ਮੈਂ ਅਸਤੀਫ਼ਾ ਨਹੀਂ ਦੇਵਾਂਗਾ: ਵੜਿੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਾਫ਼ ਕਰ ਦਿੱਤਾ ਕਿ ਉਹ ਅਹੁਦੇ ਤੋਂ ਨਹੀਂ ਹਟਣਗੇ, ਪਰ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਬਦਲਣ ਦਾ ਫ਼ੈਸਲਾ ਕਰਦੀ ਹੈ, ਤਾਂ ਵੀ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ।
ਇੱਥੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ, "ਪਿਛਲੇ ਚਾਰ ਸਾਲਾਂ ਤੋਂ ਮੈਂ ਪਾਰਟੀ ਲਈ ਪੂਰੇ ਦਿਲ ਨਾਲ ਕੰਮ ਕੀਤਾ ਹੈ। ਕਾਂਗਰਸ ਨੇ ਪੰਜਾਬ ਵਿੱਚ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਹਨ। ਜੇਕਰ ਮੈਨੂੰ ਹਟਾਇਆ ਜਾਂਦਾ ਹੈ, ਤਾਂ ਮੈਂ ਪਾਰਟੀ ਦੀ ਤਾਕਤ ਲਈ ਖ਼ੁਸ਼ੀ ਨਾਲ ਕੰਮ ਕਰਾਂਗਾ।"
ਵੜਿੰਗ ਦੀਆਂ ਇਹ ਟਿੱਪਣੀਆਂ 'ਹਰ ਬੂਥ, ਕਾਂਗਰਸ ਮਜ਼ਬੂਤ' ਪ੍ਰੋਗਰਾਮਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਵਾਰ-ਵਾਰ ਲੱਗ ਰਹੇ ਨਾਅਰਿਆਂ ਵਿਚਕਾਰ ਆਈਆਂ ਹਨ।
ਇਸ ਦੌਰਾਨ, ਪੰਜਾਬ ਕਾਂਗਰਸ ਦੇ ਇੰਚਾਰਜ ਏ ਆਈ ਸੀ ਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਇੱਕਜੁੱਟ ਹੈ। ਬਘੇਲ ਨੇ ਕਿਹਾ, "ਸਾਡੇ ਪਾਰਟੀ ਪ੍ਰੋਗਰਾਮਾਂ ਵਿੱਚ ਸਾਡੇ ਪਾਰਟੀ ਆਗੂਆਂ ਦੇ ਨਾਅਰੇ ਲੱਗ ਰਹੇ ਹਨ, ਜੋ ਕਿ ਇੱਕ ਚੰਗੀ ਗੱਲ ਹੈ।"