ਪਟਿਆਲਾ 'ਚ ਕਾਂਗਰਸ ਸਮਾਗਮ ਦੌਰਾਨ ਗੂੰਜੇ ‘ਚੰਨੀ ਲਿਆਓ’ ਦੇ ਨਾਅਰੇ, ਰਾਜਾ ਵੜਿੰਗ ਦਾ ਭਾਸ਼ਣ ਕੁਝ ਸਮੇਂ ਲਈ ਰੁਕਿਆ

ਪਟਿਆਲਾ: ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਪਟਿਆਲਾ ਵਿੱਚ ਹੋਏ ਪਾਰਟੀ ਦੇ ਇੱਕ ਸੰਗਠਨਾਤਮਕ ਸਮਾਗਮ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਬੋਧਨ ਸਮੇਂ ਕੁਝ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਸਮਾਗਮ ਦੌਰਾਨ "ਚੰਨੀ ਲਿਆਓ, ਪੰਜਾਬ ਬਚਾਓ" ਅਤੇ "ਚੰਨੀ ਲਿਆਓ, ਕਾਂਗਰਸ ਬਚਾਓ" ਦੇ ਨਾਅਰੇ ਲਗਾਏ ਗਏ, ਜਿਸ ਕਾਰਨ ਕੁਝ ਸਮੇਂ ਲਈ ਪ੍ਰੋਗਰਾਮ ਦਾ ਮਾਹੌਲ ਤਣਾਅਪੂਰਨ ਬਣ ਗਿਆ। ਨਾਅਰੇਬਾਜ਼ੀ ਕਾਰਨ ਰਾਜਾ ਵੜਿੰਗ ਨੂੰ ਆਪਣਾ ਭਾਸ਼ਣ ਵਿਚਕਾਰ ਹੀ ਰੋਕਣਾ ਪਿਆ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਵਿਵਹਾਰ 'ਤੇ ਨਾਰਾਜ਼ਗੀ ਵੀ ਜਤਾਈ।

ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੀ ਮੰਚ 'ਤੇ ਮੌਜੂਦ ਸਨ। ਦੂਜੇ ਪਾਸੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਸਮੇਤ ਜ਼ਿਲ੍ਹੇ ਦੇ ਚਾਰ ਸੀਨੀਅਰ ਕਾਂਗਰਸੀ ਆਗੂਆਂ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਰਹੀ।

ਇਹ ਮੀਟਿੰਗ ਪੰਜਾਬ ਕਾਂਗਰਸ ਦੇ ਬੂਥ ਪੱਧਰ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਸੀ। ਹਾਲਾਂਕਿ, ਸਮਾਗਮ ਦੌਰਾਨ ਹੋਈ ਨਾਅਰੇਬਾਜ਼ੀ ਨੇ ਪਾਰਟੀ ਅੰਦਰ ਮੌਜੂਦ ਧੜੇਬੰਦੀ ਅਤੇ ਆਪਸੀ ਮਤਭੇਦਾਂ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ।

ਪਾਰਟੀ ਵੱਲੋਂ ਇਸ ਘਟਨਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ, ਪਰ ਸਿਆਸੀ ਹਲਕਿਆਂ ਵਿੱਚ ਇਸ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।