ਔਰੋਂ ਕੋ ਨਸੀਹਤ, ਖੁਦ ਮੀਆਂ ਫਸੀਹਤ ਗਲਾਸਗੋ ਵਿੱਚ 'ਸੇਵ ਆਵਰ ਵੁਮੈਨ ਐਂਡ ਕਿਡਜ਼' ਪ੍ਰਦਰਸ਼ਨ ਵਿੱਚ ਸ਼ਾਮਲ ਵਿਅਕਤੀ 'ਤੇ ਸਾਬਕਾ ਸਾਥਣਾਂ ਵੱਲੋਂ ਘਰੇਲੂ ਹਿੰਸਾ ਦੇ ਦੋਸ਼

 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਦੂਜਿਆਂ ਨੂੰ ਮੱਤਾਂ ਦੇਣੀਆਂ ਤੇ ਨੁਕਸ ਕੱਢਣੇ ਸੌਖੇ ਹਨ ਪਰ ਆਪਣਆਂ ਕੀਤੀਆਂ ਕਰਤੂਤਾਂ ਅੱਜ ਦੇ ਤੇਜਤਰਾਰ ਯੁੱਗ ਵਿੱਚ ਲੁਕੋਣੀਆਂ ਔਖੀਆਂ ਹਨ। ਗਲਾਸਗੋ ਵਿੱਚ "Save Our Women and Kids" (ਸਾਡੀਆਂ ਔਰਤਾਂ ਅਤੇ ਬੱਚਿਆਂ ਨੂੰ ਬਚਾਓ) ਦੇ ਨਾਅਰੇ ਹੇਠ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਵਿਅਕਤੀ 'ਤੇ ਉਸ ਦੀਆਂ ਸਾਬਕਾ ਸਾਥਣਾਂ ਨੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ।
26 ਸਾਲਾ ਕੈਟਲਿਨ ਸਕੁਲੀਅਨ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਐਲਨ ਮਿਲਰ ਇੱਕ ਹਿੰਸਕ ਵਿਅਕਤੀ ਹੈ, ਜਿਸ ਨੇ ਉਨ੍ਹਾਂ ਦੇ ਇਕੱਠੇ ਬੱਚੇ ਦੀ ਪਰਵਰਿਸ਼ ਦੌਰਾਨ ਉਸ ਨੂੰ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਰੱਖਿਆ। ਉਸ ਨੇ ਆਪਣੀਆਂ ਅਜਿਹੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸ ਦੇ ਚਿਹਰੇ ਅਤੇ ਸਰੀਰ 'ਤੇ ਖੂਨ ਵਹਿਣ ਅਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ।
ਐਲਨ ਮਿਲਰ ਦੀ ਇੱਕ ਹੋਰ ਸਾਬਕਾ ਸਾਥਣ ਕੇਰੀ ਸਵੀਨੀ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਨੂੰ "ਪਖੰਡੀ" ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹਾ "ਰਾਖਸ਼" ਹੈ, ਜਿਸ ਤੋਂ ਅਸਲ ਵਿੱਚ ਔਰਤਾਂ ਨੂੰ ਸੁਰੱਖਿਆ ਦੀ ਲੋੜ ਹੈ।
ਇਹ ਦੋਸ਼ ਉਸ ਸਮੇਂ ਸਾਹਮਣੇ ਆਏ ਜਦੋਂ ਸ਼ਨੀਵਾਰ ਨੂੰ ਗਲਾਸਗੋ ਗ੍ਰੀਨ ਵਿੱਚ ਇਕੱਠੇ ਹੋਏ ਫਾਰ-ਰਾਈਟ ਕਾਰਕੁਨਾਂ ਦੇ ਪ੍ਰਦਰਸ਼ਨ ਦੀ ਇੱਕ ਵੀਡੀਓ ਵਿੱਚ 26 ਸਾਲਾ ਐਲਨ ਮਿਲਰ ਵੀ ਨਜ਼ਰ ਆਇਆ।
ਪ੍ਰਦਰਸ਼ਨ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕੈਟਲਿਨ ਨੇ ਲਿਖਿਆ, "ਉਹ ਔਰਤਾਂ ਅਤੇ ਬੱਚਿਆਂ ਦੀ ਰੱਖਿਆ ਦੇ ਨਾਂ 'ਤੇ 'ਪ੍ਰਵਾਸੀਆਂ ਨੂੰ ਬਾਹਰ ਕੱਢਣ' ਲਈ ਪ੍ਰਦਰਸ਼ਨ ਕਰ ਰਿਹਾ ਹੈ, ਜਦਕਿ ਉਸ ਨੇ ਮੇਰੇ ਨਾਲ ਖੁਦ ਇਹ ਸਭ ਕੁਝ ਕੀਤਾ ਸੀ।"