ਇਟਲੀ 'ਚ ਸਿੱਖ ਗੱਭਰੂ ਨੇ ਅੱਠਵੀਂ ਤੋਂ ਬਾਅਦ ਸਹੀ ਕੋਰਸ ਚੁਣਨ ਲਈ ਵੈਬਸਾਈਟ ਤਿਆਰ ਕਰਕੇ ਸਿਰਜਿਆ ਇਤਿਹਾਸ * ਪਲੇਟਫਾਰਮ ਬਿਲਕੁਲ ਮੁਫਤ ਹੈ ਅਤੇ ਸਿਰਫ ਕੁਝ ਮਿੰਟਾਂ ਵਿੱਚ ਵੱਖ ਵੱਖ ਭਾਸ਼ਾਵਾਂ ਵਿੱਚ ਇੱਕ ਟੈਸਟ ਰਾਹੀਂ ਚੁਣ ਸਕਦੇ ਹੋ ਸਹੀ ਭਵਿੱਖ *

 
ਰੋਮ ਇਟਲੀ 1 ਅਗਸਤ (ਗੁਰਸ਼ਰਨ ਸਿੰਘ ਸੋਨੀ) ਜਿੱਥੇ ਇਟਲੀ ਵਿੱਚ ਪੰਜਾਬੀ,ਭਾਰਤੀ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇਂ ਹਨ ਅਤੇ ਵੱਖ ਵੱਖ ਮਹਿਕਮਿਆਂ ਵਿੱਚ ਜਾਂ ਆਪਣਾ ਬਿਜ਼ਨਸ ਸ਼ੁਰੂ ਕਰਕੇ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੇ ਹਨ। ਉੱਥੇ ਹੀ ਪੰਜਾਬੀ ਸਿੱਖ ਗੱਭਰੂ ਮਿਹਰਬਾਨ ਸਿੰਘ ਢਿੱਲੋਂ ਨੇ ਤਕਰੀਬਨ 4 ਤੋਂ 5 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਹੈ। ਜਿਸ ਨਾਲ ਬਹੁਤ ਸਾਰੇ ਮਾਪੇ ਅਤੇ ਵਿਦਿਆਰਥੀ ਆਪਣੇ ਭਵਿੱਖ ਦੀ ਪੜ੍ਹਾਈ ਦਾ ਮਿੰਟਾਂ ਵਿੱਚ ਫੈਸਲਾ ਲੈ ਸਕਦੇ ਹਨ। ਜਿਸ ਲਈ ਉਹਨਾਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਇਟਲੀ ਦੇ ਪੋਰਦੇਨੋਨੇ ਇਲਾਕੇ ਦੇ ਰਹਿਣ ਵਾਲੇ ਮਿਹਰਬਾਨ ਸਿੰਘ ਢਿੱਲੋ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ ਇਟਲੀ ਵਿੱਚ ਪੜ੍ਹਾਈ ਕਰ ਰਹੇ ਸਨ ਤਾਂ ਅੱਠਵੀਂ ਤੋਂ ਬਾਅਦ ਸਕੂਲਾ ਸੁਪਰੀਓਰੇ(ਹਾਈ ਸਕੂਲ) ਵਿੱਚ ਜਾਣ ਲੱਗਿਆਂ ਉਹਨਾਂ ਨੂੰ ਵੀ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿ ਉਹ ਅਗਲੇਰੀ ਪੜ੍ਹਾਈ ਜਾਂ ਕੋਰਸ ਕਿਹੜਾ ਚੁਣਨ ਅਤੇ ਉਹਨਾਂ ਨੇ ਇਹ ਗੱਲ ਆਪਣੇ ਮਨ ਵਿੱਚ ਠਾਣ ਲਈ ਸੀ ਕਿ ਇਸ ਮੁਸ਼ਕਿਲ ਦੇ ਹੱਲ ਲਈ ਉਹ ਭਵਿੱਖ ਵਿੱਚ ਜਰੂਰ ਕੰਮ ਕਰਨਗੇ। ਉਹਨਾਂ ਨੇ ਦੱਸਿਆ ਕਿ Orientamento Superiori ਇੱਕ ਮੁਫ਼ਤ ਡਿਜੀਟਲ ਪਲੇਟਫਾਰਮ ਹੈ ਜੋ ਵਿਦਿਆਰਥੀਆਂ ਨੂੰ 8ਵੀਂ ਜਮਾਤ ਤੋਂ ਬਾਅਦ ਸਹੀ scuola superiore (ਹਾਈ ਸਕੂਲ) ਚੁਣਨ ਵਿੱਚ ਮਦਦ ਕਰਦਾ ਹੈ। ​ਸਾਡੇ ਪ੍ਰੋਜੈਕਟ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਵਿਦਿਆਰਥੀ ਗਲਤ ਸਕੂਲ ਦੀ ਚੋਣ ਕਰਕੇ ਆਪਣੀ ਪੜ੍ਹਾਈ ਨਾ ਛੱਡੇ ਅਤੇ ਆਪਣਾ ਸਾਲ ਬਰਬਾਦ ਨਾ ਕਰੇ, ਜਾਂ ਆਪਣੇ ਭਵਿੱਖ ਦੇ ਮੌਕੇ ਨਾ ਗਵਾਵੇ। ​ਪਲੇਟਫਾਰਮ 'ਤੇ ਸਿਰਫ਼ ਲਗਭਗ 10 ਮਿੰਟ ਦਾ ਟੈਸਟ ਹੁੰਦਾ ਹੈ, ਜੋ RIASEC (John Holland) ਤਰੀਕੇ 'ਤੇ ਆਧਾਰਿਤ ਹੈ। ਇਹ ਟੈਸਟ ਵਿਦਿਆਰਥੀ ਦੀ ਸ਼ਖ਼ਸੀਅਤ (personality), ਰੁਚੀਆਂ (interests) ਅਤੇ ਹੁਨਰ (skills) ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤੋਂ ਬਾਅਦ ਸਾਡਾ ਐਲਗੋਰਿਦਮ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕੰਮ ਕਰਦਾ ਹੈ, ਵਿਦਿਆਰਥੀ ਲਈ ਸਭ ਤੋਂ ਢੁਕਵਾਂ ਪੜ੍ਹਾਈ ਦਾ ਰਸਤਾ ਅਤੇ scuola superiore ਸੁਝਾਉਂਦਾ ਹੈ। ਇਹ ਬਿਲਕੁਲ ਮੁਫ਼ਤ (FREE) ਹੈ। ਕਿਸੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਟੈਸਟ ਦੇ ਨਤੀਜੇ ਗੁਪਤ ਅਤੇ ਨਿੱਜੀ ਰਹਿੰਦੇ ਹਨ। ਇਟਲੀ ਦੇ ਹਜ਼ਾਰਾਂ ਸਕੂਲਾਂ ਅਤੇ ਪੜ੍ਹਾਈ ਦੇ ਖੇਤਰਾਂ ਦੀ ਜਾਣਕਾਰੀ ਮਿਲਦੀ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਹੀ ਫੈਸਲਾ ਲੈਣ ਵਿੱਚ ਮਦਦ ਕਰਦਾ ਹੈ। ​ਅਸੀਂ ਮੰਨਦੇ ਹਾਂ ਕਿ ਹਰ ਬੱਚੇ ਨੂੰ ਆਪਣੀ ਯੋਗਤਾ ਦੇ ਮੁਤਾਬਕ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸਹੀ ਮਾਰਗਦਰਸ਼ਨ ਨਾਲ ਵਿਦਿਆਰਥੀ ਆਪਣਾ ਭਵਿੱਖ ਹੋਰ ਭਰੋਸੇੇਯੋਗ ਬਣਾ ਸਕਦੇ ਹਨ। ਵੈੱਬਸਾਈਟ ਦਾ ਅਡਰੈਸ orientamentosuperiori.it ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਇਟਾਲੀਅਨ ਸੰਸਥਾ ਜਾਂ ਵਿਅਕਤੀ ਨੇ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਸੀ। ਜੋ ਇਸ ਗੱਭਰੂ ਨੇ ਕਰ ਦਿਖਾਇਆ ਹੈ। ਉਹਨਾਂ ਕਿਹਾ ਕਿ ਇਸ ਨੂੰ ਸਕੂਲਾਂ ਵਿੱਚ ਲਾਗੂ ਕਰਵਾਉਣ ਲਈ ਵੱਖ ਵੱਖ ਸਕੂਲਾਂ ਨਾਲ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਕਈ ਸਕੂਲਾਂ ਨੇ ਇਸ ਪਲੇਟਫਾਰਮ ਰਾਹੀਂ ਟੈਸਟ ਨੂੰ ਮਾਨਤਾ ਵੀ ਦੇ ਦਿੱਤੀ ਹੈ। ਇਸ ਪਲੇਟਫਾਰਮ ਦੀ ਇਹਨੀਂ ਦਿਨੀਂ ਇਟਾਲੀਅਨ ਹਲਕਿਆਂ ਵਿਚ ਚਰਚਾ ਚਲ ਰਹੀ ਹੈ ਅਤੇ ਇਸਦੀ ਸਰਾਹਨਾ ਸੂਬੇ ਦੇ ਮੁਖੀ ਪੋਸਟਾਂ ਪਾ ਕੇ ਕਰ ਰਹੇ ਹਨ।