ਐਫ ਬੀ ਆਈ ਨੇ ਭਾਰਤੀ ਨਾਗਰਿਕ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਤੋਂ ਮਦਦ ਮੰਗੀ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) &ndash ਐਫ ਬੀ ਆਈ ਨੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਨਾਲ ਜੁੜੇ ਇੱਕ ਭਾਰਤੀ ਨਾਗਰਿਕ ਨੂੰ ਲੱਭਣ ਲਈ ਆਮ ਜਨਤਾ ਤੋਂ ਮੱਦਦ ਦੀ ਮੰਗ ਕੀਤੀ ਹੈ| ਐਫ ਬੀ ਆਈ ਦੇ ਅਨੁਸਾਰ 30 ਸਾਲਾ ਅੰਮ੍ਰਿਤਪਾਲ ਸਿੰਘ ਨਸ਼ੀਲੇ ਪਦਾਰਥਾਂ ਦੀ ਨਿਰਯਾਤ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ| ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ ਰਵਿੰਦਰ ਢਾਂਡਾ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਹੈ ਜੋ ਕਿ ਵੈਨਕੂਵਰ, ਕੈਨੇਡਾ ਵਿਚ ਸਰਗਰਮ ਹੈ ਅਤੇ ਜਿਸ &rsquoਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੇਥਾਮਫੇਟਾਮਾਈਨ ਸਪਲਾਈ ਕਰਨ ਦਾ ਦੋਸ਼ ਹੈ| ਐਫ ਬੀ ਆਈ ਨੇ ਕਿਹਾ ਹੈ ਕਿ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਲਾਸ ਏਂਜਲਸ ਵਿੱਚ ਅਮਰੀਕੀ ਜ਼ਿਲਾ ਅਦਾਲਤ ਦੁਆਰਾ ਜਾਰੀ ਕੀਤਾ ਗਿਆ ਹੈ| ਐਫ ਬੀ ਆਈ ਅਨੁਸਾਰ ਅੰਮ੍ਰਿਤਪਾਲ ਦੀ ਉਮਰ 30 ਸਾਲ ਤੋਂ ਉਪਰ ਹੈ | ਮਾਮਲੇ ਦੀ ਐਫ ਬੀ ਆਈ ਦਾ ਲਾਸ ਏਂਜਲਸ ਫੀਲਡ ਦਫਤਰ ਜਾਂਚ ਕਰ ਰਿਹਾ ਹੈ ਅਤੇ ਉਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਅੰਮ੍ਰਿਤਪਾਲ ਦੇ ਟਿਕਾਣੇ ਬਾਰੇ ਜਾਣਕਾਰੀ ਮਿਲੇ ਤਾਂ ਉਹ ਸਥਾਨਕ ਐਫ ਬੀ ਆਈ ਦਫਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦਾ ਹੈ|