ਨਕਲ ਰੋਕਣ ਲਈ ਮੈਕਸੀਕੋ ਦੀ ਪ੍ਰਮੁੱਖ ਯੂਨੀਵਰਸਿਟੀ ਨੂੰ ਏਆਈ ਦਾ ਸਹਾਰਾ ਲੈਣਾ ਪਿਆ ਮਹਿੰਗਾ, ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਅਟਕਿਆ

ਮੈਕਸੀਕੋ: ਮੈਕਸੀਕੋ ਦੀ ਪ੍ਰਸਿੱਧ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ ਆਫ ਮੈਕਸੀਕੋ (ਯੂਐਨਏਐਮ) ਵਿੱਚ ਦਾਖਲਾ ਪ੍ਰੀਖਿਆ ਦੌਰਾਨ ਕਥਿਤ ਨਕਲ ਦੇ ਵੱਡੇ ਮਾਮਲੇ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਯੂਨੀਵਰਸਿਟੀ ਨੇ ਇਸ ਸਾਲ ਪਹਿਲੀ ਵਾਰ ਦਾਖਲਾ ਪ੍ਰੀਖਿਆ ਆਨਲਾਈਨ ਕਰਵਾਈ ਸੀ ਅਤੇ ਨਕਲ ਰੋਕਣ ਲਈ ਏਆਈ ਆਧਾਰਿਤ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕੀਤੀ ਸੀ। ਲਗਭਗ 1.5 ਲੱਖ ਉਮੀਦਵਾਰਾਂ ਵਿੱਚੋਂ ਕਰੀਬ 3,000 ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ, ਕਿਉਂਕਿ ਅਸਧਾਰਨ ਤੌਰ 'ਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਪੂਰੇ ਅੰਕ ਹਾਸਲ ਕੀਤੇ, ਜਿਸ ਨਾਲ ਨਕਲ ਦੇ ਸ਼ੱਕ ਨੂੰ ਬਲ ਮਿਲਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਉਮੀਦਵਾਰਾਂ ਨੇ ਮੋਬਾਈਲ ਫੋਨ, ਹੋਰ ਵਿਅਕਤੀਆਂ ਦੀ ਮਦਦ ਅਤੇ ਪਹਿਚਾਣ ਬਦਲ ਕੇ ਪ੍ਰੀਖਿਆ ਦੇਣ ਵਰਗੇ ਤਰੀਕੇ ਅਪਣਾਏ। ਇਸ ਮਾਮਲੇ ਕਾਰਨ ਯੂਨੀਵਰਸਿਟੀ ਨੇ ਦਾਖਲਾ ਪ੍ਰਕਿਰਿਆ ਅਸਥਾਈ ਤੌਰ 'ਤੇ ਰੋਕ ਦਿੱਤੀ ਹੈ। ਇਸ ਦਾ ਅਸਰ ਉਨ੍ਹਾਂ ਵਿਦਿਆਰਥੀਆਂ 'ਤੇ ਵੀ ਪਿਆ ਹੈ ਜਿਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਦੀ ਨਕਲ ਦਾ ਦੋਸ਼ ਨਹੀਂ ਹੈ। ਵਿਵਾਦ ਦੇ ਮੱਦੇਨਜ਼ਰ ਮੈਕਸੀਕੋ ਦੇ ਰਾਸ਼ਟਰਪਤੀ ਕਲੌਡੀਆ ਸ਼ੇਨਬਾਉਮ ਨੇ ਵੀ ਮਾਮਲੇ ਦੀ ਪੂਰੀ ਜਾਂਚ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉੱਥੇ ਹੀ, ਪ੍ਰੀਖਿਆ ਕਰਵਾਉਣ ਵਾਲੀ ਕੰਪਨੀ ਨੇ ਆਪਣੇ ਏਆਈ ਨਿਗਰਾਨੀ ਸਿਸਟਮ ਦਾ ਬਚਾਅ ਕਰਦਿਆਂ ਕਿਹਾ ਕਿ ਸਿਰਫ਼ ਤਕਨੀਕ ਨਹੀਂ, ਸਗੋਂ ਅਕਾਦਮਿਕ ਇਮਾਨਦਾਰੀ ਵੀ ਪ੍ਰੀਖਿਆ ਦੀ ਸੁਰੱਖਿਆ ਲਈ ਬਰਾਬਰ ਜ਼ਰੂਰੀ ਹੈ। ਯੂਨੀਵਰਸਿਟੀ ਨੇ ਹੁਣ ਫੈਸਲਾ ਕੀਤਾ ਹੈ ਕਿ ਇਸ ਸਾਲ ਅਤੇ ਪਿਛਲੇ ਪੰਜ ਸਾਲਾਂ ਵਿੱਚ ਪਾਸ ਅੰਕ ਪ੍ਰਾਪਤ ਕਰਨ ਵਾਲੇ ਕਰੀਬ 58,000 ਉਮੀਦਵਾਰਾਂ ਲਈ ਦੁਬਾਰਾ ਆਫਲਾਈਨ ਕੰਟਰੋਲ ਪ੍ਰੀਖਿਆ ਕਰਵਾਈ ਜਾਵੇਗੀ। ਇਸ ਪ੍ਰੀਖਿਆ ਦੀਆਂ ਤਰੀਕਾਂ ਜਲਦ ਜਾਰੀ ਕੀਤੀਆਂ ਜਾਣਗੀਆਂ।