ਗਲਾਸਗੋ ਦੇ ਭਾਰਤੀ ਰੈਸਟੋਰੈਂਟ ਨੇ ਗਲਤ ਭਾਰਤ ਦੇ ਨਕਸ਼ੇ ਲਈ ਮੰਗੀ ਮਾਫ਼ੀ

 ਦੋ ਹਫ਼ਤਿਆਂ ਅੰਦਰ ਲੋਗੋ ਅਤੇ ਹੋਰ ਸਮੱਗਰੀ &rsquoਤੇ ਲਗਾਇਆ ਜਾਵੇਗਾ ਸਹੀ ਨਕਸ਼ਾ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਦੇ ਪ੍ਰਸਿੱਧ ਭਾਰਤੀ ਰੈਸਟੋਰੈਂਟ &lsquoਮਿਸਟਰ ਸਿੰਘਜ ਇੰਡੀਆ&rsquo ਨੇ ਆਪਣੇ ਲੋਗੋ, ਨੈਪਕਿਨਾਂ ਅਤੇ ਹੋਰ ਪ੍ਰਚਾਰ ਸਮੱਗਰੀ &rsquoਤੇ ਭਾਰਤ ਦਾ ਗਲਤ ਨਕਸ਼ਾ ਵਰਤਣ ਦੇ ਮਾਮਲੇ ਵਿੱਚ ਜਨਤਕ ਤੌਰ &rsquoਤੇ ਮਾਫ਼ੀ ਮੰਗੀ ਹੈ। ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹਾਈਂ ਨੇ ਰੈਸਟੋਰੈਂਟ ਵਿੱਚ ਲੱਗੇ ਨਕਸ਼ੇ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਨਕਸ਼ੇ ਵਿੱਚ ਭਾਰਤ ਦਾ ਉੱਤਰ-ਪੂਰਬੀ ਖੇਤਰ ਗਾਇਬ ਸੀ ਅਤੇ ਜੰਮੂ-ਕਸ਼ਮੀਰ ਨੂੰ ਵੀ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਗਿਆ। 
    ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਿਸਟਰ ਸਿੰਘਜ਼ ਇੰਡੀਆ ਦੇ ਮਾਲਕ ਸੱਤੀ ਸਿੰਘ ਨੇ ਕਿਹਾ ਕਿ ਇਹ ਗਲਤੀ ਅਣਜਾਣੇ ਵਿੱਚ ਹੋਈ ਹੈ ਅਤੇ ਇਸ ਲਈ ਉਹ ਦਿਲੋਂ ਮਾਫ਼ੀ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨਾਲ ਸੰਪਰਕ ਕਰਕੇ ਭਾਰਤ ਦਾ ਸਹੀ ਅਤੇ ਅਧਿਕਾਰਤ ਨਕਸ਼ਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਸੱਤੀ ਸਿੰਘ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਰੈਸਟੋਰੈਂਟ ਦੇ ਲੋਗੋ, ਨੈਪਕਿਨਾਂ ਅਤੇ ਹੋਰ ਸਾਰੀ ਪ੍ਰਚਾਰ ਸਮੱਗਰੀ &rsquoਤੇ ਮੌਜੂਦ ਗਲਤ ਨਕਸ਼ੇ ਨੂੰ ਹਟਾ ਕੇ ਭਾਰਤ ਦਾ ਸਹੀ ਨਕਸ਼ਾ ਹੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿਸਟਰ ਸਿੰਘਜ਼ ਇੰਡੀਆ ਪਿਛਲੇ 32 ਸਾਲਾਂ ਤੋਂ ਗਲਾਸਗੋ ਵਿੱਚ ਭਾਰਤੀ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
    ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਵੀ ਕਿਹਾ ਕਿ ਰੈਸਟੋਰੈਂਟ ਪ੍ਰਬੰਧਨ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਅਤੇ ਭਾਰਤ ਦਾ ਸਹੀ ਨਕਸ਼ਾ ਲਗਾਉਣ ਦਾ ਭਰੋਸਾ ਦਿੱਤਾ ਹੈ। ਭਾਰਤੀ ਅਧਿਕਾਰੀਆਂ ਨੇ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਰੈਸਟੋਰੈਂਟ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪ੍ਰਬੰਧਨ ਨੇ ਤੁਰੰਤ ਸੁਧਾਰ ਕਰਨ ਦੀ ਗੱਲ ਕਹੀ।