ਜੋਤਸ਼ੀ ਬਣ ਕੇ ਲੋਕਾਂ ਨਾਲ ਠੱਗੀ ਕਰਨ ਵਾਲਾ ਭਾਰਤੀ ਮੂਲ ਦਾ ਵਿਅਕਤੀ ਟੋਰਾਂਟੋ ਪੁਲਿਸ ਵੱਲੋਂ ਲੋੜੀਂਦਾ

 ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ 'ਤੇ ਲੋਕਾਂ ਨੂੰ ਆਪਣੇ ਆਪ ਨੂੰ ਜੋਤਸ਼ੀ (Fortune Teller) ਦੱਸ ਕੇ ਵੱਡੀ ਰਕਮ ਦੀ ਠੱਗੀ ਕਰਨ ਦੇ ਦੋਸ਼ ਲੱਗੇ ਹਨ। ਟੋਰਾਂਟੋ ਪੁਲਿਸ ਨੇ ਮੁਲਜ਼ਮ ਦੀ ਪਛਾਣ ਜਾਰੀ ਕਰਦੇ ਹੋਏ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਪੁਲਿਸ ਮੁਤਾਬਕ ਮੁਲਜ਼ਮ ਆਪਣੇ ਆਪ ਨੂੰ ਅਲੌਕਿਕ ਸ਼ਕਤੀਆਂ ਵਾਲਾ ਜੋਤਸ਼ੀ ਦੱਸਦਾ ਸੀ ਅਤੇ ਦਾਅਵਾ ਕਰਦਾ ਸੀ ਕਿ ਉਹ ਲੋਕਾਂ ਦੀਆਂ ਨਿੱਜੀ, ਪਰਿਵਾਰਕ ਅਤੇ ਆਰਥਿਕ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਇਸ ਭਰੋਸੇ ਦੇ ਆਧਾਰ 'ਤੇ ਉਹ ਪੀੜਤਾਂ ਤੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਹਾਸਲ ਕਰ ਲੈਂਦਾ ਸੀ, ਪਰ ਨਾ ਤਾਂ ਵਾਅਦੇ ਪੂਰੇ ਕਰਦਾ ਅਤੇ ਨਾ ਹੀ ਪੈਸੇ ਵਾਪਸ ਕਰਦਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਲੋਕ ਇਸ ਕਥਿਤ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਪੁਲਿਸ ਨੇ ਸੰਭਾਵਿਤ ਪੀੜਤਾਂ ਨੂੰ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਦੇ ਅਜਿਹੇ ਦਾਵਿਆਂ 'ਤੇ ਅੰਨ੍ਹਾ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਪੈਸੇ ਦੇਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਜੇ ਕਿਸੇ ਕੋਲ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਟੋਰਾਂਟੋ ਪੁਲਿਸ ਨਾਲ ਸੰਪਰਕ ਕਰੇ।