ਫਰਾਂਸ ਵਿੱਚ ਇਕੱਠੇ ਨਜ਼ਰ ਆਏ ਜਸਟਿਨ ਟਰੂਡੋ ਤੇ ਕੇਟੀ ਪੈਰੀ, ਤਸਵੀਰਾਂ ਨਾਲ ਰਿਸ਼ਤਿਆਂ ਦੀਆਂ ਚਰਚਾਵਾਂ ਤੇਜ਼

ਓਟਾਵਾ: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ Justin Trudeau ਅਤੇ ਅਮਰੀਕੀ ਪੌਪ ਸਟਾਰ Katy Perry ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦੋਵਾਂ ਨੂੰ ਯੂਰਪ ਦੌਰੇ ਦੌਰਾਨ ਫਰਾਂਸ ਦੇ ਤੱਟੀ ਇਲਾਕੇ ਵਿੱਚ ਇਕੱਠੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਬਾਰੇ ਸੋਸ਼ਲ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਸਾਹਮਣੇ ਆਈਆਂ ਤਸਵੀਰਾਂ ਵਿੱਚ ਟਰੂਡੋ ਅਤੇ ਕੇਟੀ ਪੈਰੀ ਦੋਸਤਾਂ ਨਾਲ ਸਮੁੰਦਰੀ ਕਿਸ਼ਤੀ ਦੀ ਸੈਰ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੋਵੇਂ ਕਾਫ਼ੀ ਆਰਾਮਦਾਇਕ ਅਤੇ ਬੇਫ਼ਿਕਰ ਅੰਦਾਜ਼ ਵਿੱਚ ਦਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਕੀਤੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਮਾਲਟਾ ਵਿੱਚ ਹੋਏ ਇੱਕ ਸੰਗੀਤ ਸਮਾਰੋਹ ਦੌਰਾਨ ਵੀ ਦੋਵੇਂ ਇਕੱਠੇ ਚਰਚਾ ਵਿੱਚ ਆਏ ਸਨ। ਸਮਾਗਮ ਵਿੱਚ ਕੇਟੀ ਪੈਰੀ ਨੇ ਆਪਣੀ ਪੇਸ਼ਕਾਰੀ ਦੌਰਾਨ ਮੰਚ ਤੋਂ ਜਸਟਿਨ ਟਰੂਡੋ ਦਾ ਜ਼ਿਕਰ ਕਰਦੇ ਹੋਏ ਇੱਕ ਗੀਤ ਉਨ੍ਹਾਂ ਨੂੰ ਸਮਰਪਿਤ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਮੌਜੂਦਗੀ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ।

ਕੇਟੀ ਪੈਰੀ ਇਨ੍ਹੀਂ ਦਿਨੀਂ ਆਪਣੇ ਯੂਰਪੀ ਸੰਗੀਤ ਦੌਰੇ ਵਿੱਚ ਰੁੱਝੇ ਹੋਏ ਹਨ ਅਤੇ ਇਸ ਦੌਰੇ ਦੀ ਆਖ਼ਰੀ ਪੇਸ਼ਕਾਰੀ ਕੋਸੋਵੋ ਦੀ ਰਾਜਧਾਨੀ ਪ੍ਰਿਸਟੀਨਾ ਵਿੱਚ ਹੋਣ ਵਾਲੇ ਸਨੀ ਹਿੱਲ ਫੈਸਟੀਵਲ ਵਿੱਚ ਕਰਨੀ ਹੈ।

ਹਾਲਾਂਕਿ, ਜਸਟਿਨ ਟਰੂਡੋ ਅਤੇ ਕੇਟੀ ਪੈਰੀ ਵੱਲੋਂ ਆਪਣੇ ਰਿਸ਼ਤੇ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਲਈ ਉਨ੍ਹਾਂ ਦੇ ਰਿਸ਼ਤੇ ਸਬੰਧੀ ਚੱਲ ਰਹੀਆਂ ਸਾਰੀਆਂ ਗੱਲਾਂ ਇਸ ਵੇਲੇ ਸਿਰਫ਼ ਅਟਕਲਾਂ ਹੀ ਮੰਨੀਆਂ ਜਾ ਰਹੀਆਂ ਹਨ।