ਦਿੱਲੀ ਪੁਲਿਸ ਨੇ ਅਫ਼ਵਾਹਾਂ ਦਾ ਕੀਤਾ ਖੰਡਨ, ਜੰਤਰ-ਮੰਤਰ 'ਤੇ ਸ਼ਾਂਤਮਈ ਧਰਨਿਆਂ ਦੀ ਇਜਾਜ਼ਤ ਜਾਰੀ

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੰਤਰ-ਮੰਤਰ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਆਪਣੇ ਅਧਿਕਾਰਕ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਜੰਤਰ-ਮੰਤਰ ਅਜੇ ਵੀ ਸ਼ਾਂਤਮਈ ਅਤੇ ਕਾਨੂੰਨੀ ਢੰਗ ਨਾਲ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਲਈ ਮਨਜ਼ੂਰਸ਼ੁਦਾ ਸਥਾਨ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਪੁਸ਼ਟ ਅਤੇ ਗੁੰਮਰਾਹਕੁੰਨ ਜਾਣਕਾਰੀਆਂ 'ਤੇ ਵਿਸ਼ਵਾਸ ਨਾ ਕਰਨ।
ਦਿੱਲੀ ਪੁਲਿਸ ਮੁਤਾਬਕ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੌਜੂਦਾ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਅਨੁਸਾਰ ਜੰਤਰ-ਮੰਤਰ 'ਤੇ ਇੱਕ ਸਮੇਂ ਵਿੱਚ ਵੱਧ ਤੋਂ ਵੱਧ 1,000 ਵਿਅਕਤੀਆਂ ਨੂੰ ਸ਼ਾਂਤਮਈ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਪ੍ਰਦਰਸ਼ਨ ਕਰਨ ਲਈ ਆਯੋਜਕਾਂ ਨੂੰ ਪਹਿਲਾਂ ਸਬੰਧਤ ਅਧਿਕਾਰੀਆਂ ਕੋਲ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਅਰਜ਼ੀ ਦੇਣੀ ਹੁੰਦੀ ਹੈ। ਇਜਾਜ਼ਤ ਮਿਲਣ ਤੋਂ ਬਾਅਦ ਹੀ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦਿਆਂ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਦਿੱਲੀ ਪੁਲਿਸ ਨੇ ਕਿਹਾ ਕਿ ਜੰਤਰ-ਮੰਤਰ ਨੂੰ ਪ੍ਰਦਰਸ਼ਨਾਂ ਲਈ ਬੰਦ ਕਰਨ ਸਬੰਧੀ ਚੱਲ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਭ੍ਰਮ ਫੈਲਾਉਣ ਵਾਲੀਆਂ ਹਨ। ਲੋਕਾਂ ਨੂੰ ਸਿਰਫ਼ ਅਧਿਕਾਰਕ ਸਰੋਤਾਂ ਤੋਂ ਜਾਰੀ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ।