ਹੁਨਰਮੰਦਾਂ ਲਈ ਆਸਟਰੇਲੀਆ ਨੇ ਖੋਲ੍ਹੇ ਦਰਵਾਜ਼ੇ: ਨਵੀਂ ਪਰਵਾਸ ਯੋਜਨਾ ਤਹਿਤ ਮਿਲੇਗਾ 1.85 ਲੱਖ ਦਾ ਕੋਟਾ

ਆਸਟਰੇਲੀਆ ਸਰਕਾਰ ਨੇ ਸਾਲ 2026-27 ਦੇ ਪਰਵਾਸ ਪ੍ਰੋਗਰਾਮ ਲਈ ਆਪਣੀਆਂ ਨਵੀਆਂ ਤਰਜੀਹਾਂ ਸਪੱਸ਼ਟ ਕਰ ਦਿੱਤੀਆਂ ਹਨ। ਸਰਕਾਰ ਦਾ ਮੁੱਖ ਧਿਆਨ ਹੁਣ ਉਨ੍ਹਾਂ ਖੇਤਰਾਂ 'ਤੇ ਹੈ, ਜਿੱਥੇ ਹੁਨਰਮੰਦ ਕਰਮਚਾਰੀਆਂ ਦੀ ਸਭ ਤੋਂ ਵੱਧ ਘਾਟ ਹੈ। ਸਰਕਾਰੀ ਅੰਕੜਿਆਂ ਅਨੁਸਾਰ ਨਵੇਂ ਵਿੱਤੀ ਸਾਲ ਲਈ ਸਥਾਈ ਪਰਵਾਸ ਦਾ ਕੋਟਾ 1,85,000 ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ 1,32,200 ਤੋਂ ਵੱਧ ਥਾਵਾਂ ਹੁਨਰਮੰਦ ਪਰਵਾਸੀਆਂ ਲਈ ਹਨ, ਜਦੋਂ ਕਿ ਬਾਕੀ ਪਰਿਵਾਰਕ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਸਿਹਤ, ਬਜ਼ੁਰਗਾਂ ਦੀ ਦੇਖਭਾਲ, ਨਿਰਮਾਣ, ਸਿੱਖਿਆ, ਇੰਜੀਨੀਅਰਿੰਗ, ਆਈ.ਟੀ. ਅਤੇ ਖੇਤਰੀ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੀਜ਼ਾ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ, "ਆਸਟਰੇਲੀਆ ਦੀ ਪਰਵਾਸ ਪ੍ਰਣਾਲੀ ਦਾ ਉਦੇਸ਼ ਸਿਰਫ਼ ਗਿਣਤੀ ਵਧਾਉਣਾ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਰੁਜ਼ਗਾਰ ਬਾਜ਼ਾਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।" ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਹੈ, ਉੱਥੇ ਹੁਨਰਮੰਦ ਲੋਕਾਂ ਨੂੰ ਪਹਿਲ ਮਿਲਣ ਨਾਲ ਹਸਪਤਾਲਾਂ, ਉਸਾਰੀ ਅਤੇ ਖੇਤਰੀ ਭਾਈਚਾਰਿਆਂ ਨੂੰ ਵੱਡਾ ਲਾਭ ਮਿਲੇਗਾ।