ਮੰਗਲ ਗ੍ਰਹਿ 'ਤੇ ਮਧੂਮੱਖੀ ਦੇ ਛੱਤੇ ਵਰਗੀਆਂ ਅਨੋਖੀਆਂ ਬਣਤਰਾਂ ਦੀ ਖੋਜ, ਵਿਗਿਆਨੀ ਕਰ ਰਹੇ ਹਨ ਡੂੰਘਾ ਅਧਿਐਨ

ਵਾਸ਼ਿੰਗਟਨ: ਨਾਸਾ ਦੇ ਕਿਊਰੀਓਸਿਟੀ ਰੋਵਰ ਨੇ ਮੰਗਲ ਗ੍ਰਹਿ 'ਤੇ ਇੱਕ ਅਜਿਹੀ ਭੂਗੋਲਿਕ ਬਣਤਰ ਦੀ ਪਛਾਣ ਕੀਤੀ ਹੈ, ਜਿਸ ਨੇ ਵਿਗਿਆਨੀਆਂ ਦੀ ਦਿਲਚਸਪੀ ਵਧਾ ਦਿੱਤੀ ਹੈ। ਰੋਵਰ ਵੱਲੋਂ ਜੂਨ 2026 ਵਿੱਚ 'ਵਾਲੇ ਗ੍ਰਾਂਡੇ' ਘਾਟੀ ਦੌਰਾਨ ਕੈਦ ਕੀਤੀਆਂ ਗਈਆਂ ਤਸਵੀਰਾਂ ਵਿੱਚ ਮਧੂਮੱਖੀ ਦੇ ਛੱਤੇ ਵਰਗੀਆਂ ਬਹੁਭੁਜੀ (ਪੌਲੀਗਨ) ਆਕਾਰ ਦੀਆਂ ਬਣਤਰਾਂ ਵੱਡੇ ਖੇਤਰ ਵਿੱਚ ਫੈਲੀਆਂ ਹੋਈਆਂ ਦਿਖਾਈ ਦਿੱਤੀਆਂ ਹਨ।
ਵਿਗਿਆਨੀਆਂ ਅਨੁਸਾਰ ਇਨ੍ਹਾਂ ਬਣਤਰਾਂ ਦਾ ਹਰ ਪੌਲੀਗਨ ਲਗਭਗ 4 ਤੋਂ 8 ਸੈਂਟੀਮੀਟਰ ਦੇ ਆਕਾਰ ਦਾ ਹੈ। ਹਾਲਾਂਕਿ ਮੰਗਲ 'ਤੇ ਇਸ ਤਰ੍ਹਾਂ ਦੀਆਂ ਬਣਤਰਾਂ ਪਹਿਲਾਂ ਵੀ ਦੇਖੀਆਂ ਗਈਆਂ ਹਨ, ਪਰ ਇੰਨੇ ਵੱਡੇ ਖੇਤਰ ਵਿੱਚ ਇੱਕੋ ਸਮੇਂ ਇਨ੍ਹਾਂ ਦੀ ਮੌਜੂਦਗੀ ਪਹਿਲੀ ਵਾਰ ਸਾਹਮਣੇ ਆਈ ਹੈ।
ਨਾਸਾ ਦੇ ਮਿਸ਼ਨ ਪ੍ਰੋਜੈਕਟ ਵਿਗਿਆਨੀ ਐਸ਼ਵਿਨ ਵਾਸਵਾਡਾ ਨੇ ਕਿਹਾ ਕਿ ਇਹ ਦ੍ਰਿਸ਼ ਵਿਗਿਆਨਕ ਪੱਖੋਂ ਬੇਹੱਦ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦੱਸਿਆ ਕਿ ਖੋਜ ਟੀਮ ਇਨ੍ਹਾਂ ਬਣਤਰਾਂ ਦੀ ਰਸਾਇਣਕ ਬਣਤਰ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਿਸਥਾਰ ਨਾਲ ਅਧਿਐਨ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੇ ਬਣਨ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਬਣਤਰਾਂ ਮੰਗਲ ਗ੍ਰਹਿ 'ਤੇ ਤਾਪਮਾਨ ਵਿੱਚ ਲਗਾਤਾਰ ਆਉਣ ਵਾਲੀਆਂ ਤਬਦੀਲੀਆਂ, ਤਲਛਟ ਵਿੱਚੋਂ ਪਾਣੀ ਦੇ ਨਿਕਾਸ ਜਾਂ ਸੁੱਕੀ ਮਿੱਟੀ ਵਿੱਚ ਪੈਣ ਵਾਲੀਆਂ ਦਰਾਰਾਂ ਦੇ ਨਤੀਜੇ ਵਜੋਂ ਬਣੀਆਂ ਹੋ ਸਕਦੀਆਂ ਹਨ।
ਕਿਊਰੀਓਸਿਟੀ ਰੋਵਰ ਇਸ ਤੋਂ ਪਹਿਲਾਂ ਵੀ ਕਈ ਅਹਿਮ ਸਬੂਤ ਇਕੱਠੇ ਕਰ ਚੁੱਕਾ ਹੈ, ਜਿਨ੍ਹਾਂ ਤੋਂ ਸੰਕੇਤ ਮਿਲਦੇ ਹਨ ਕਿ ਅਰਬਾਂ ਸਾਲ ਪਹਿਲਾਂ ਮੰਗਲ ਗ੍ਰਹਿ 'ਤੇ ਝੀਲਾਂ, ਦਰਿਆ ਅਤੇ ਜੀਵਨ ਲਈ ਲੋੜੀਂਦੇ ਪਾਣੀ ਅਤੇ ਰਸਾਇਣਕ ਤੱਤ ਮੌਜੂਦ ਸਨ। ਇਸ ਤੋਂ ਇਲਾਵਾ ਉੱਥੇ ਕਾਰਬਨ-ਆਧਾਰਿਤ ਜੈਵਿਕ ਅਣੂਆਂ ਦੀ ਖੋਜ ਨੇ ਵੀ ਮੰਗਲ 'ਤੇ ਕਦੇ ਜੀਵਨ ਹੋਣ ਦੀ ਸੰਭਾਵਨਾ ਸਬੰਧੀ ਖੋਜ ਨੂੰ ਹੋਰ ਮਜ਼ਬੂਤੀ ਦਿੱਤੀ ਹੈ।