮਾਮਲੇ ਦੀ ਜਾਂਚ ਸ਼ੁਰੂ

ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰੇ &rsquoਚ ਅਚਾਨਕ ਅੱਗ ਲੱਗਣ ਕਾਰਨ ਗੁਰਦੁਆਰੇ ਅੰਦਰ ਸੁੱਖ ਆਸਣ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋਣ ਅਤੇ ਗੁਰਦੁਆਰੇ ਦੀ ਇਮਾਰਤ ਸੜ ਕੇ ਤਬਾਹ ਹੋਣ ਦੇ ਮਾਮਲੇ ਦੀ ਜਾਂਚ ਲਈ ਬਣਾਈ ਪੰਜ ਮੈਂਬਰੀ ਕਮੇਟੀ ਨੇ ਜਾਂਚ ਆਰੰਭ ਦਿੱਤੀ ਹੈ। ਇਸੇ ਦੌਰਾਨ ਐਡੀਲੇਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨ ਵਿਖੇ ਸਿੱਖ ਸੰਗਤ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਸ ਦੌਰਾਨ ਐਡੀਲੇਡ ਤੋਂ ਇਲਾਵਾ ਮੈਲਬਰਨ, ਹੋਰ ਰਾਜਾਂ ਅਤੇ ਨਿਊਜ਼ੀਲੈਂਡ ਤੋਂ ਪੁੱਜੇ ਸਿੱਖ ਨੁਮਾਇੰਦਿਆਂ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਸਣੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ &rsquoਤੇ ਦੱਖਣੀ ਆਸਟਰੇਲੀਆ ਦੇ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਇਸ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ। ਟੀਮ ਵਿੱਚ ਸੈਂਟਰਲ ਸਿੱਖ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ, ਆਸਟਰੇਲੀਅਨ ਸਿੱਖ ਕੌਂਸਲ ਤੋਂ ਮਨਦੀਪ ਸਿੰਘ, ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਤੋਂ ਰਵੀ ਇੰਦਰ ਸਿੰਘ ਤੇ ਪ੍ਰੀਤਮ ਸਿੰਘ ਅਤੇ ਐਡੀਲੇਡ ਤੋਂ ਗੁਰਿੰਦਰਜੀਤ ਸਿੰਘ ਆਦਿ ਸ਼ਾਮਲ ਹਨ। ਕਮੇਟੀ ਨੇ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਜਲਦੀ ਜਾਂਚ ਮੁਕੰਮਲ ਕਰ ਕੇ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜਣਗੇ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਨੂੰ ਕਰੀਬ 9.30 ਵਜੇ ਉੱਤਰੀ ਐਡੀਲੇਡ ਦੇ ਇਲਾਕਾ ਵਰਜੀਨੀਆ ਸਥਿਤ ਇੰਡਰਸਟੀਅਲ ਸ਼ੈੱਡ &rsquoਚ ਬਣੇ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ ਐਨੀ ਭਿਆਨਕ ਸੀ ਕਿ ਗੁਰਦੁਆਰੇ ਦੀ ਛੱਤ ਦੀ ਪਾਲਕੀ ਸਾਹਿਬ ਦੇ ਡਿੱਗਣ ਕਾਰਨ ਸੁੱਖ ਆਸਣ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋ ਗਏ ਅਤੇ ਇਮਾਰਤ ਤਬਾਹ ਹੋ ਗਈ ਸੀ।