ਅਮਰੀਕਾ ਦੇ ਆਇਡਾਹੋ ਵਿੱਚ ਫਾਸਟ-ਫੂਡ ਰੈਸਟੋਰੈਂਟ 'ਚ ਗੋਲੀਬਾਰੀ, ਹਮਲਾਵਰ ਸਮੇਤ 4 ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਆਇਡਾਹੋ ਸੂਬੇ ਦੇ ਟਵਿਨ ਫਾਲਜ਼ ਸ਼ਹਿਰ ਵਿੱਚ ਸਥਿਤ ਇੱਕ ਫਾਸਟ-ਫੂਡ ਰੈਸਟੋਰੈਂਟ ਵਿੱਚ ਸ਼ਨਿੱਚਰਵਾਰ ਦੁਪਹਿਰ ਹੋਈ ਗੋਲੀਬਾਰੀ ਨੇ ਦਹਿਸ਼ਤ ਫੈਲਾ ਦਿੱਤੀ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋਏ। ਘਟਨਾ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪੁਲਿਸ ਮੁਤਾਬਕ, ਹਮਲਾਵਰ ਦੀ ਪਛਾਣ 24 ਸਾਲਾ ਚੈਡ ਵਿਲੀਅਮਜ਼ ਵਜੋਂ ਹੋਈ ਹੈ। ਇਹ ਵਾਰਦਾਤ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2:30 ਵਜੇ ਵਾਪਰੀ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਲੋਕ ਜਾਨ ਬਚਾਉਣ ਲਈ ਰੈਸਟੋਰੈਂਟ ਅਤੇ ਪਾਰਕਿੰਗ ਖੇਤਰ ਤੋਂ ਭੱਜਦੇ ਨਜ਼ਰ ਆਏ। ਪੁਲਿਸ ਨੇ ਦੱਸਿਆ ਕਿ ਇੱਕ ਡਿਊਟੀ ਤੋਂ ਬਾਹਰ ਪੁਲਿਸ ਅਧਿਕਾਰੀ ਅਤੇ ਇੱਕ ਸਥਾਨਕ ਨਾਗਰਿਕ ਨੇ ਬਹਾਦਰੀ ਦਿਖਾਉਂਦੇ ਹੋਏ ਹਮਲਾਵਰ ਦਾ ਮੁਕਾਬਲਾ ਕੀਤਾ। ਉਨ੍ਹਾਂ ਦੀ ਤੁਰੰਤ ਕਾਰਵਾਈ ਕਾਰਨ ਹਮਲਾਵਰ ਪਿੱਛੇ ਹਟਣ ਲਈ ਮਜਬੂਰ ਹੋਇਆ, ਜਿਸ ਨਾਲ ਹੋਰ ਜਾਨਾਂ ਬਚ ਸਕੀਆਂ। ਹਸਪਤਾਲ ਪ੍ਰਸ਼ਾਸਨ ਅਨੁਸਾਰ, ਜ਼ਖ਼ਮੀਆਂ ਵਿੱਚੋਂ ਦੋ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਦੋ ਦੀ ਹਾਲਤ ਗੰਭੀਰ ਹੈ ਅਤੇ ਤਿੰਨ ਹੋਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰੈਸਟੋਰੈਂਟ ਪ੍ਰਬੰਧਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਵਿੱਚ ਉਨ੍ਹਾਂ ਦੀ ਇੱਕ ਮਹਿਲਾ ਕਰਮਚਾਰੀ ਵੀ ਸ਼ਾਮਲ ਹੈ। ਪੁਲਿਸ ਅਤੇ ਐੱਫਬੀਆਈ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਹਮਲਾਵਰ ਦੇ ਪਰਿਵਾਰਕ ਮੈਂਬਰ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਅਧਿਕਾਰੀ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।