ਐਡੀਲੇਡ ਗੁਰਦੁਆਰਾ ਅੱਗ ਕਾਂਡ ਮਗਰੋਂ ਬੱਬੂ ਮਾਨ ਨੇ ਸੰਗੀਤਕ ਸਮਾਗਮ ਕੀਤਾ ਮੁਲਤਵੀ

ਐਡੀਲੇਡ (ਆਸਟਰੇਲੀਆ): ਆਸਟਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿੱਚ ਲੱਗੀ ਭਿਆਨਕ ਅੱਗ ਦੀ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣਾ ਐਡੀਲੇਡ ਵਿੱਚ ਹੋਣ ਵਾਲਾ ਸੰਗੀਤਕ ਸਮਾਗਮ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

ਗੁਰਦੁਆਰੇ ਵਿੱਚ ਲੱਗੀ ਅੱਗ ਕਾਰਨ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਅਗਨ ਭੇਟ ਹੋ ਗਏ। ਇਸ ਦੁਖਦਾਈ ਘਟਨਾ ਨੇ ਆਸਟਰੇਲੀਆ ਦੇ ਸਿੱਖ ਭਾਈਚਾਰੇ ਵਿੱਚ ਡੂੰਘਾ ਸੋਗ ਪੈਦਾ ਕਰ ਦਿੱਤਾ ਹੈ।

ਵਿਕਟੋਰੀਆ ਗੁਰਦੁਆਰਾ ਕੌਂਸਲ ਦੇ ਰਵੀ ਇੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਸਮੁੱਚੇ ਆਸਟਰੇਲੀਆਈ ਸਿੱਖ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਅਗਨ ਭੇਟ ਹੋਏ ਪਾਵਨ ਸਰੂਪਾਂ ਦੇ ਬਚੇ ਹੋਏ ਪਵਿੱਤਰ ਅੰਗਾਂ, ਜਿਲਦਾਂ ਅਤੇ ਰੁਮਾਲਿਆਂ ਦਾ ਪੂਰੇ ਧਾਰਮਿਕ ਮਰਿਆਦਾ ਅਤੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੌਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ, ਜਿਸ ਦਾ ਭੋਗ ਐਤਵਾਰ ਨੂੰ ਐਡੀਲੇਡ ਦੇ ਟੂ ਵੈੱਲਜ਼ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵਿੱਚ ਪਵੇਗਾ।

ਬੱਬੂ ਮਾਨ ਵੱਲੋਂ ਕੰਸਰਟ ਮੁਲਤਵੀ ਕਰਨ ਦੇ ਫ਼ੈਸਲੇ ਨੂੰ ਸਿੱਖ ਭਾਈਚਾਰੇ ਦੇ ਦੁੱਖ ਵਿੱਚ ਸਾਂਝ ਪਾਉਣ ਅਤੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਵਜੋਂ ਦੇਖਿਆ ਜਾ ਰਿਹਾ ਹੈ।