ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਫ਼ੈਸਲੇ ਤੱਕ ਵਿਦੇਸ਼ਾਂ ਲਈ ਪਾਵਨ ਸਰੂਪ ਭੇਜਣ 'ਤੇ ਰੋਕ

ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਉੱਠੇ ਵਿਵਾਦ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਫ਼ਿਲਹਾਲ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਗਲੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੱਕ ਵਿਦੇਸ਼ਾਂ ਵਿੱਚ ਪਾਵਨ ਸਰੂਪ ਨਾ ਭੇਜਣ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਕੈਨੇਡਾ ਦੇ ਵੈਨਕੂਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇੱਕ ਸੁਝਾਅ ਪੱਤਰ ਵੀ ਸੌਂਪਿਆ ਗਿਆ। ਇਸ ਪੱਤਰ ਵਿੱਚ ਵਿਦੇਸ਼ਾਂ ਲਈ ਪਾਵਨ ਸਰੂਪ ਭੇਜਣ ਦੀ ਮੌਜੂਦਾ ਪ੍ਰਕਿਰਿਆ ਸਬੰਧੀ ਆਪਣੇ ਵਿਚਾਰ ਅਤੇ ਸੁਝਾਅ ਦਰਜ ਕੀਤੇ ਗਏ ਹਨ।

ਐਸਜੀਪੀਸੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਕੈਨੇਡਾ ਭੇਜੇ ਗਏ ਪਾਵਨ ਸਰੂਪ ਸਾਲ 2009 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਵਿਧਾਨ ਅਤੇ ਅੰਤਰਿੰਗ ਕਮੇਟੀ ਦੇ ਫ਼ੈਸਲਿਆਂ ਅਨੁਸਾਰ ਹੀ ਸੰਗਤ ਦੀ ਮੰਗ 'ਤੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਮਰਯਾਦਾ ਦੀ ਪੂਰੀ ਪਾਲਣਾ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਜਾਂ ਲਾਪਰਵਾਹੀ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤ ਵੱਲੋਂ ਸਮੇਂ-ਸਮੇਂ 'ਤੇ ਪਾਵਨ ਸਰੂਪਾਂ ਦੀ ਮੰਗ ਆਉਂਦੀ ਰਹਿੰਦੀ ਹੈ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਸੇਵਾ ਕੀਤੀ ਜਾਂਦੀ ਰਹੀ ਹੈ। ਹਾਲਾਂਕਿ ਹਾਲ ਹੀ ਵਿੱਚ ਮਿਲੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਲਈ ਭੇਜ ਦਿੱਤਾ ਗਿਆ ਹੈ।

ਐਸਜੀਪੀਸੀ ਨੇ ਸਪੱਸ਼ਟ ਕੀਤਾ ਕਿ ਸਿੱਖ ਸੰਗਤ ਵੱਲੋਂ ਮਿਲੇ ਸੁਝਾਵਾਂ ਨੂੰ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੇ ਅਗਲੇ ਫ਼ੈਸਲੇ ਤੱਕ ਵਿਦੇਸ਼ਾਂ ਲਈ ਕੋਈ ਵੀ ਨਵਾਂ ਪਾਵਨ ਸਰੂਪ ਨਹੀਂ ਭੇਜਿਆ ਜਾਵੇਗਾ।

ਸਕੱਤਰ ਨੇ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ 'ਤੇ ਚੱਲ ਰਹੇ ਉਨ੍ਹਾਂ ਦਾਵਿਆਂ ਨੂੰ ਵੀ ਰੱਦ ਕੀਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਵਨ ਸਰੂਪ ਖਸਤਾ ਹਾਲਤ ਵਾਲੀ ਬੱਸ ਜਾਂ ਅਣਉਚਿਤ ਢੰਗ ਨਾਲ ਭੇਜੇ ਗਏ। ਉਨ੍ਹਾਂ ਕਿਹਾ ਕਿ ਇਹ ਦਾਅਵੇ ਤੱਥਾਂ ਤੋਂ ਪਰੇ ਹਨ।

ਉਨ੍ਹਾਂ ਦੇ ਅਨੁਸਾਰ ਪਾਵਨ ਸਰੂਪਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਪਾਲਕੀ-ਰੂਪੀ ਬੱਸ ਵਿੱਚ ਪੂਰੀ ਮਰਯਾਦਾ ਅਤੇ ਸਤਿਕਾਰ ਨਾਲ ਸੁਖਆਸਨ ਰੂਪ ਵਿੱਚ ਲਿਜਾਇਆ ਗਿਆ। ਕੈਨੇਡਾ ਪਹੁੰਚਣ 'ਤੇ ਸਥਾਨਕ ਸੰਗਤ ਨੇ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪੂਰੇ ਅਦਬ ਨਾਲ ਸਰੂਪ ਪ੍ਰਾਪਤ ਕਰਕੇ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕਰਵਾਏ।

ਐਸਜੀਪੀਸੀ ਨੇ ਇਹ ਵੀ ਦੱਸਿਆ ਕਿ ਸਰੂਪ ਭੇਜਣ ਤੋਂ ਪਹਿਲਾਂ ਗੁਰਦੁਆਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਬਾਅਦ ਵਿੱਚ ਵੀ ਪ੍ਰਤੀਨਿਧੀਆਂ ਨੇ ਮੌਕੇ 'ਤੇ ਪਹੁੰਚ ਕੇ ਪ੍ਰਬੰਧਾਂ ਨੂੰ ਤਸੱਲੀਬਖ਼ਸ਼ ਪਾਇਆ।