ਹੋਰਮੁਜ਼ ਸਟ੍ਰੇਟ ਵਿੱਚ ਕਤਰ ਦੇ LNG ਟੈਂਕਰ 'ਤੇ ਹਮਲਾ, ਇੰਜਣ ਨੁਕਸਾਨੀ ਹੋਣ ਕਾਰਨ ਸਮੁੰਦਰ ਵਿੱਚ ਰੁਕਿਆ ਜਹਾਜ਼

ਤੇਲ ਅਵੀਵ: ਹੋਰਮੁਜ਼ ਸਟ੍ਰੇਟ ਰਾਹੀਂ ਲੰਘ ਰਹੇ ਕਤਰ ਦੇ ਤਰਲ ਕੁਦਰਤੀ ਗੈਸ (LNG) ਨਾਲ ਲੱਦੇ ਇੱਕ ਟੈਂਕਰ 'ਤੇ ਸ਼ਨੀਵਾਰ ਨੂੰ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸੁਰੱਖਿਆ ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਜਹਾਜ਼ ਦੀ ਪਛਾਣ 'ਗੈਸਲਾਗ ਸ਼ੰਘਾਈ' ਵਜੋਂ ਕੀਤੀ ਗਈ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਟੈਂਕਰ ਕਿਸੇ ਮਿਜ਼ਾਈਲ ਜਾਂ ਡਰੋਨ ਹਮਲੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਇਸ ਦੇ ਇੰਜਣ ਰੂਮ ਨੂੰ ਭਾਰੀ ਨੁਕਸਾਨ ਪਹੁੰਚਿਆ। ਇੰਜਣ ਖ਼ਰਾਬ ਹੋਣ ਕਾਰਨ ਜਹਾਜ਼ ਸਮੁੰਦਰ ਵਿੱਚ ਹੀ ਰੁਕ ਗਿਆ ਅਤੇ ਆਪਣਾ ਸਫ਼ਰ ਜਾਰੀ ਨਹੀਂ ਰੱਖ ਸਕਿਆ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਨਾਲ ਜੁੜੀ ਇੱਕ ਏਜੰਸੀ ਨੇ ਵੀ ਓਮਾਨ ਦੇ ਤੱਟ ਨੇੜੇ ਇੱਕ ਵਪਾਰਕ ਟੈਂਕਰ 'ਤੇ ਹਮਲੇ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵੱਧ ਗਈ ਹੈ।
ਇਸੇ ਦੌਰਾਨ, ਖਾੜੀ ਖੇਤਰ ਵਿੱਚ ਤਣਾਅ ਹੋਰ ਗਹਿਰਾ ਹੋ ਗਿਆ ਜਦੋਂ ਇਰਾਨ ਵੱਲੋਂ ਕੁਵੈਤ ਉੱਤੇ ਡਰੋਨ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਕੁਵੈਤ ਦੀ ਫੌਜ ਦੇ ਅਨੁਸਾਰ ਇੱਕ ਸਰਕਾਰੀ ਇਮਾਰਤ ਅਤੇ ਇੱਕ ਨਾਗਰਿਕ ਜਾਇਦਾਦ ਨੂੰ ਨੁਕਸਾਨ ਪਹੁੰਚਿਆ, ਜਦਕਿ ਦੇਸ਼ ਦੇ ਹਵਾਈ ਰੱਖਿਆ ਤੰਤਰ ਨੇ ਤੁਰੰਤ ਕਾਰਵਾਈ ਕਰਦਿਆਂ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਕਈ ਡਰੋਨਾਂ ਨੂੰ ਮਾਰ ਸੁੱਟਿਆ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਹੋਰਮੁਜ਼ ਸਟ੍ਰੇਟ ਅਤੇ ਪੂਰੇ ਖਾੜੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ ਅਤੇ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ 'ਤੇ ਵੀ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ।