ਮੋਰੱਕੋ ਸੰਕਟ: ਹੁਣ ਸਪੇਨ ਤੋਂ ਇਟਲੀ ਆਉਣ ਵਾਲਿਆਂ ਨੂੰ ਦਿਖਾਉਣਾ ਪਵੇਗਾ ਪਾਸਪੋਰਟ

ਇਟਲੀ ਨੇ ਐਲਾਨ ਕੀਤਾ ਕਿ ਮੋਰੱਕੋ ਸੰਕਟ ਕਾਰਨ ਹੁਣ ਸਪੇਨ ਤੋਂ ਆਉਣ ਵਾਲਿਆਂ ਨੂੰ ਇਟਲੀ ਦਾਖਲ ਹੋਣ ਵੇਲੇ ਪਾਸਪੋਰਟ ਦਿਖਾਉਣਾ ਪਵੇਗਾ ਤੇ ਸ਼ੈਨੇਗਨ ਵੀਜ਼ਾ ਤਹਿਤ ਉਹ ਇਟਲੀ ਵਿਚ ਬਿਨਾਂ ਪਾਸਪੋਰਟ ਦਾਖਲ ਨਹੀਂ ਹੋ ਸਕਣਗੇ ਪਰ ਸਬੰਧਤ ਦਸਤਾਵੇਜ਼ ਦਿਖਾਉਣ ਤੋਂ ਬਾਅਦ ਉਨ੍ਹਾਂ ਨੂੰ ਇਟਲੀ ਵਿਚ ਦਾਖਲਾ ਦਿੱਤਾ ਜਾਵੇਗਾ। ਇਟਲੀ ਨੇ ਕਿਹਾ ਕਿ ਉਹ ਮੋਰੱਕੋ ਤੋਂ ਸਪੇਨੀ ਖੇਤਰ ਸਿਉਟਾ ਵਿੱਚ ਪਰਵਾਸੀਆਂ ਦੀ ਭਾਰੀ ਆਮਦ ਕਾਰਨ ਸਪੇਨ ਨਾਲ ਯੂਰਪੀਅਨ ਯੂਨੀਅਨ (ਓੂ) ਦਾ ਸਰਹੱਦ-ਮੁਫ਼ਤ ਸ਼ੈਨੇਗਨ ਸਮਝੌਤਾ ਇੱਕ ਮਹੀਨੇ ਲਈ ਮੁਅੱਤਲ ਕਰ ਰਿਹਾ ਹੈ। ਇਟਲੀ ਦੀ ਸਪੇਨ ਨਾਲ ਕੋਈ ਜ਼ਮੀਨੀ ਸਰਹੱਦ ਨਹੀਂ ਹੈ ਪਰ ਇਸ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਜਹਾਜ਼ ਜਾਂ ਕਿਸ਼ਤੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ &rsquoਤੇ ਅਸਰ ਪਵੇਗਾ, ਜਿਸ ਦਾ ਮਤਲਬ ਹੈ ਕਿ ਹੁਣ ਉਨ੍ਹਾਂ ਨੂੰ ਦਾਖਲੇ ਲਈ ਪਾਸਪੋਰਟ ਦਿਖਾਉਣਾ ਪਵੇਗਾ। ਇਟਲੀ ਦੇ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਗੈਰ-ਦਸਤਾਵੇਜ਼ੀ ਪਰਵਾਸੀ ਨੂੰ ਰੋਕਣ ਲਈ ਫਰਾਂਸ-ਇਟਲੀ ਜ਼ਮੀਨੀ ਸਰਹੱਦ 'ਤੇ ਸੁਰੱਖਿਆ ਸਖ਼ਤ ਕਰਨ ਲਈ ਪੈਰਿਸ ਨਾਲ ਸਹਿਮਤੀ ਬਣਾ ਲਈ ਹੈ।