ਸਵੇਨਸੀ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਸ਼ਰਧਾ ਨਾਲ ਮਨਾਈ

 ਲੈਸਟਰ(ਇੰਗਲੈਂਡ ),3ਅਗਸਤ(ਸੁਖਜਿੰਦਰ ਸਿੰਘ ਢੱਡੇ) &mdash ਪਿੰਗਲਵਾੜਾ ਚੈਰਿਟੇਬਲ ਸੋਸਾਇਟੀ ਯੂ.ਕੇ. ਵੱਲੋਂ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਸਵੇਨਸੀ (ਵੇਲਜ਼) ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਅਤੇ ਇੰਗਲੈਂਡ ਭਰ ਚੋ ਪੁੱਜੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਭਗਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੋਸਾਇਟੀ ਦੇ ਪ੍ਰਧਾਨ ਸ. ਜਗਰਾਜ ਸਿੰਘ ਸਰਾਂ ਬੀ.ਈ.ਐੱਮ. ਨੇ ਸੰਬੋਧਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ, ਸਵੇਨਸੀ ਦੀ ਸੰਗਤ ਅਤੇ ਲੰਡਨ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸੰਗਤ ਨੂੰ ਪਿੰਗਲਵਾੜਾ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਉਪਦੇਸ਼ਾਂ, ਸਿੱਖਿਆਵਾਂ ਅਤੇ 88 ਸਾਲਾਂ ਦੀ ਨਿਰਸਵਾਰਥ ਸੇਵਾ ਤੋਂ ਪ੍ਰੇਰਨਾ ਲੈ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੁਖੀ ਮਨੁੱਖਤਾ ਦੇ ਨਾਲ-ਨਾਲ ਪਵਨ, ਪਾਣੀ ਅਤੇ ਧਰਤੀ ਮਾਤਾ ਦੀ ਸੰਭਾਲ ਲਈ ਵੀ ਸਾਂਝੇ ਉਪਰਾਲੇ ਕਰਨੇ ਸਮੇਂ ਦੀ ਮੁੱਖ ਲੋੜ ਹਨ।
ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਸਾਹਿਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਆਪਣੀਆਂ ਸਟੇਜਾਂ ਤੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਅਤੇ ਵਿਚਾਰਾਂ ਸਬੰਧੀ ਸੈਮੀਨਾਰ ਕਰਵਾਉਣ ਦੀ ਅਪੀਲ ਕੀਤੀ।
ਸੋਸਾਇਟੀ ਦੇ ਮੀਤ ਪ੍ਰਧਾਨ ਸ. ਸੁਖਦੇਵ ਸਿੰਘ ਸੰਧਾਵਾਲੀਆ, ਟਰੱਸਟੀ ਕ੍ਰਿਸ਼ਨਜੀਤ ਬਾਜਵਾ ਅਤੇ ਸ. ਮਨਜੀਤ ਸਿੰਘ ਰਾਏ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਲੰਡਨ ਤੋਂ ਮਨਜੀਤ ਕੌਰ ਪੱਡਾ (ਦੇਸੀ ਰੇਡੀਓ), ਭਿੰਦਰ ਕੌਰ ਜਲਾਲਾਬਾਦੀ, ਕੁਲਦੀਪ ਕੌਰ ਬੱਲ, ਅਮਰਜੀਤ ਕੌਰ, ਨਸੀਬ ਕੌਰ ਸਿੱਧੂ, ਗੁਰਦਿਆਲ ਸਿੰਘ ਧਾਲੀਵਾਲ, ਬਲਜੀਤ ਸਿੰਘ ਮੰਜ਼ਲ, ਸਰਬਜੀਤ ਸਿੰਘ ਦਿਉਲ ਅਤੇ ਰਣਧੀਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਸਵੇਨਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਵੀ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਜਗਬੀਰ ਸਿੰਘ ਜੱਗਾਂ ਚੱਕਰ, ਕੁਲਦੀਪ ਸਿੰਘ ਪੱਡਾ, ਹਰਵੀਰ ਸਿੰਘ ਪੱਡਾ, ਸਤਨਾਮ ਸਿੰਘ ਪੱਟਵਾਰੀ, ਨਵਜੋਤ ਸਿੰਘ ਗਿੱਲ, ਗੁਰਮੀਤ ਸਿੰਘ ਜੋਹਲ, ਰਾਜਬੀਰ ਕੁਲਾਰ, ਬਲਦੇਵ ਸਿੰਘ ਸੋਹਲ, ਜੀਤ ਸਿੰਘ ਅਰੋੜਾ, ਖੁਸ਼ਵੰਤ ਸਿੰਘ ਰੋਧ, ਪਰਮਿੰਦਰ ਸਿੰਘ, ਗੁਰਨਾਮ ਸਿੰਘ, ਰਣਧੀਰ ਸਿੰਘ ਅਤੇ ਰਾਜ ਬਾਜਵਾ ਬੋਗਨ ਨੇ ਸਰਗਰਮ ਭੂਮਿਕਾ ਨਿਭਾਈ।