ਰਾਸ਼ਟਰਮੰਡਲ ਖੇਡਾਂ: ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਦਿਵਾਇਆ ਸੋਨ ਤਗਮਾ

ਗਲਾਸਗੋ: ਭਾਰਤ ਦੀ ਉਭਰਦੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ 54 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੈਨੇਡਾ ਦੀ ਸਕਾਰਲੇਟ ਡੇਲਗਾਡੋ ਨੂੰ 5-0 ਨਾਲ ਹਰਾਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਪ੍ਰੀਤੀ ਨੇ ਹਮਲਾਵਰ ਅੰਦਾਜ਼ ਅਪਣਾਇਆ ਅਤੇ ਵਿਰੋਧੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਪਹਿਲੇ ਰਾਊਂਡ ਵਿੱਚ ਹੀ ਪੰਜੋਂ ਜੱਜਾਂ ਨੇ 10-8 ਦੇ ਸਕੋਰ ਨਾਲ ਪ੍ਰੀਤੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ, ਜਿਸ ਨਾਲ ਉਸ ਨੇ ਮਜ਼ਬੂਤ ਬੜ੍ਹਤ ਬਣਾ ਲਈ।
ਦੂਜੇ ਰਾਊਂਡ ਵਿੱਚ ਵੀ ਪ੍ਰੀਤੀ ਨੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਤਕਨੀਕੀ ਤੇਜ਼ੀ ਅਤੇ ਸਟੀਕ ਪੰਚਾਂ ਨਾਲ ਮੈਚ 'ਤੇ ਪੂਰਾ ਕੰਟਰੋਲ ਬਣਾਈ ਰੱਖਿਆ। ਆਖ਼ਰ ਵਿੱਚ ਸਰਬਸੰਮਤੀ ਨਾਲ 5-0 ਦੇ ਫ਼ੈਸਲੇ ਨਾਲ ਜਿੱਤ ਦਰਜ ਕਰਦੇ ਹੋਏ ਉਸ ਨੇ ਭਾਰਤ ਦੀ ਝੋਲੀ ਵਿੱਚ ਦਿਨ ਦਾ ਪਹਿਲਾ ਸੋਨ ਤਗਮਾ ਪਾਇਆ।
ਹਰਿਆਣਾ ਦੇ ਭਿਵਾਨੀ ਨਾਲ ਸੰਬੰਧਤ 22 ਸਾਲਾ ਪ੍ਰੀਤੀ ਪਵਾਰ ਪਹਿਲਾਂ ਹੀ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਸੈਮੀਫਾਈਨਲ ਵਿੱਚ ਵੀ ਉਸ ਨੇ ਜ਼ੈਂਬੀਆ ਦੀ ਕੈਥਰੀਨ ਮਵਾਪੇ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ। ਫਾਈਨਲ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਭਾਰਤੀ ਮੁੱਕੇਬਾਜ਼ੀ ਦੀ ਤਾਕਤ ਦਾ ਲੋਹਾ ਮਨਵਾਇਆ।