ਰਾਸ਼ਟਰਮੰਡਲ ਖੇਡਾਂ 2026: 39 ਤਗ਼ਮਿਆਂ ਨਾਲ ਭਾਰਤ ਚੌਥੇ ਸਥਾਨ 'ਤੇ, ਆਸਟਰੇਲੀਆ ਨੇ ਬਰਕਰਾਰ ਰੱਖੀ ਬਾਦਸ਼ਾਹਤ

2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਕੁੱਲ 39 ਤਗ਼ਮੇ ਆਪਣੇ ਨਾਮ ਕੀਤੇ ਅਤੇ ਤਗ਼ਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਸ ਵਾਰ ਖੇਡਾਂ ਦਾ ਪ੍ਰੋਗਰਾਮ ਪਹਿਲਾਂ ਦੇ ਮੁਕਾਬਲੇ ਕਾਫ਼ੀ ਸੀਮਤ ਸੀ ਅਤੇ ਭਾਰਤ ਦੀਆਂ ਕਈ ਰਵਾਇਤੀ ਖੇਡਾਂ ਇਸ ਵਿੱਚ ਸ਼ਾਮਲ ਨਹੀਂ ਸਨ। ਇਸ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਉਮੀਦਾਂ ਅਨੁਸਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤ ਨੇ ਮੁਕਾਬਲਿਆਂ ਦੌਰਾਨ 13 ਸੋਨ, 17 ਚਾਂਦੀ ਅਤੇ 9 ਕਾਂਸੀ ਦੇ ਤਗ਼ਮੇ ਜਿੱਤ ਕੇ ਕੁੱਲ 39 ਤਗ਼ਮਿਆਂ ਨਾਲ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ।
ਤਗ਼ਮਾ ਸੂਚੀ ਵਿੱਚ ਆਸਟਰੇਲੀਆ ਨੇ ਇੱਕ ਵਾਰ ਫਿਰ ਦਬਦਬਾ ਬਣਾਈ ਰੱਖਿਆ। ਆਸਟਰੇਲੀਆ ਨੇ 70 ਸੋਨ ਤਗ਼ਮਿਆਂ ਸਮੇਤ ਕੁੱਲ 171 ਤਗ਼ਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇੰਗਲੈਂਡ 110 ਤਗ਼ਮਿਆਂ ਨਾਲ ਦੂਜੇ ਅਤੇ ਕੈਨੇਡਾ 62 ਤਗ਼ਮਿਆਂ ਨਾਲ ਤੀਜੇ ਸਥਾਨ 'ਤੇ ਰਿਹਾ।
ਮੇਜ਼ਬਾਨ ਸਕਾਟਲੈਂਡ ਨੇ ਵੀ ਕੁੱਲ 39 ਤਗ਼ਮੇ ਜਿੱਤੇ, ਪਰ ਚਾਂਦੀ ਦੇ ਤਗ਼ਮਿਆਂ ਦੀ ਗਿਣਤੀ ਭਾਰਤ ਨਾਲੋਂ ਘੱਟ ਹੋਣ ਕਾਰਨ ਉਸ ਨੂੰ ਪੰਜਵੇਂ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ।
ਸੀਮਤ ਖੇਡਾਂ ਦੇ ਪ੍ਰੋਗਰਾਮ ਦੇ ਬਾਵਜੂਦ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਦੇਸ਼ ਲਈ ਹੌਸਲਾ ਅਫ਼ਜ਼ਾਈ ਵਾਲਾ ਰਿਹਾ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਸਕਾਰਾਤਮਕ ਸੰਕੇਤ ਦੇ ਗਿਆ।