ਕੈਨੇਡਾ ਵੱਲੋਂ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮ, ਗੈਂਗ ਨਾਲ ਕਥਿਤ ਸਬੰਧਾਂ ਦਾ ਮਾਮਲਾ

ਜਲੰਧਰ: ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪੰਜਾਬੀ ਮੂਲ ਦੇ ਜਸ਼ਨਦੀਪ ਸਿੰਘ ਨੂੰ ਦੇਸ਼ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਕਾਰਵਾਈ ਉਸ ਦੇ ਕਥਿਤ ਗੈਂਗ ਸਬੰਧਾਂ ਅਤੇ ਇੱਕ ਫਾਇਰਿੰਗ ਮਾਮਲੇ ਦੀ ਜਾਂਚ ਨਾਲ ਜੋੜੀ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ, ਜਸ਼ਨਦੀਪ ਸਿੰਘ 2022 ਵਿੱਚ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਸ ਦਾ ਨਾਮ 2025 ਵਿੱਚ ਸਰੀ ਸ਼ਹਿਰ ਵਿੱਚ ਹੋਈ ਇੱਕ ਕੈਫੇ ਫਾਇਰਿੰਗ ਦੀ ਜਾਂਚ ਦੌਰਾਨ ਸਾਹਮਣੇ ਆਇਆ, ਜਿੱਥੇ ਉਸ 'ਤੇ ਕਥਿਤ ਤੌਰ 'ਤੇ ਹਥਿਆਰ ਲੁਕਾਉਣ ਵਿੱਚ ਸਹਿਯੋਗ ਦੇਣ ਦੇ ਦੋਸ਼ ਲਗਾਏ ਗਏ।

ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਕਥਿਤ ਅਪਰਾਧਿਕ ਗਤੀਵਿਧੀਆਂ ਅਤੇ ਗੈਂਗ ਨਾਲ ਜੁੜੇ ਹੋਣ ਦੇ ਆਧਾਰ 'ਤੇ ਉਸ ਨੂੰ ਕੈਨੇਡਾ ਵਿੱਚ ਰਹਿਣ ਲਈ ਅਯੋਗ ਕਰਾਰ ਦਿੱਤਾ। ਇਸ ਦੇ ਨਾਲ ਹੀ ਉਸ ਦੇ ਭਵਿੱਖ ਵਿੱਚ ਕੈਨੇਡਾ ਦਾਖਲੇ 'ਤੇ ਵੀ ਪਾਬੰਦੀ ਲਗਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਜਸ਼ਨਦੀਪ ਸਿੰਘ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕੁਝ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਹਾਲਾਂਕਿ, ਇਨ੍ਹਾਂ ਦਾਵਿਆਂ ਸਬੰਧੀ ਅਦਾਲਤ ਵੱਲੋਂ ਅੰਤਿਮ ਦੋਸ਼ ਸਾਬਤ ਨਹੀਂ ਕੀਤੇ ਗਏ ਹਨ।