ਨਵੰਬਰ-ਦਸੰਬਰ ਵਿੱਚ ਪੰਜਾਬ ਚੋਣਾਂ ਹੋਣ ਦੀ ਸੰਭਾਵਨਾ, ਕਾਂਗਰਸ ਨੇ ਬੂਥ ਪੱਧਰ 'ਤੇ ਮੁਹਿੰਮ ਕੀਤੀ ਸ਼ੁਰੂ

ਪਟਿਆਲਾ: ਪੰਜਾਬ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ &lsquoਹਰ ਬੂਥ, ਕਾਂਗਰਸ ਮਜ਼ਬੂਤ&rsquo ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਕਰਵਾਏ ਗਏ ਸੰਗਠਨਾਤਮਕ ਸਮਾਗਮ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਜਨਰਲ ਸਕੱਤਰ ਭੂਪੇਸ਼ ਬਘੇਲ ਸਮੇਤ ਕਈ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨਵੰਬਰ ਜਾਂ ਦਸੰਬਰ ਮਹੀਨੇ ਦੌਰਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਹਰ ਬੂਥ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣੀ ਤਿਆਰੀਆਂ ਵਿੱਚ ਪੂਰੀ ਤਨਦੇਹੀ ਨਾਲ ਜੁੱਟ ਜਾਣ।

ਬਘੇਲ ਨੇ ਕਿਹਾ ਕਿ ਇਸ ਵਾਰ ਪੰਜਾਬ ਦੀ ਸਿਆਸਤ ਵਿੱਚ ਬਹੁ-ਕੋਣੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਲੋਕ ਮੌਜੂਦਾ ਸਰਕਾਰ ਦੇ ਬਦਲ ਵਜੋਂ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਸੂਬੇ ਦੀ ਦਿਸ਼ਾ ਅਤੇ ਭਵਿੱਖ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਉਨ੍ਹਾਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜਦਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰੀ ਅਤੇ ਸਕਾਰਾਤਮਕ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਹੀ ਮਜ਼ਬੂਤ ਵਿਕਲਪ ਵਜੋਂ ਉਭਰ ਰਹੀ ਹੈ।

ਭੂਪੇਸ਼ ਬਘੇਲ ਨੇ ਵਰਕਰਾਂ ਨੂੰ ਸੰਦੇਸ਼ ਦਿੱਤਾ ਕਿ ਚੋਣੀ ਜਿੱਤ ਦੀ ਨੀਂਹ ਬੂਥ ਪੱਧਰ 'ਤੇ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਬੂਥ 'ਤੇ ਪਾਰਟੀ ਮਜ਼ਬੂਤ ਹੋਵੇਗੀ ਅਤੇ ਜਿੱਤ ਦਰਜ ਕਰੇਗੀ, ਤਦ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ।