“ਸੌਲੀਹੁਲ ਦੇ ਪਹਿਲੇ ਸਿੱਖ ਮੇਅਰ ਸਰਦੂਲ ਸਿੰਘ ਮਰਵਾ ਦਾ ਸਨਮਾਨ “

 ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਰਾਮਗੜ੍ਹੀਆ ਸਿੰਖ ਗੁਰਦੁਆਰਾ ਗਰਾਹਾਮ ਸਟ੍ਰੀਟ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੌਲੀਹੁਲ ਨਗਰ ਕੌਂਸਲ ਦੇ ਪਹਿਲੇ ਸਿੱਖ ਮੇਅਰ ਸਰਦੂਲ ਸਿੰਘ ਮਰਵਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਭੋਗਲ ਅਤੇ ਦੂਸਰੇ ਅਹੁਦੇਦਾਰਾਂ ਵਲੋਂ ਸਿਰੀ ਸਾਹਿਬ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਇੰਗਲੈਂਡ ਵਿੱਚ 38 ਸਾਲ ਮੈਜਿਸਟ੍ਰੇਟ ਦੀਆਂ ਸੇਵਾਵਾਂ ਨਿਭਾਉਣ ਵਾਲੇ ਸ੍ਰੀਮਤੀ ਸਤਨਾਮ ਕੌਰ ਮਰਵਾ ਨੂੰ ਵੀ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।ਅਜਿਹੀਆਂ ਸੇਵਾਵਾਂ ਨਿਭਾਉਣ ਵਾਲੀ ਉਹ ਪਹਿਲੀ ਏਸ਼ੀਅਨ ਮਹਿਲਾ ਹਨ ।
ਸ੍ਰੀ ਮਰਵਾ ਸਰਬਸੰਮਤੀ ਨਾਲ ਸਾਲ 2026-27 ਲਈ ਸੌਲੀਹੁਲ ਦੇ 73ਵੇ ਮੇਅਰ ਚੁਣੇ ਗਏ ਹਨ । ਸਮਾਗਮ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਮਰਵਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1960 ਵਿੱਚ ਪੰਜਾਬ ਤੋਂ ਇੰਗਲੈਂਡ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਆ ਗਿਆਂ ਸੀ।ਉਨ੍ਹਾਂ ਦੱਸਿਆ ਕਿ ਉਹ 1978 ਵਿੱਚ ਰਾਜਨੀਤੀ ਵਿੱਚ ਆ ਗਏ ਸਨ । ਉਨ੍ਹਾਂ ਕਈ ਦਹਾਕੇ ਸਥਾਨਕ ਸਰਕਾਰਾਂ ਅਤੇ ਕਮਿਊਨਿਟੀ ਸਰਵਿਸਿਜ਼ ਨੂੰ ਸਮਰਪਿਤ ਕੀਤੇ ਅਤੇ ਅਜੇ ਇਹ ਸਫ਼ਰ ਜਾਰੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1982 ਤੋ 1988 ਤੱਕ ਬਰਮਿੰਘਮ ਕੌਂਸਲ ਦੇ ਕੌਂਸਲਰ ਵਜੋਂ ਸੇਵਾਵਾਂ ਨਿਭਾਈਆਂ । ਇਸ ਦੌਰਾਨ ਬੜੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਿਆ । ਉਨ੍ਹਾਂ ਆਪਣੀਆਂ ਜਨਤਕ ਸੇਵਾਵਾਂ ਸੌਲੀਹੁਲ ਵਿੱਚ ਵੀ ਜਾਰੀ ਰੱਖੀਆਂ । ਉਨ੍ਹਾਂ ਕਿਹਾ ਕਿ ਉਹ 2੦23 ਵਿੱਚ ਸੌਲੀਹੁਲ ਮੈਟਰੋਪੌਲੀਟਨ ਬੋਰਾ ਦੇ ਕੌਂਸਲਰ ਚੁਣੇ ਗਏ ਸਨ । ਹੁਣ 2026-27 ਲਈ ਸੌਲੀਹੁਲ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ । ਉਨ੍ਹਾਂ ਆਖਿਆ ਕਿ ਉਹ ਆਪਣੇ ਖੇਤਰ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ,ਜਨਤਕ ਭਲਾਈ ਅਤੇ ਭਾਈਚਾਰਕ ਸਾਂਝ-ਸਦਭਾਵਨਾ ਕਾਇਮ ਰੱਖਣ ਵਾਸਤੇ ਕੰਮ ਕਰਦੇ ਰਹਿਣਗੇ ।
ਗੁਰਦੁਆਰਾ ਕਮੇਟੀ ਦੇ ਉਪ-ਪ੍ਰਧਾਨ ਜਸਪਾਲ ਸਿੰਘ ਵਿਰਦੀ ਨੇ ਸਨਮਾਨ ਪੱਤਰ ਪੜਿਆ ਅੰਤ ਸ੍ਰੀ ਮਰਵਾ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਇਕੱਠ ਨੂੰ ਸ੍ਰੀ ਕੁਲਵਿੰਦਰ ਸਿੰਘ ਸੂਰਾ ਨੇ ਵੀ ਸੰਬੋਧਨ ਕੀਤਾ ।
ਇਸੇ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਸਮਾਗਮ ਵਿੱਚ ਲਾਲ ਚੰਦ ਯਮਲਾ ਜੱਟ ਕਲਚਰ ਟਰੱਸਟ ਦੇ ਪ੍ਰਧਾਨ ਕਰਨੈਲ ਸਿੰਘ ਚੀਮਾ ,ਇੰਡੀਅਨ ਓਵਰਸੀਜ਼ ਕਾਂਗਰਸ ਦੇ ਉੱਘੇ ਆਗੂ ਕੁਲਵਿੰਦਰ ਸਿੰਘ ਫੁੱਲ, , ਗੁਰਦੁਆਰਾ ਕਮੇਟੀ ਦੇ ਅਸਿਸਟੈਂਟ ਜਨਰਲ ਸਕੱਤਰ ਪਵਿੱਤਰ ਸਿੰਘ ਦਿਬੜਾ ਅਤੇ ਲੰਗਰ ਦੇ ਜਥੇਦਾਰ ਜਸਵੰਤ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ ।